ਅਸਲ ਜ਼ਿੰਦਗੀ ’ਚ ਕਿਸੇ ਹੀਰੋ ਤੋਂ ਘੱਟ ਨਹੀਂ ਸਨ ਬਾਲੀਵੁੱਡ ਦੇ ਖ਼ਲਨਾਇਕ ਅਮਰੀਸ਼ ਪੁਰੀ

Thursday, Jun 23, 2022 - 11:56 AM (IST)

ਅਸਲ ਜ਼ਿੰਦਗੀ ’ਚ ਕਿਸੇ ਹੀਰੋ ਤੋਂ ਘੱਟ ਨਹੀਂ ਸਨ ਬਾਲੀਵੁੱਡ ਦੇ ਖ਼ਲਨਾਇਕ ਅਮਰੀਸ਼ ਪੁਰੀ

ਮੁੰਬਈ (ਬਿਊਰੋ)– ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਰੀਸ਼ ਪੁਰੀ ਭਾਵੇਂ ਅੱਜ ਸਾਡੇ ਵਿਚਾਲੇ ਨਹੀਂ ਹਨ ਪਰ ਆਪਣੀਆਂ ਫ਼ਿਲਮਾਂ ਰਾਹੀਂ ਉਹ ਅੱਜ ਵੀ ਕਈ ਕਿਰਦਾਰਾਂ ’ਚ ਜ਼ਿੰਦਾ ਹਨ। 22 ਜੂਨ, 1932 ਨੂੰ ਅਮਰੀਸ਼ ਪੁਰੀ ਦਾ ਜਨਮ ਹੋਇਆ ਸੀ ਤੇ ਪ੍ਰਸ਼ੰਸਕ ਦੇਸ਼ ਦੇ ਆਪਣੇ ਮਾਈਕ੍ਰੋ ਬਲਾਗਿੰਗ ਪਲੇਟਫਾਰਮ ਕੂ ਐਪ ’ਤੇ ਕਈ ਪੋਸਟਾਂ ਸਾਂਝੀਆਂ ਕਰਕੇ ਉਨ੍ਹਾਂ ਦੇ ਮਸ਼ਹੂਰ ਫ਼ਿਲਮੀ ਕਿਰਦਾਰਾਂ ਤੇ ਸੰਵਾਦਾਂ ਰਾਹੀਂ ਉਨ੍ਹਾਂ ਨੂੰ ਯਾਦ ਕਰ ਰਹੇ ਹਨ।

ਹਿੰਦੀ ਫ਼ਿਲਮਾਂ ਦੇ 100 ਸਾਲ ਤੋਂ ਵੱਧ ਦੇ ਸਫ਼ਰ ਨੂੰ ਦੇਖਿਆ ਜਾਵੇ ਤਾਂ ਹਿੰਦੀ ਫ਼ਿਲਮਾਂ ’ਚ ਅਮਰੀਸ਼ ਪੁਰੀ ਤੋਂ ਬਿਹਤਰ ਖ਼ਲਨਾਇਕ ਸ਼ਾਇਦ ਹੀ ਕੋਈ ਹੋਇਆ ਹੋਵੇਗਾ। ਅਮਰੀਸ਼ ਪੁਰੀ 70, 80 ਤੇ 90 ਦੇ ਦਹਾਕੇ ’ਚ ਬਾਲੀਵੁੱਡ ਦੇ ਸਭ ਤੋਂ ਵੱਡੇ ਖ਼ਲਨਾਇਕਾਂ ’ਚੋਂ ਇਕ ਸਨ। ਅਨਿਲ ਕਪੂਰ-ਸ਼੍ਰੀਦੇਵੀ ਸਟਾਰਰ ਫ਼ਿਲਮ ‘ਮਿਸਟਰ ਇੰਡੀਆ’ ਦਾ ਆਈਕਾਨਿਕ ਡਾਇਲਾਗ ‘ਮੋਗੈਂਬੋ ਖ਼ੁਸ਼ ਹੂਆ’ ਅੱਜ ਵੀ ਹਰ ਬੱਚੇ ਦੀ ਜ਼ੁਬਾਨ ’ਤੇ ਜ਼ਿੰਦਾ ਹੈ।

ਅਮਰੀਸ਼ ਪੁਰੀ ਨੇ ਬਾਲੀਵੁੱਡ ’ਚ ਕਈ ਵਾਰ ਖ਼ਲਨਾਇਕ ਦੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ 1967 ਤੋਂ 2005 ਤੱਕ 450 ਫ਼ਿਲਮਾਂ ’ਚ ਕੰਮ ਕੀਤਾ। ਖ਼ਾਸ ਗੱਲ ਇਹ ਹੈ ਕਿ ਉਨ੍ਹਾਂ ਦੀਆਂ ਜ਼ਿਆਦਾਤਰ ਫ਼ਿਲਮਾਂ ਹਿੱਟ ਰਹੀਆਂ ਹਨ। ‘ਮਿਸਟਰ ਇੰਡੀਆ’ ਹੋਵੇ ਜਾਂ ‘ਦਿਲ ਵਾਲੇ ਦੁਲਹਨੀਆ ਲੇ ਜਾਏਂਗੇ’, ਅਮਰੀਸ਼ ਪੁਰੀ ਨੇ ਅਦਾਕਾਰੀ ਦਾ ਵੱਖਰਾ ਮਿਆਰ ਕਾਇਮ ਕੀਤਾ ਹੈ। ਉਨ੍ਹਾਂ ਦੀ ਆਵਾਜ਼ ਦਾ ਜਾਦੂ ਫ਼ਿਲਮਾਂ ’ਚ ਉਨ੍ਹਾਂ ਦੇ ਕਿਰਦਾਰ ’ਚ ਜਾਨ ਪਾ ਦਿੰਦਾ ਸੀ।

ਜਦੋਂ ਨਿਰਮਾਤਾ ਨੇ ਕਿਹਾ, ‘ਤੇਰਾ ਚਿਹਰਾ ਹੀਰੋ ਬਣਨ ਦੇ ਲਾਇਕ ਨਹੀਂ ਹੈ’
ਕਿਹਾ ਜਾਂਦਾ ਹੈ ਕਿ ਅਮਰੀਸ਼ ਪੁਰੀ ਬਾਲੀਵੁੱਡ ’ਚ ਹੀਰੋ ਬਣਨ ਲਈ ਆਏ ਸਨ ਪਰ ਖ਼ੁਸ਼ਕਿਸਮਤੀ ਨਾਲ ਖ਼ਲਨਾਇਕ ਬਣ ਗਏ। ਅਮਰੀਸ਼ ਪੁਰੀ ਨੇ 30 ਸਾਲਾਂ ਤੋਂ ਵੱਧ ਸਮੇਂ ਤੱਕ ਫ਼ਿਲਮਾਂ ’ਚ ਕੰਮ ਕੀਤਾ ਤੇ ਨਾਕਾਰਾਤਮਕ ਭੂਮਿਕਾਵਾਂ ਇੰਨੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈਆਂ ਕਿ ਉਹ ਹਿੰਦੀ ਫ਼ਿਲਮਾਂ ’ਚ ਮਾੜੇ ਵਿਅਕਤੀ ਦੇ ਸਮਾਨਾਰਥੀ ਬਣ ਗਏ। ਫ਼ਿਲਮ ਮਾਹਿਰਾਂ ਮੁਤਾਬਕ ਉਨ੍ਹਾਂ ਦਾ ਵੱਡਾ ਭਰਾ ਮਦਨ ਪੁਰੀ ਪਹਿਲਾਂ ਹੀ ਫ਼ਿਲਮਾਂ ’ਚ ਸੀ ਪਰ ਨਿਰਮਾਤਾਵਾਂ ਨੇ ਉਨ੍ਹਾਂ ਨੂੰ ਕਿਹਾ ਕਿ ਤੇਰਾ ਚਿਹਰਾ ਹੀਰੋ ਵਰਗਾ ਨਹੀਂ ਹੈ। ਇਸ ਤੋਂ ਬਾਅਦ ਉਹ ਕਾਫੀ ਨਿਰਾਸ਼ ਸਨ। ਨਾਇਕ ਦੇ ਤੌਰ ’ਤੇ ਠੁਕਰਾਏ ਜਾਣ ਤੋਂ ਬਾਅਦ ਅਮਰੀਸ਼ ਪੁਰੀ ਨੇ ਸਿਨੇਮਾਘਰ ’ਚ ਕੰਮ ਕਰਨਾ ਸ਼ੁਰੂ ਕੀਤਾ ਤੇ ਉਥੇ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ।

ਇਸ ਤੋਂ ਬਾਅਦ 1970 ’ਚ ਉਨ੍ਹਾਂ ਨੇ ਫ਼ਿਲਮਾਂ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਵਲੋਂ ਨਿਭਾਏ ਗਏ ਖ਼ਲਨਾਇਕ ਦੇ ਕਿਰਦਾਰਾਂ ਨੂੰ ਕਾਫੀ ਪਿਆਰ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਫ਼ਿਲਮਾਂ ਰਾਹੀਂ ਪੂਰੀ ਦੁਨੀਆ ’ਚ ਇਕ ਖ਼ਲਨਾਇਕ ਦੇ ਰੂਪ ’ਚ ਆਪਣੀ ਵੱਖਰੀ ਪਛਾਣ ਬਣਾਈ।। ਕਿਰਦਾਰ ਤੋਂ ਪਰ੍ਹੇ, ਅੱਜ ਵੀ ਪ੍ਰਸ਼ੰਸਕਾਂ ਦੇ ਦਿਲਾਂ ’ਚ ਉਨ੍ਹਾਂ ਦੀ ਜਗ੍ਹਾ ਹੀਰੋ ਦੀ ਹੈ ਤੇ ਹਮੇਸ਼ਾ ਰਹੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News