ਗੀਤਾਂ ''ਤੇ ਪਾਬੰਦੀ ਅਤੇ ਹਥਿਆਰ ਲਾਇਸੈਂਸਾਂ ਦੀ ਸਮੀਖਿਆ ਤਾਨਾਸ਼ਾਹੀ ਫ਼ੈਸਲਾ : ਬਰਿੰਦਰ ਢਿੱਲੋਂ
Thursday, Nov 17, 2022 - 07:19 PM (IST)

ਜਲੰਧਰ (ਚੋਪੜਾ) – ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਅਤੇ ਸੂਬਾ ਇੰਚਾਰਜ ਅਜੇ ਚਿਕਾਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਗਾਣਿਆਂ ’ਤੇ ਪਾਬੰਦੀ ਲਗਾਉਣ ਅਤੇ ਜਾਰੀ ਕੀਤੇ ਹਥਿਆਰਾਂ ਦੇ ਲਾਇਸੈਂਸਾਂ ਦੀ ਸਮੀਖਿਆ ਦੇ ਹੁਕਮਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਇਸ ਨੂੰ ਗੈਰ-ਸਿਧਾਂਤਕ ਅਤੇ ਤਾਨਾਸ਼ਾਹੀ ਫੈਸਲਾ ਕਰਾਰ ਦਿੱਤਾ ਹੈ।
ਬਰਿੰਦਰ ਢਿੱਲੋਂ ਨੇ ਸਥਾਨਕ ਕਾਂਗਰਸ ਭਵਨ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਅੱਜ ਹਰੇਕ ਬਿਜ਼ਨੈੱਸਮੈਨ ਨੂੰ ਧਮਕੀਆਂ ਭਰੇ ਮੈਸੇਜ ਮਿਲ ਰਹੇ ਹਨ, ਸ਼ਰੇਆਮ ਫਿਰੌਤੀ, ਲੁੱਟ-ਖੋਹ ਅਤੇ ਕਤਲੇਆਮ ਦੀਆਂ ਘਟਨਾਵਾਂ ਹੋ ਰਹੀਆਂ ਹਨ ਪਰ ਉਲਟਾ ਆਮ ਜਨਤਾ ਤੋਂ ਸੈਲਫ ਡਿਫੈਂਸ ਲਈ ਰੱਖੇ ਹਥਿਆਰਾਂ ਦੇ ਲਾਇਸੈਂਸਾਂ ਦੀ ਸਮੀਖਿਆ ਕਰਨ ਦੇ ਫੈਸਲੇ ਦੇ ਪਿੱਛੇ ਸਰਕਾਰ ਸਿੱਧੂ ਮੂਸੇਵਾਲਾ ਵਾਂਗ ਸੂਬੇ ਦੀ ਜਨਤਾ ਨੂੰ ਨਿਹੱਥਾ ਕਰਨਾ ਚਾਹੁੰਦੀ ਹੈ ਤਾਂ ਜੋ ਗੈਂਗਸਟਰ ਆਸਾਨੀ ਨਾਲ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਸਕਣ।
ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਗਾਣਿਆਂ ਨੂੰ ਲੈ ਕੇ ਜਾਰੀ ਹੁਕਮ ਧਾਰਾ 19 (2) ਤਹਿਤ ਡਾ. ਬੀ. ਆਰ. ਅੰਬੇਡਕਰ ਵੱਲੋਂ ਨਿਰਧਾਰਿਤ ਸੰਵਿਧਾਨਿਕ ਸਿਧਾਂਤਾਂ ਦੇ ਖਿਲਾਫ ਹਨ, ਜਿਸ ਦੇ ਵਿਰੋਧ ਵਿਚ ਸੂਬੇ ਭਰ ਵਿਚ ਯੂਥ ਕਾਂਗਰਸ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ. ਦਫਤਰਾਂ ਦੇ ਸਾਹਮਣੇ ਗਾਣੇ ਵਜਾਏਗੀ ਅਤੇ ਹੁਕਮਾਂ ਦੀ ਜੰਮ ਕੇ ਉਲੰਘਣਾ ਕਰੇਗੀ। ਯੂਥ ਕਾਂਗਰਸ ਗੰਨ ਕਲਚਰ ਅਤੇ ਹਿੰਸਾ ਨੂੰ ਬੜ੍ਹਾਵਾ ਦੇਣ ਦੇ ਖ਼ਿਲਾਫ਼ ਹੈ ਪਰ ਪਾਬੰਦੀ ਲਾਉਣੀ ਕੋਈ ਹੱਲ ਨਹੀਂ ਹੈ।
ਢਿੱਲੋਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਵੀ ਯੂਥ ਨੂੰ ਗੰਨ ਕਲਚਰ ਪ੍ਰਤੀ ਉਤਸ਼ਾਹਿਤ ਕਰਨ ਵਾਲੇ ਗਾਣਿਆਂ ਦੀ ਰੋਕ ਦਾ ਕੋਈ ਠੋਸ ਹੱਲ ਨਹੀਂ ਕੀਤਾ, ਇਸੇ ਕਾਰਨ ਅੱਜ ਅਸੀਂ ਲੋਕ ਸੱਤਾ ਤੋਂ ਬਾਹਰ ਬੈਠੇ ਹਾਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਕਈ ਗਾਇਕਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ ਪਰ ਉਹ ਖੁੱਲ੍ਹ ਕੇ ਕੁਝ ਬੋਲਣਾ ਨਹੀਂ ਚਾਹੁੰਦੇ ਤਾਂ ਜੋ ਕਿਤੇ ਸਰਕਾਰ ਉਨ੍ਹਾਂ ਦੀ ਸੁਰੱਖਿਆ ਵਾਪਸ ਨਾ ਲੈ ਲਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਮਨਮਾਨੇ ਹੁਕਮਾਂ ’ਤੇ ਰੋਕ ਲਗਾਉਣ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ। ਇਸ ਮੌਕੇ ਪੰਜਾਬ ਕਾਂਗਰਸ ਦੇ ਮੁਖੀ ਅਜੇ ਚਿਕਾਰਾ, ਜ਼ਿਲਾ ਸ਼ਹਿਰੀ ਦੇ ਪ੍ਰਧਾਨ ਦੀਪਕ ਖੋਸਲਾ, ਹਰਨੀਤ ਲਾਲੀ, ਹਰੀਸ਼ ਢੱਲ, ਜਤਿੰਦਰ ਜੌਨੀ, ਜਗਦੀਪ ਰਾਏ, ਸੰਨੀ ਕੁਮਾਰ, ਜੈ ਅਭਿਸ਼ੇਕ, ਐਡਵੋਕੇਟ ਰੋਹਿਤ ਗੰਭੀਰ, ਗੌਰਵ ਸ਼ਰਮਾ ਨੋਨੀ, ਸ਼ੁਭਮ ਮਲਹੋਤਰਾ ਅਤੇ ਹੋਰ ਵੀ ਮੌਜੂਦ ਸਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।