ਭਾਜਪਾ ਨੇਤਾ ਨੇ ਰਣਜੀਤ ਬਾਵਾ ’ਤੇ ਲਾਏ ਨਸ਼ਾ ਤਸਕਰ ਨਾਲ ਸਬੰਧਾਂ ਦੇ ਇਲਜ਼ਾਮ, ਜਾਣੋ ਗਾਇਕ ਦਾ ਪੱਖ
Friday, Sep 24, 2021 - 11:54 AM (IST)
ਅੰਮ੍ਰਿਤਸਰ (ਬਿਊਰੋ)– ਭਾਜਪਾ ਨੇਤਾ ਅਸ਼ੋਕ ਸਰੀਨ ਨੇ ਪੰਜਾਬੀ ਗਾਇਕ ਰਣਜੀਤ ਬਾਵਾ ’ਤੇ ਸਮੱਗਲਰ ਗੁਰਦੀਪ ਰਾਣੋ ਨਾਲ ਸਬੰਧ ਹੋਣ ਦੇ ਦੋਸ਼ ਲਾ ਕੇ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੂੰ ਬਿਆਨ ਦੇ ਕੇ ਇਸ ਦੀ ਜਾਂਚ ਕਰਨ ਲਈ ਕਿਹਾ ਹੈ। ਫਿਲਹਾਲ ਪੁਲਸ ਨੇ ਅਸ਼ੋਕ ਸਰੀਨ ਦੇ ਬਿਆਨ ਕਲਮਬੱਧ ਕਰ ਲਏ ਹਨ ਤੇ ਆਉਣ ਵਾਲੇ ਸਮੇਂ ’ਚ ਇਸ ਦੀ ਬਾਰੀਕੀ ਨਾਲ ਜਾਂਚ ਦਾ ਵੀ ਭਰੋਸਾ ਦਿਵਾਇਆ ਹੈ।
ਅਸ਼ੋਕ ਸਰੀਨ ਦਾ ਕਹਿਣਾ ਹੈ ਕਿ ਰਣਜੀਤ ਬਾਵਾ ਬੇਸ਼ੱਕ ਕੈਨੇਡਾ ’ਚ ਰਹਿੰਦਾ ਹੈ ਪਰ ਪੁਲਸ ਵਲੋਂ ਹੈਰੋਇਨ ਦੀ ਖੇਪ ਦੇ ਨਾਲ ਗ੍ਰਿਫ਼ਤਾਰ ਕੀਤੇ ਗੁਰਦੀਪ ਰਾਣੋ ਨਾਲ ਉਸ ਦੇ ਡੂੰਘੇ ਸਬੰਧ ਹਨ। ਰਣਜੀਤ ਬਾਵਾ ਗੁਰਦੀਪ ਦੇ ਫਾਰਮ ਹਾਊਸ ਤੇ ਉਸ ਦੇ ਘਰ ’ਤੇ ਆਪਣੇ ਗਾਣਿਆਂ ਦੀ ਸ਼ੂਟਿੰਗ ਲਈ ਆਇਆ-ਜਾਇਆ ਕਰਦਾ ਸੀ, ਜਦਕਿ ਦੂਜੇ ਪਾਸੇ ਐੱਸ. ਟੀ. ਐੱਫ. ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਤੋਂ ਪਹਿਲਾਂ ਰਣਜੀਤ ਬਾਵਾ ’ਤੇ ਕੋਈ ਵੀ ਦੋਸ਼ ਲਾਉਣਾ ਠੀਕ ਨਹੀਂ ਹੈ। ਗੁਰਦੀਪ ਰਾਣੋ ਦੇ ਫਾਰਮ ਹਾਊਸ ’ਤੇ ਬਹੁਤ ਸਾਰੇ ਗਾਇਕਾਂ ਵਲੋਂ ਸ਼ੂਟਿੰਗ ਕੀਤੀ ਜਾਂਦੀ ਰਹੀ ਹੈ।
ਦੱਸ ਦੇਈਏ ਕਿ ਇਸ ’ਤੇ ਰਣਜੀਤ ਬਾਵਾ ਦੇ ਪੀ. ਏ. ਡਿਪਟੀ ਵੋਹਰਾ ਦਾ ਬਿਆਨ ਸਾਹਮਣੇ ਆਇਆ ਹੈ। ਡਿਪਟੀ ਵੋਹਰਾ ਨੇ ਸਾਡੇ ਨਾਲ ਗੱਲਬਾਤ ਦੌਰਾਨ ਕਿਹਾ, ‘ਰਣਜੀਤ ਬਾਵਾ ਨਾਲ ਗੁਰਦੀਪ ਸਿੰਘ ਰਾਣੋ ਦੀ ਜੋ ਤਸਵੀਰ ਵਾਇਰਲ ਹੋਈ, ਉਹ ‘ਛੋਟੇ-ਛੋਟੇ ਘਰ’ ਗੀਤ ਦੀ ਸ਼ੂਟਿੰਗ ਦੌਰਾਨ ਦੀ ਹੈ। ਹਰ ਗੀਤ ਲਈ ਲੋਕੇਸ਼ਨ ਡਾਇਰੈਕਟਰ ਵਲੋਂ ਫਾਈਨਲ ਕੀਤੀ ਜਾਂਦੀ ਹੈ ਤੇ ਇਸ ਗੀਤ ਦੀ ਲੋਕੇਸ਼ਨ ਵੀ ਗੀਤ ਦੇ ਡਾਇਰੈਕਟਰ ਦਿਲਸ਼ੇਰ (ਟਰੂ ਮੇਕਰਜ਼) ਵਲੋਂ ਫਾਈਨਲ ਕੀਤੀ ਗਈ। ਗੀਤ ਦੀਆਂ ਸ਼ੂਟਿੰਗ ਲੋਕੇਸ਼ਨਾਂ ’ਚੋਂ ਗੁਰਦੀਪ ਰਾਣੋ ਦੇ ਘਰ ਦੀ ਲੋਕੇਸ਼ਨ ਵੀ ਇਕ ਸੀ।’
ਡਿਪਟੀ ਵੋਹਰਾ ਨੇ ਅੱਗੇ ਕਿਹਾ, ‘ਸ਼ੂਟਿੰਗ ਦੌਰਾਨ ਗੁਰਦੀਪ ਰਾਣੋ ਨੇ ਰਣਜੀਤ ਬਾਵਾ ਨਾਲ ਤਸਵੀਰ ਖਿੱਚਵਾਈ। ਇਸ ਤੋਂ ਇਲਾਵਾ ਰਣਜੀਤ ਬਾਵਾ ਦਾ ਗੁਰਦੀਪ ਰਾਣੋ ਨਾਲ ਕੋਈ ਸਬੰਧ ਨਹੀਂ ਹੈ। ਅਜਿਹਾ ਬਹੁਤ ਵਾਰ ਹੁੰਦਾ ਹੈ ਕਿ ਜਿਸ ਲੋਕੇਸ਼ਨ ’ਤੇ ਅਸੀਂ ਸ਼ੂਟਿੰਗ ਕਰਦੇ ਹਾਂ ਤਾਂ ਉਸ ਘਰ ਜਾਂ ਜਗ੍ਹਾ ਦਾ ਮਾਲਕ ਤਸਵੀਰ ਖਿੱਚਵਾ ਲੈਂਦਾ ਹੈ। ਬੀ. ਜੇ. ਪੀ. ਨੇਤਾ ਅਸ਼ੋਕ ਸਰੀਨ ਵਲੋਂ ਇਹ ਮੁੱਦਾ ਇਸ ਲਈ ਚੁੱਕਿਆ ਜਾ ਰਿਹਾ ਹੈ ਕਿਉਂਕਿ ਰਣਜੀਤ ਬਾਵਾ ਕਿਸਾਨੀ ਅੰਦੋਲਨ ਦਾ ਸਮਰਥਨ ਕਰ ਰਹੇ ਹਨ ਤੇ ਵੱਧ-ਚੜ੍ਹ ਕੇ ਸ਼ਮੂਲੀਅਤ ਕਰ ਰਹੇ ਹਨ। ਸ਼ਾਇਦ ਇਹੀ ਗੱਲ ਉਨ੍ਹਾਂ ਕੋਲੋਂ ਬਰਦਾਸ਼ਤ ਨਹੀਂ ਹੋ ਰਹੀ ਤੇ ਉਹ ਸੋਚ ਰਹੇ ਹਨ ਕਿ ਰਣਜੀਤ ਬਾਵਾ ’ਤੇ ਝੂਠੇ ਪਰਚੇ ਪਵਾ ਕੇ ਉਨ੍ਹਾਂ ਨੂੰ ਪਿੱਛੇ ਕਰ ਦਿੱਤਾ ਜਾਵੇਗਾ।’
ਇਹ ਖ਼ਬਰ ਵੀ ਪੜ੍ਹੋ : ‘ਸ਼ਰਾਬ’ ਗੀਤ ਦੇ ਵਿਵਾਦ ’ਤੇ ਕਰਨ ਔਜਲਾ ਨੇ ਮਹਿਲਾ ਕਮਿਸ਼ਨ ਅੱਗੇ ਰੱਖਿਆ ਆਪਣਾ ਪੱਖ, ਜਾਣੋ ਕੀ ਕਿਹਾ
ਡਿਪਟੀ ਵੋਹਰਾ ਦਾ ਇਹ ਵੀ ਕਹਿਣਾ ਹੈ ਕਿ ਉਹ ਐੱਸ. ਟੀ. ਐੱਫ. ਦੀ ਜਾਂਚ ’ਚ ਪੂਰਾ ਸਹਿਯੋਗ ਦੇਣਗੇ ਤੇ ਜੇਕਰ ਰਣਜੀਤ ਬਾਵਾ ’ਤੇ ਕੋਈ ਦੋਸ਼ ਸਾਬਿਤ ਨਹੀਂ ਹੁੰਦਾ ਹੈ ਤਾਂ ਉਹ ਅਸ਼ੋਕ ਸਰੀਨ ’ਤੇ ਕਾਰਵਾਈ ਕਰਨਗੇ ਤੇ ਮਾਨਹਾਨੀ ਦਾ ਕੇਸ ਵੀ ਦਰਜ ਕਰਵਾਉਣਗੇ।
ਉਧਰ ਐੱਸ. ਟੀ. ਐੱਫ. ਦੇ ਡੀ. ਐੱਸ. ਪੀ. ਅਰੁਣ ਸ਼ਰਮਾ ਦਾ ਕਹਿਣਾ ਹੈ ਕਿ ਫਿਲਹਾਲ ਅਸ਼ੋਕ ਸਰੀਨ ਤੋਂ ਲਿਖਤੀ ਸ਼ਿਕਾਇਤ ਲਈ ਗਈ ਹੈ ਤੇ ਉਨ੍ਹਾਂ ਵਲੋਂ ਲਾਏ ਦੋਸ਼ਾਂ ਦੀ ਪੁਸ਼ਟੀ ਲਈ ਸੱਚਾਈ ਵੀ ਮੰਗੀ ਗਈ ਹੈ। ਫਿਲਹਾਲ ਉਨ੍ਹਾਂ ਨੇ ਮੌਖਿਕ ਤੌਰ ’ਤੇ ਕਿਹਾ ਹੈ ਕਿ ਪੰਜਾਬੀ ਗਾਇਕ ਰਣਜੀਤ ਬਾਵਾ ਹੈਰੋਇਨ ਸਮੱਗਲਰ ਰਾਣੋ ਫਾਰਮ ਹਾਊਸ ’ਤੇ ਸ਼ੂਟਿੰਗ ਕਰਨ ਆਇਆ ਕਰਦਾ ਸੀ ਪਰ ਕਿਸੇ ਜਗ੍ਹਾ ਸ਼ੂਟਿੰਗ ਕਰਨਾ ਉਨ੍ਹਾਂ ਦੇ ਡੂੰਘੇ ਸਬੰਧਾਂ ਨੂੰ ਸਾਬਿਤ ਨਹੀਂ ਕਰਦਾ। ਇਸ ਦੇ ਬਾਵਜੂਦ ਪੁਲਸ ਲਾਏ ਦੋਸ਼ਾਂ ਦੀ ਜਾਂਚ ਕਰੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।