ਅਦਾਕਾਰੀ ਲਈ ਇਰਫਾਨ ਖ਼ਾਨ ਦੇ ਬੇਟੇ ਬਾਬਿਲ ਨੇ ਛੱਡੀ ਪੜ੍ਹਾਈ, ਸਾਂਝੀ ਕੀਤੀ ਭਾਵੁਕ ਪੋਸਟ
Monday, Jun 28, 2021 - 06:29 PM (IST)
ਮੁੰਬਈ (ਬਿਊਰੋ)– ਸਵਰਗੀ ਅਦਾਕਾਰ ਇਰਫਾਨ ਖ਼ਾਨ ਦੇ ਬੇਟੇ ਬਾਬਿਲ ਖ਼ਾਨ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਅਕਸਰ ਆਪਣੇ ਪਿਤਾ ਇਰਫਾਨ ਤੇ ਖ਼ੁਦ ਨਾਲ ਜੁੜੀਆਂ ਗੱਲਾਂ ਨੂੰ ਲੋਕਾਂ ਨਾਲ ਸਾਂਝੀਆਂ ਕਰਦੇ ਹਨ। ਬਾਬਿਲ ਨੇ ਹਾਲ ਹੀ ’ਚ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਬਾਬਿਲ ਨੇ ਪੜ੍ਹਾਈ ਛੱਡ ਕੇ ਅਦਾਕਾਰੀ ਵੱਲ ਰੁਖ਼ ਕਰ ਲਿਆ ਹੈ।
ਇਸ ਪੋਸਟ ਨਾਲ ਬਾਬਿਲ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਉਹ ਸ਼ੂਟ ਕਰਦੇ ਦਿਖਾਈ ਦੇ ਰਹੇ ਹਨ। ਇਸ ਪੋਸਟ ’ਚ ਬਾਬਿਲ ਨੇ ਆਪਣੇ ਦੋਸਤਾਂ ਲਈ ਇਕ ਭਾਵੁਕ ਸੁਨੇਹਾ ਲਿਖਿਆ ਹੈ।
ਉਸ ਨੇ ਲਿਖਿਆ, ‘ਮੈਂ ਤੁਹਾਨੂੰ ਬਹੁਤ ਯਾਦ ਕਰਾਂਗਾ ਮੇਰੇ ਪਿਆਰੇ ਦੋਸਤੋ। ਮੁੰਬਈ ’ਚ ਮੇਰਾ ਇਕ ਬਹੁਤ ਛੋਟਾ ਜਿਹੀ ਸਰਕਲ ਹੈ, ਜਿਸ ’ਚ ਮੁਸ਼ਕਿਲ ਨਾਲ 2-3 ਦੋਸਤ ਹਨ। ਤੁਸੀਂ ਮੈਨੂੰ ਇਕ ਅਜਨਬੀ ਸ਼ਹਿਰ ’ਚ ਘਰ ਦਿੱਤਾ ਤੇ ਮੈਨੂੰ ਇਥੋਂ ਦੇ ਹੋਣ ਦਾ ਅਹਿਸਾਸ ਦਿਵਾਇਆ। ਧੰਨਵਾਦ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਅੱਜ ਸਭ ਛੱਡ ਰਿਹਾ ਹਾਂ ਤਾਂ ਕਿ ਹੁਣ ਮੈਂ ਆਪਣਾ ਸਭ ਕੁਝ ਅਦਾਕਾਰੀ ’ਚ ਦੇ ਸਕਾਂ। ਅਲਵਿਦਾ, ਯੂਨੀਵਰਸਿਟੀ ਆਫ ਵੈਸਟਿਮੰਸਟਰ। ਮੇਰੇ ਸੱਚੇ ਦੋਸਤੋ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ।’
ਦੱਸ ਦੇਈਏ ਕਿ ਬਾਬਿਲ ਨੈੱਟਫਲਿਕਸ ਦੀ ਵੈੱਬ ਸੀਰੀਜ਼ ‘ਕਾਲਾ’ ਨਾਲ ਡੈਬਿਊ ਕਰਨ ਜਾ ਰਹੇ ਹਨ। ਇਸ ਸੀਰੀਜ਼ ’ਚ ਤ੍ਰਿਪਤੀ ਡਿਮਰੀ ਉਸ ਦੇ ਆਪੋਜ਼ਿਟ ਦਿਖਾਈ ਦੇਵੇਗੀ। ਇਸ ਸੀਰੀਜ਼ ਨੂੰ ਅਨਵਿਤਾ ਦੱਤ ਡਾਇਰੈਕਟ ਕਰੇਗੀ। ਉਥੇ ਫ਼ਿਲਮ ਡਾਇਰੈਕਟਰ ਸ਼ੂਜੀਤ ਸਰਕਾਰ ਨਾਲ ਵੀ ਉਹ ਇਕ ਪ੍ਰਾਜੈਕਟ ਕਰਨ ਜਾ ਰਹੇ ਹਨ। ਸ਼ੂਜੀਤ ਨੇ ਉਸ ਦੇ ਪਿਤਾ ਨਾਲ ਫ਼ਿਲਮ ‘ਪੀਕੂ’ ਵੀ ਡਾਇਰੈਕਟ ਕੀਤੀ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
