ਮਰਹੂਮ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਦੀ ਇਸ ਦਿਨ ਹੋਵੇਗੀ ਅੰਤਿਮ ਅਰਦਾਸ
Tuesday, Oct 21, 2025 - 11:55 AM (IST)

ਐਂਟਰਟੇਨਮੈਂਟ ਡੈਸਕ- ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ 9 ਅਕਤੂਬਰ 2025 ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸਨ। ਬਾਡੀ ਬਿਲਡਰ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਫੇਸਬੁੱਕ ਪੇਜ 'ਤੇ ਇਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ 'ਚ ਉਨ੍ਹਾਂ ਨੇ ਭੋਗ ਅਤੇ ਅੰਤਿਮ ਅਰਦਾਸ ਬਾਰੇ ਲਿਖਿਆ ਗਿਆ ਹੈ। ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਮਾਡਲ ਹਾਊਸ ਜਲੰਧਰ ਵਿਖੇ ਮਿਤੀ 23 ਅਕਤੂਬਰ 2025 ਦਿਨ ਵੀਰਵਾਰ ਦੁਪਹਿਰ ਤੋਂ 1.00 ਤੋਂ 3.00 ਵਜੇ ਤੱਕ ਹੋਵੇਗੀ।
ਇਹ ਵੀ ਪੜ੍ਹੋ- ਮਨੋਰੰਜਨ ਜਗਤ 'ਚ ਫ਼ਿਰ ਪਸਰਿਆ ਮਾਤਮ ! ਮਸ਼ਹੂਰ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ
ਦੱਸ ਦੇਈਏ ਕਿ ਜਲੰਧਰ ਦੇ ਬਸਤੀ ਸ਼ੇਖ ਦੇ ਘਈ ਨਗਰ ਦੇ ਰਹਿਣ ਵਾਲੇ ਘੁੰਮਣ ਦੀ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਸੀ, ਜਿਸ 'ਤੇ ਮ੍ਰਿਤਕ ਦੇ ਸਮਰਥਕਾਂ ਨੇ ਡਾਕਟਰਾਂ ’ਤੇ ਗਲਤ ਢੰਗ ਨਾਲ ਆਪ੍ਰੇਸ਼ਨ ਕਰਨ ਦਾ ਦੋਸ਼ ਲਗਾਉਂਦੇ ਹੋਏ ਹਸਪਤਾਲ ਵਿਚ ਹੰਗਾਮਾ ਕੀਤਾ। ਦਰਅਸਲ ਵਰਿੰਦਰ ਆਪਣੇ ਬਾਈਸੈਪਸ ਦੀ ਇਕ ਛੋਟੀ ਜਿਹੀ ਸਰਜਰੀ ਲਈ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਦਾਖਲ ਸਨ। ਦੱਸਿਆ ਜਾ ਰਿਹਾ ਹੈ ਕਿ ਸਰਜਰੀ ਦੌਰਾਨ ਉਨ੍ਹਾਂ ਨੂੰ 2 ਦਿਲ ਦੇ ਦੌਰੇ ਪਏ ਤੇ ਲੱਗਭਗ 53 ਸਾਲ ਦੀ ਉਮਰ ਵਿਚ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪੈਪਰਾਜ਼ੀ ਦੇ ਸਾਹਮਣੇ ਬੇਬੀ ਬੰਪ ਫਲਾਂਟ ਕਰਦੀ ਦਿਖੀ ਭਾਰਤੀ ਸਿੰਘ
ਜ਼ਿਕਰਯੋਗ ਹੈ ਕਿ ਵਰਿੰਦਰ ਸਿੰਘ ਘੁੰਮਣ ਬਾਲੀਵੁੱਡ ਤੇ ਪੰਜਾਬੀ ਸਿਨੇਮਾ ਦੇ ਇਕ ਜਾਣੇ-ਪਛਾਣੇ ਅਦਾਕਾਰ ਸਨ। ਉਹ ਅਦਾਕਾਰ ਸਲਮਾਨ ਖਾਨ ਨਾਲ ਟਾਈਗਰ-3 ਵਰਗੀਆਂ ਕਈ ਫਿਲਮਾਂ ਵਿਚ ਅਹਿਮ ਭੂਮਿਕਾਵਾਂ ਲਈ ਜਾਣੇ ਜਾਂਦੇ ਸਨ। ਵਰਿੰਦਰ ਨੇ 2009 ਵਿਚ ਮਿਸਟਰ ਇੰਡੀਆ ਦਾ ਖਿਤਾਬ ਜਿੱਤਿਆ ਸੀ ਤੇ ਮਿਸਟਰ ਏਸ਼ੀਆ ’ਚ ਦੂਜੇ ਸਥਾਨ ’ਤੇ ਰਿਹਾ ਸੀ।
ਇਹ ਵੀ ਪੜ੍ਹੋ- 'ਚਲਾ ਗਿਆ ਸਭ ਤੋਂ ਪਿਆਰਾ ਦੋਸਤ...', ਰਾਜਵੀਰ ਜਵੰਦਾ ਦੀ ਯਾਦ 'ਚ ਐਮੀ ਵਿਰਕ ਨੇ ਸਾਂਝੀ ਕੀਤੀ ਭਾਵੁਕ ਪੋਸਟ
ਤੁਹਾਨੂੰ ਦੱਸ ਦੇਈਏ ਕਿ ਬਾਡੀ ਬਿਲਡਰ ਦੇ ਪਰਿਵਾਰ ਵੱਲੋਂ ਇਨਸਾਫ ਲਈ ਪਹਿਲਾਂ ਵੀ ਇਕ ਪੋਸਟ ਸਾਂਝੀ ਕੀਤੀ ਗਈ ਸੀ। ਉਨ੍ਹਾਂ ਨੇ ਲਿਖਿਆ, ਉਹ ਸਿਰਫ਼ ਇਕ ਬਾਡੀ ਬਿਲਡਰ ਨਹੀਂ ਸਨ, ਉਹ ਪੰਜਾਬ ਦਾ ਮਾਣ, ਭਾਰਤ ਦਾ ਆਈਕਨ, ਤੇ ਫਿਟਨੈਸ ਦੀ ਪਛਾਣ ਸਨ। ਜਿਨ੍ਹਾਂ ਨੇ ਆਪਣੀ ਜ਼ਿੰਦਗੀ ਸਿਹਤ, ਮਿਹਨਤ ਤੇ ਇਮਾਨਦਾਰੀ ਨੂੰ ਸਮਰਪਿਤ ਕੀਤੀ। ਉਨ੍ਹਾਂ ਦੀ ਜ਼ਿੰਦਗੀ ਇਸ ਤਰ੍ਹਾਂ ਮੁਕ ਜਾਣੀ… ਕੁਝ ਸਮਝ ਤੋਂ ਬਾਹਰ ਹੈ। ਇਹ ਸਿਰਫ਼ ਇਕ ਮੌਤ ਨਹੀਂ, ਇਹ ਸਵਾਲਾਂ ਦਾ ਸਮੁੰਦਰ ਹੈ— ਇਹ ਡਾਕਟਰੀ ਲਾਪਰਵਾਹੀ ਦਾ ਸਪੱਸ਼ਟ ਮਾਮਲਾ ਹੈ। ਪਰ ਕੀ ਇਸਦੇ ਪਿੱਛੇ ਕੋਈ ਸਾਜ਼ਿਸ਼? ਉਨ੍ਹਾਂ ਦੇ ਸਰੀਰ ਦੇ ਰੰਗ ’ਚ ਬਦਲਾਅ, ਓਪਰੇਸ਼ਨ ਥਿਏਟਰ ਵਾਲੀਆਂ ਵੀਡੀਓਜ਼, ਤੇ ਹੋਰ ਸਬੂਤ — ਇਹ ਸਾਰਾ ਮਾਮਲਾ ਪੂਰੀ ਤਹਿਕੀਕਾਤ ਮੰਗਦਾ ਹੈ। ਅਸੀਂ ਕਿਸੇ ਉੱਤੇ ਇਲਜ਼ਾਮ ਨਹੀਂ ਲੱਗਾ ਰਹੇ ਪਰ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਅੱਜ ਹਰੇਕ ਦਿਲ ਵਿੱਚ ਇੱਕ ਆਵਾਜ਼ ਉੱਠ ਰਹੀ ਹੈ—Justice for Varinder Ghuman। ਸੱਚ ਲੁਕ ਸਕਦਾ ਹੈ, ਮਿਟ ਨਹੀਂ ਸਕਦਾ।