ਤਾਲਾਬੰਦੀ ਦੌਰਾਨ ਕੀਤੀ ਮਦਦ ਪਿੱਛੇ ਨਹੀਂ ਕੋਈ ਸਿਆਸੀ ਮਕਸਦ : ਸੋਨੂੰ ਸੂਦ

Tuesday, Nov 24, 2020 - 10:28 AM (IST)

ਤਾਲਾਬੰਦੀ ਦੌਰਾਨ ਕੀਤੀ ਮਦਦ ਪਿੱਛੇ ਨਹੀਂ ਕੋਈ ਸਿਆਸੀ ਮਕਸਦ : ਸੋਨੂੰ ਸੂਦ

ਚੰਡੀਗੜ੍ਹ (ਸ਼ਰਮਾ) : ਚੋਣ ਕਮਿਸ਼ਨ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਵੋਟਾਂ ਸਬੰਧੀ ਜਾਗਰੂਕ ਕਰਨ ਲਈ ਆਈਕਨ ਬਣਾਏ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਖ਼ੁਦ ਪਹਿਲੀ ਵਾਰ ਵੋਟ ਪਾਉਣ ਵੇਲੇ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਹੋਇਆ ਸੀ, ਹਰ ਨੌਜਵਾਨ ਨੂੰ ਵੋਟ ਦੇ ਹੱਕ ਦੀ ਵਰਤੋਂ ਕਰਨੀ ਚਾਹੀਦੀ ਹੈ। ਇੱਥੇ ਅੱਜ ਪੰਜਾਬ ਭਵਨ ਵਿਚ ਵਰਚੂਅਲ ਪ੍ਰੈੱਸ ਕਾਨਫਰੰਸ ਦੌਰਾਨ ਆਪਣੀ ਗੱਲ ਰੱਖਦਿਆਂ ਸੋਨੂੰ ਸੂਦ ਨੇ ਕਿਹਾ ਕਿ ਜਦੋਂ ਉਨ੍ਹਾਂ ਮੋਗਾ ਵਿਚ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ ਤਾਂ ਜ਼ਿੰਮੇਵਾਰੀ ਦਾ ਅਹਿਸਾਸ ਹੋਇਆ ਸੀ, ਓਹੀ ਅਹਿਸਾਸ ਹੁਣ ਹੋ ਰਿਹਾ ਹੈ, ਜਦੋਂ ਲੋਕਾਂ ਨੂੰ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕਰਨ ਦੀ ਸੇਵਾ ਮਿਲੀ ਹੈ।

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ ਕਰੁਣਾ ਰਾਜੂ ਦੀ ਹਾਜ਼ਰੀ ਵਿਚ ਹੋਈ ਪ੍ਰਰੈੱਸ ਕਾਨਫਰੰਸ ਦੌਰਾਨ ਬਾਲੀਵੁੱਡ ਅਦਾਕਾਰ ਨੇ ਪੰਜਾਬ ਵਾਸੀਆਂ ਨੂੰ ਵੋਟਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਆਪਣੇ ਵੋਟ ਦੇ ਹੱਕ ਦੀ ਵਰਤੋਂ ਸਦਕਾ ਮੁਲਕ ਦੇ ਸਾਰੇ ਮਸਲਿਆਂ ਨੂੰ ਹੱਲ ਕਰਨ ਵਿਚ ਅਸੀਂ ਕਾਮਯਾਬ ਹੋ ਸਕਾਂਗੇ। ਉਨ੍ਹਾਂ ਨੇ ਨੌਜਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੋਟ ਬਣਾਉਣ ਤੇ ਬਿਨਾਂ ਕਿਸੇ ਡਰ ਤੇ ਲਾਲਚ ਤੋਂ ਇਸ ਹੱਕ ਦੀ ਵਰਤੋਂ ਕਰਨ।

ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿਚ ਸੋਨੂੰ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਤੇ ਤਾਲਾਬੰਦੀ ਲੱਗਣ ਦੌਰਾਨ ਲੋਕਾਂ ਨੂੰ ਘਰ ਘਰ ਭੇਜਣ ਲਈ ਕੀਤੀ ਸੇਵਾ ਪਿੱਛੇ ਕੋਈ ਸਿਆਸੀ ਮਕਸਦ ਨਹੀਂ ਸੀ ਸਗੋਂ ਇਸ ਸੇਵਾ ਦਾ ਮਕਸਦ ਮੁਸ਼ਕਲ ਦੀ ਘੜੀ ਵਿਚ ਲੋਕਾਂ ਦੀ ਸੇਵਾ ਕਰਨਾ ਹੀ ਸੀ। ਵਧੀਕ ਮੁੱਖ ਚੋਣ ਅਧਿਕਾਰੀ ਮਾਧਵੀ ਕਟਾਰੀਆ ਨੇ ਸੋਨੂੰ ਸੂਦ ਨੂੰ ਇਸ ਮੁਹਿੰਮ ਨਾਲ ਜੋੜਨ ਪਿੱਛੇ ਦੀ ਪੂਰੀ ਕਹਾਣੀ ਦੱਸੀ ਤੇ ਦੱਸਿਆ ਕਿ ਕਿਵੇਂ ਉਨ੍ਹਾਂ ਬਾਲੀਵੁੱਡ ਅਦਾਕਾਰ ਨਾਲ ਸੰਪਰਕ ਕਰ ਕੇ ਮੁਹਿੰਮ ਨਾਲ ਜੋੜਿਆ ਸੀ।


author

sunita

Content Editor

Related News