ਵੈੱਬ ਸੀਰੀਜ਼ ''ਤਾਂਡਵ'' ਨੂੰ ਬੈਨ ਕਰਨ ਦੀ ਉੱਠੀ ਮੰਗ, ਭਾਜਪਾ ਸਾਂਸਦ ਨੇ ਜਾਵਡੇਕਰ ਨੂੰ ਲਿਖੀ ਚਿੱਠੀ

01/17/2021 4:40:50 PM

ਨਵੀਂ ਦਿੱਲੀ (ਬਿਊਰੋ) : ਨਿਰਦੇਸ਼ਕ ਅਲੀ ਅੱਬਾਸ ਜ਼ਫਰ ਦੀ ਨਵੀਂ ਵੈੱਬ ਸੀਰੀਜ਼ 'ਤਾਂਡਵ' (Tandav) ਲਗਾਤਾਰ ਵਿਵਾਦਾਂ 'ਚ ਘਿਰ ਰਹੀ ਹੈ। ਇਸ ਵੈੱਬ ਸੀਰੀਜ਼ ਦੇ ਨਿਰਮਾਤਾਵਾਂ 'ਤੇ ਭਗਵਾਨ ਰਾਮ, ਨਾਰਦ ਤੇ ਸ਼ਿਵ ਦਾ ਅਪਮਾਨ ਕਰਨ ਦਾ ਇਲਜ਼ਾਮ ਲਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਸ 'ਤੇ ਲਗਾਤਾਰ ਪਾਬੰਦੀ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਵੈੱਬ ਸੀਰੀਜ਼ ਤੇ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਭਾਜਪਾ ਦੇ ਸੰਸਦ ਮੈਂਬਰ ਮਨੋਜ ਕੋਟਕ ਨੇ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਵੈੱਬ ਸੀਰੀਜ਼ 'ਤਾਂਡਵ' ਵਿਰੁੱਧ ਪੱਤਰ ਲਿਖਿਆ ਹੈ। ਮਹਾਰਾਸ਼ਟਰ ਦੇ ਭਾਜਪਾ ਵਿਧਾਇਕ ਰਾਮ ਕਦਮ ਨੇ ਇਸ ਖ਼ਿਲਾਫ਼ ਮੁੰਬਈ ਦੇ ਘਾਟਕੋਪਰ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ 'ਚ ਲਿਖਿਆ ਹੈ ਕਿ "ਵੈੱਬ ਸੀਰੀਜ਼ ਦੇ ਅਭਿਨੇਤਾ, ਨਿਰਦੇਸ਼ਕ ਤੇ ਨਿਰਮਾਤਾ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।"

ਭਾਜਪਾ ਦੇ ਸੰਸਦ ਮੈਂਬਰ ਮਨੋਜ ਕੋਟਕ ਨੇ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਪੱਤਰ ਲਿਖਿਆ ਹੈ। ਇਸ ਦੇ ਨਾਲ ਹੀ ਉਸ ਨੇ ਇਸ ਮਾਮਲੇ 'ਚ ਜਲਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕੋਟਕ ਅਨੁਸਾਰ, 'ਤਾਂਡਵ' ਵੈੱਬ ਸੀਰੀਜ਼ 'ਚ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕੋਟਕ ਨੇ ਲਿਖਿਆ, "ਓਟੀਟੀ ਪਲੇਟਫਾਰਮ ਸੈਂਸਰਸ਼ਿਪ ਤੋਂ ਪੂਰੀ ਤਰ੍ਹਾਂ ਮੁਕਤ ਹਨ। ਮੈਂ ਵਾਰ-ਵਾਰ ਹਿੰਦੂਆਂ ਦੀਆਂ ਭਾਵਨਾਵਾਂ 'ਤੇ ਹਮਲਾ ਵੇਖ ਰਿਹਾ ਹਾਂ, ਜਿਸ ਦੀ ਮੈਂ ਸਖਤ ਨਿੰਦਾ ਕਰਦਾ ਹਾਂ।" ਪ੍ਰਕਾਸ਼ ਜਾਵਡੇਕਰ ਨੂੰ ਟੈਗ ਕਰਦੇ ਹੋਏ, ਉਸ ਨੇ ਲਿਖਿਆ, ਮੈਂ ਬੇਨਤੀ ਕਰਦਾ ਹਾਂ ਕਿ ਓਟੀਟੀ ਨੂੰ ਭਾਰਤ ਦੀ ਅਖੰਡਤਾ ਦੇ ਹਿੱਤ 'ਚ ਨਿਯਮਤ ਕੀਤਾ ਜਾਵੇ। ਇੰਨਾ ਹੀ ਨਹੀਂ, ਬਹੁਤ ਸਾਰੇ ਭਾਜਪਾ ਨੇਤਾਵਾਂ ਨੇ ਇਸ ਸੀਰੀਜ਼ 'ਤੇ ਪਾਬੰਦੀ ਲਗਾਉਣ ਦੀ ਮੰਗ ਚੁੱਕੀ ਹੈ। ਦਿੱਲੀ ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਇੱਕ ਸੋਸ਼ਲ ਮੀਡੀਆ ਪੋਸਟ 'ਚ ਲਿਖਿਆ, 'ਤਾਂਡਵ' ਹਿੰਦੂਆਂ ਖ਼ਿਲਾਫ਼ ਦਲਿਤ ਅਤੇ ਫਿਰਕੂ ਨਫ਼ਰਤ ਨਾਲ ਭਰਪੂਰ ਹੈ। ਦਿੱਲੀ ਭਾਜਪਾ ਨੇਤਾ ਨਰਿੰਦਰ ਕੁਮਾਰ ਚਾਵਲਾ ਨੇ ਆਪਣੀ ਪੋਸਟ 'ਤੇ ਲਿਖਿਆ, 'ਇਸ ਰੁਝਾਨ ਨੂੰ ਵੇਖ ਕੇ ਮੈਂ ਵੀ 'ਤਾਂਡਵ' 'ਤੇ ਪਾਬੰਦੀ ਦੀ ਮੰਗ ਕਰਦਾ ਹਾਂ।'

ਦੱਸ ਦੇਈਏ ਕਿ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਦੀ ਨਵੀਂ ਵੈੱਬ ਸੀਰੀਜ਼ 'ਤਾਂਡਵ' (15 ਜਨਵਰੀ) ਨੂੰ ਰਿਲੀਜ਼ ਹੋਈ ਸੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ #BanTandavNow ਸੋਸ਼ਲ ਮੀਡੀਆ 'ਤੇ ਦੂਜੇ ਨੰਬਰ' 'ਤੇ ਟ੍ਰੈਂਡ ਕਰ ਰਿਹਾ ਸੀ।


sunita

Content Editor

Related News