ਸਿਨੇਮਾਘਰਾਂ ''ਚ ਮੁੜ ਰਿਲੀਜ਼ ਹੋਵੇਗੀ ‘ਤਨਵੀ ਦਿ ਗ੍ਰੇਟ’; ਅਨੁਪਮ ਖੇਰ ਬੋਲੇ- ਦੂਜੇ ਮੌਕੇ ਬਹੁਤ ਮਹੱਤਵਪੂਰਨ ਹੁੰਦੇ ਹਨ
Thursday, Sep 25, 2025 - 05:30 PM (IST)

ਮੁੰਬਈ (ਏਜੰਸੀ)- ਅਦਾਕਾਰ ਅਤੇ ਫਿਲਮ ਨਿਰਦੇਸ਼ਕ ਅਨੁਪਮ ਖੇਰ ਨੇ ਦੱਸਿਆ ਹੈ ਕਿ ਉਹ ਉਹਨਾਂ ਲੋਕਾਂ ਵਿੱਚੋਂ ਹਨ ਜੋ ਦੂਜੇ ਮੌਕੇ ‘ਤੇ ਪੂਰਾ ਵਿਸ਼ਵਾਸ ਰੱਖਦੇ ਹਨ। ਇਸੇ ਕਾਰਨ, ਉਹ ਆਪਣੀ ਫਿਲਮ ‘ਤਨਵੀ ਦਿ ਗ੍ਰੇਟ’ ਨੂੰ ਫਿਰ ਤੋਂ ਦਰਸ਼ਕਾਂ ਦੇ ਸਾਹਮਣੇ ਲਿਆ ਰਹੇ ਹਨ। ਇਹ ਫਿਲਮ 26 ਸਤੰਬਰ ਤੋਂ ਮੁੜ ਸਿਨੇਮਾਘਰਾਂ ਵਿੱਚ ਰੀਲਿਜ਼ ਕੀਤੀ ਜਾਵੇਗੀ।
ਫਿਲਮ ਵਿੱਚ ਅਦਾਕਾਰਾ ਸ਼ੁਭਾਂਗੀ ਦੱਤ ਮੁੱਖ ਭੂਮਿਕਾ ਵਿੱਚ ਹੈ। ਅਨੁਪਮ ਖੇਰ ਨੇ ਇਸ ਫਿਲਮ ਨਾਲ ਨਿਰਦੇਸ਼ਕ ਦੇ ਤੌਰ ‘ਤੇ ਆਪਣੀ ਵਾਪਸੀ ਕੀਤੀ ਹੈ। ਪਹਿਲਾਂ ਉਹ 2002 ਵਿੱਚ ਆਈ ਫਿਲਮ ‘ਓਮ ਜੈ ਜਗਦੀਸ਼’ ਦਾ ਨਿਰਦੇਸ਼ਨ ਕਰ ਚੁੱਕੇ ਹਨ। ਇਹ ਕਹਾਣੀ ਇੱਕ ਨੌਜਵਾਨ ਆਟੀਸਟਿਕ ਮਹਿਲਾ ਦੀ ਹੈ, ਜੋ ਆਪਣੇ ਮਰਹੂਮ ਪਿਤਾ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ ਅਤੇ ਇਹ ਸੁਪਨਾ ਹੈ ਦੁਨੀਆ ਦੇ ਸਭ ਤੋਂ ਉੱਚੇ ਯੁੱਧ ਖੇਤਰ ਸਿਆਚਿਨ ਵਿੱਚ ਤਿਰੰਗਾ ਫਹਰਾਉਣਾ।
ਅਨੁਪਮ ਖੇਰ ਨੇ ਇਕ ਇੰਟਰਵਿਊ ਵਿਚ ਕਿਹਾ, “ਮੈਨੂੰ ਲੱਗਦਾ ਹੈ ਕਿ ਜੀਵਨ ਵਿੱਚ ਦੂਜੇ ਮੌਕੇ ਬਹੁਤ ਮਹੱਤਵਪੂਰਨ ਹੁੰਦੇ ਹਨ। ਪਹਿਲੇ ਮੌਕੇ ਤੋਂ ਅਸੀਂ ਨਿਰਾਸ਼ ਹੋ ਜਾਂਦੇ ਹਾਂ, ਪਰ ਜੀਵਨ ਵਿੱਚ ਹਮੇਸ਼ਾ ਆਸ਼ਾਵਾਦੀ ਰਹਿਣਾ ਚਾਹੀਦਾ ਹੈ।” ਫਿਲਮ ਪਹਿਲੀ ਵਾਰੀ ਜੁਲਾਈ ਵਿੱਚ ਰੀਲਿਜ਼ ਹੋਈ ਸੀ। ਹੁਣ ਇਸ ਨੂੰ 17 ਤੋਂ 20 ਸ਼ਹਿਰਾਂ ਵਿੱਚ ਮੁੜ ਰੀਲਿਜ਼ ਕੀਤਾ ਜਾਵੇਗਾ।
ਖੇਰ ਨੇ ਇਹ ਵੀ ਕਿਹਾ, “ਇੱਕ ਸਮੇਂ ਵਿੱਚ ਸਿਰਫ਼ ਇੱਕ ਸ਼ੋਅ। ਫਿਰ ਦੇਖਾਂਗੇ ਕਿ ਇਹ ਕਿਵੇਂ ਪ੍ਰਦਰਸ਼ਨ ਕਰਦੀ ਹੈ। ਖ਼ਤਰਾ ਸਿਰਫ਼ ਇੱਕ ਹਫ਼ਤੇ ਦਾ ਹੈ, ਪਰ ਇਨਾਮ 10 ਹਫ਼ਤੇ ਤੱਕ ਮਿਲ ਸਕਦਾ ਹੈ।” ਜਦੋਂ ਪੁੱਛਿਆ ਗਿਆ ਕਿ ਬਾਕਸ ਆਫ਼ਿਸ਼ ‘ਤੇ ਫਿਲਮ ਦੇ ਪ੍ਰਦਰਸ਼ਨ ਨੇ ਉਹਨਾਂ ਨੂੰ ਕਿਵੇਂ ਪ੍ਰਭਾਵਿਤ ਕੀਤਾ, ਤਾਂ ਉਨ੍ਹਾਂ ਨੇ ਕਿਹਾ, “ਮੈਂ ਪਰੇਸ਼ਾਨ ਸੀ, ਦੁਖੀ ਸੀ ਅਤੇ ਰੋਇਆ ਵੀ। ਜੇ ਤੁਸੀਂ ਕਿਸੇ ਚੀਜ਼ ਲਈ ਸਖ਼ਤ ਮਿਹਨਤ ਕਰਦੇ ਹੋ ਅਤੇ ਨਤੀਜੇ ਮਨਮੁਤਾਬਕ ਨਹੀਂ ਆਉਂਦੇ, ਤਾਂ ਦੁਖ ਹੁੰਦਾ ਹੈ। ਪਰ ਮੈਂ ਕਦੇ ਹਾਰ ਨਹੀਂ ਮੰਨਦਾ।”
ਫਿਲਮ ਨੇ ਬਾਕਸ ਆਫ਼ਿਸ ‘ਤੇ ਮੁਕਾਬਲਾ ਕੀਤਾ ਸੀ ਮੋਹਿਤ ਸੂਰੀ ਦੀ ‘ਸੈਯਾਰਾ’ ਨਾਲ, ਜੋ ਬਹੁਤ ਹਿੱਟ ਰਹੀ ਅਤੇ 560 ਕਰੋੜ ਰੁਪਏ ਤੋਂ ਵੱਧ ਕਮਾਈ ਕੀਤੀ। ਅਨੁਪਮ ਖੇਰ ਨੇ ਦੱਸਿਆ ਕਿ ਫਿਲਮ ਨੂੰ ਦੁਬਾਰਾ ਰੀਲਿਜ਼ ਕਰਨ ਦਾ ਫੈਸਲਾ ਇਸ ਲਈ ਲਿਆ ਕਿਉਂਕਿ ਇਸ ਨੂੰ ਦੁਨੀਆ ਭਰ ਦੇ ਦਰਸ਼ਕਾਂ ਨੇ ਸਰਾਹਿਆ, ਜਿਸ ਵਿੱਚ ਉਹਨਾਂ ਦੇ ਦੋਸਤ ਅਤੇ ‘ਸਿਲਵਰ ਲਾਈਨਿੰਗਸ ਪਲੇਬੁੱਕ’ ਦੇ ਸਹਿ-ਅਦਾਕਾਰ ਰਾਬਰਟ ਡੀ ਨੀਰੋ ਵੀ ਸ਼ਾਮਲ ਹਨ। ਅਦਾਕਾਰਾ ਸ਼ੁਭਾਂਗੀ ਨੇ ਕਿਹਾ ਕਿ ਉਹ "ਤਨਵੀ" ਵਿੱਚ ਦਰਸ਼ਕਾਂ ਨੂੰ ਆਪਣੀ ਅਦਾਕਾਰੀ ਦਿਖਾਉਣ ਦਾ ਇੱਕ ਹੋਰ ਮੌਕਾ ਮਿਲਣ 'ਤੇ ਖੁਸ਼ ਹੈ।