ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪਤੀ ਨਾਲ ਨਤਮਸਤਕ ਹੋਏ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ
Sunday, Jun 23, 2024 - 09:49 AM (IST)
ਤਲਵੰਡੀ ਸਾਬੋ-ਪਿਛਲੇ ਦਿਨੀਂ ਵਿਆਹ ਬੰਧਨ 'ਚ ਬੱਝੇ ਪੰਜਾਬ ਦੇ ਸੈਰ-ਸਪਾਟਾ ਮਹਿਕਮੇ ਦੀ ਕੈਬਨਿਟ ਮੰਤਰੀ ਬੀਬਾ ਅਨਮੋਲ ਗਗਨ ਮਾਨ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਨ ਲਈ ਅੱਜ ਆਪਣੇ ਪਤੀ ਐਡਵੋਕੇਟ ਸ਼ਾਹਬਾਜ਼ ਸਿੰਘ ਸੋਹੀ, ਸੱਸ ਸ਼੍ਰੀਮਤੀ ਸੀਲਮ ਸੋਹੀ ਅਤੇ ਸਹੁਰਾ ਪਰਿਵਾਰ ਦੇ ਕਈ ਹੋਰਨਾਂ ਮੈਂਬਰਾਂ ਸਮੇਤ ਸਿੱਖ ਕੌਮ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ।ਆਪਣੇ ਸਿਰਫ ਪਰਿਵਾਰਕ ਮੈਂਬਰਾਂ ਨਾਲ ਤਖਤ ਸਾਹਿਬ ਪੁੱਜਣ 'ਤੇ ਕੈਬਨਿਟ ਮੰਤਰੀ ਗਗਨਦੀਪ ਕੌਰ ਉਰਫ ਅਨਮੋਲ ਗਗਨ ਮਾਨ ਦਾ ਸਬ-ਡਵੀਜ਼ਨ ਦੇ ਸਿਵਲ ਅਤੇ ਪੁਲਸ ਅਧਿਕਾਰੀਆਂ 'ਚੋਂ ਐੱਸ. ਡੀ. ਐੱਮ. ਤਲਵੰਡੀ ਸਾਬੋ ਹਰਵਿੰਦਰ ਸਿੰਘ ਜੱਸਲ ਅਤੇ ਡੀ. ਐੱਸ. ਪੀ. ਰਾਜੇਸ਼ ਸਨੇਹੀ ਨੇ ਰਸਮੀ ਸਵਾਗਤ ਕੀਤਾ।
ਤਖਤ ਸਾਹਿਬ ਮੱਥਾ ਟੇਕਣ ਉਪਰੰਤ ਬੀਬਾ ਮਾਨ ਅਤੇ ਪਰਿਵਾਰਕ ਮੈਂਬਰਾਂ ਨੇ ਕੀਰਤਨ ਸਰਵਣ ਕੀਤਾ, ਜਦੋਂਕਿ ਤਖਤ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਮੈਨੇਜਰ ਭਾਈ ਰਣਜੀਤ ਸਿੰਘ ਨੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਗਗਨ ਅਨਮੋਲ ਮਾਨ ਅਤੇ ਉਨ੍ਹਾਂ ਦੇ ਪਤੀ ਨੂੰ ਸਿਰੋਪਾਓ ਦੀ ਬਖਸ਼ਿਸ਼ ਕਰਦਿਆਂ ਤਖਤ ਸਾਹਿਬ ਦੀ ਤਸਵੀਰ ਭੇਟ ਕਰ ਕੇ ਸਨਮਾਨਿਤ ਕੀਤਾ। ਪ੍ਰਬੰਧਕਾਂ ਵੱਲੋਂ ਬੀਬਾ ਮਾਨ ਅਤੇ ਸਮੁੱਚੇ ਪਰਿਵਾਰ ਨੂੰ ਤਖਤ ਸਾਹਿਬ ਦੇ ਇਤਿਹਾਸ ਤੋਂ ਵੀ ਜਾਣੂ ਕਰਵਾਇਆ ਗਿਆ। ਕੈਬਨਿਟ ਮੰਤਰੀ ਨੇ ਇਸ ਮੌਕੇ ਭੋਰਾ ਸਾਹਿਬ ਦੇ ਵੀ ਦਰਸ਼ਨ ਕੀਤੇ।
ਤਖਤ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਬੀਬਾ ਮਾਨ ਨੇ ਇਸ ਨੂੰ ਪਰਿਵਾਰ ਦਾ ਸ਼ੁਕਰਾਨਾ ਦੌਰਾ ਦੱਸਦਿਆਂ ਕਿਸੇ ਕਿਸਮ ਦੀ ਵੀ ਗੱਲਬਾਤ ਤੋਂ ਇਨਕਾਰ ਕਰ ਦਿੱਤਾ ਪਰ ਇਸ ਮੌਕੇ ਤਖਤ ਸਾਹਿਬ ਦੇ ਮੈਨੇਜਰ ਭਾਈ ਰਣਜੀਤ ਸਿੰਘ ਨੇ ਉਨ੍ਹਾਂ ਦੇ ਮਹਿਕਮੇ ਦੇ ਅਧਿਕਾਰ ਖੇਤਰ ਹੇਠ ਆਉਂਦੇ ਕੁਝ ਕਰਨਯੋਗ ਕੰਮਾਂ ਵੱਲ ਉਨ੍ਹਾਂ ਦਾ ਧਿਆਨ ਦਿਵਾਇਆ, ਜਿਸ ਬਾਰੇ ਉਨ੍ਹਾਂ ਨੇ ਹਾਂਪੱਖੀ ਹੁੰਗਾਰਾ ਭਰਦਿਆਂ ਕਿਹਾ ਕਿ ਉਹ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ ਵਿਚਾਰ ਕਰਨਗੇ।
ਇਸ ਮੌਕੇ ਤਖਤ ਸਾਹਿਬ ਦੇ ਮੀਤ ਮੈਨੇਜਰ ਗੁਰਦੇਵ ਸਿੰਘ ਸੰਧੂ ਤੋਂ ਇਲਾਵਾ ਨਾਇਬ ਤਹਿਸੀਲਦਾਰ ਅਤੇ ਥਾਣਾ ਤਲਵੰਡੀ ਸਾਬੋ ਮੁਖੀ ਪਰਬਤ ਸਿੰਘ ਵੀ ਮੌਜੂਦ ਰਹੇ।ਮੱਥਾ ਟੇਕਣ ਉਪਰੰਤ ਸਹੁਰੇ ਪਰਿਵਾਰ ਦੇ ਮੈਂਬਰਾਂ ਨਾਲ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅਤੇ ਤਖਤ ਸਾਹਿਬ ਦੇ ਪ੍ਰਬੰਧਕ ਸਨਮਾਨ ਕਰਦੇ ਹੋਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।