ਬਿਹਾਰ ਦੇ ਇਕ ਹੋਰ ਬਾਲੀਵੁੱਡ ਅਦਾਕਾਰ ਦੀ ਮੁੰਬਈ 'ਚ ਮੌਤ, ਪਰਿਵਾਰ ਨੂੰ ਕਤਲ ਹੋਣ ਦਾ ਖ਼ਦਸ਼ਾ
Tuesday, Sep 29, 2020 - 11:28 AM (IST)
ਮੁਜ਼ੱਫਰਪੁਰ (ਬਿਊਰੋ) — ਇਸ ਸਮੇਂ ਦੀ ਵੱਡੀ ਖ਼ਬਰ ਮੁਜ਼ੱਫਰਪੁਰ ਤੋਂ ਆ ਰਹੀ ਹੈ, ਜਿਥੇ ਬਿਹਾਰ ਦੇ ਇਕ ਉੱਭਰਦੇ ਕਲਾਕਾਰ ਦੀ ਮੁੰਬਈ 'ਚ ਮੌਤ ਹੋ ਗਈ ਹੈ। ਮ੍ਰਿਤਕ ਕਲਾਕਾਰ ਦਾ ਨਾਂ ਅਕਸ਼ਤ ਉਤਕਰਸ਼ ਹੈ, ਜੋ ਮੁੰਬਈ 'ਚ ਫ਼ਿਲਮ ਇੰਡਸਟਰੀ 'ਚ ਕੰਮ ਕਰਦਾ ਸੀ। ਉਹ ਫ਼ਿਲਮ ਇੰਡਸਟਰੀ ਦੀਆਂ ਫ਼ਿਲਮਾਂ 'ਚ ਨਿੱਕੇ-ਮੋਟੇ ਕਿਰਦਾਰ ਕਰਦਾ ਸੀ। ਜਾਣਕਾਰੀ ਮੁਤਾਬਕ, ਅਕਸ਼ਤ ਬਾਲੀਵੁੱਡ ਦਾ ਉੱਭਰਦਾ ਕਲਾਕਾਰ ਸੀ। ਇਹ ਮੂਲ ਰੂਪ ਤੋਂ ਮੁਜ਼ੱਫਰਪੁਰ ਦੇ ਸਿਕੰਦਰਪੁਰ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਅਕਸ਼ਤ ਉਤਕਰਸ਼ ਦੀ ਸ਼ੱਕੀ ਮੌਤ ਤੋਂ ਬਾਅਦ ਕਲਤ ਦਾ ਇਲਜ਼ਾਮ ਲਾਇਆ ਹੈ।
ਮ੍ਰਿਤਕ ਕਲਾਕਾਰ ਦੇ ਮਾਮਾ ਰਣਜੀਤ ਸਿੰਘ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਐਤਵਾਰ ਦੀ ਰਾਤ 9 ਵਜੇ ਅਕਸ਼ਤ ਦੀ ਪਿਤਾ ਨਾਲ ਗੱਲ ਹੋਈ ਸੀ ਪਰ ਇਸ ਤੋਂ ਬਾਅਦ ਦੇਰ ਰਾਤ ਉਸ ਦੀ ਮੌਤ ਦੀ ਖ਼ਬਰ ਮਿਲੀ। ਇਸ ਦੇ ਨਾਲ ਹੀ ਅਕਸ਼ਤ ਦੇ ਮਾਮਾ ਨੇ ਮੁੰਬਈ ਪੁਲਸ 'ਤੇ ਵੀ ਸਹਿਯੋਗ ਨਾ ਕਰਨ ਦਾ ਦੋਸ਼ ਲਾਇਆ ਹੈ। ਅਕਸ਼ਤ ਮੂਲ ਰੂਪ ਤੋਂ ਮੁਜ਼ੱਫਰਪੁਰ ਦੇ ਸਿਕੰਦਰਪੁਰ ਦੇ ਰਹਿਣ ਵਾਲੇ ਸਨ ਅਤੇ ਵਿਜੇਅੰਤ ਚੌਧਰੀ ਉਰਫ ਰਾਜੂ ਚੌਧਰੀ ਦੇ ਪੁੱਤਰ ਸਨ। ਮ੍ਰਿਤਕ ਕਲਾਕਾਰ ਦੀ ਲਾਸ਼ ਕੁਝ ਦੇਰ ਪਹਿਲਾਂ ਹੀ ਪਟਨਾ ਏਅਰਪੋਰਟ 'ਤੇ ਪਹੁੰਚਾਈ ਗਈ ਹੈ।
ਅਕਸ਼ਤ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਮੁੰਬਈ ਪੁਲਸ ਨੇ ਇਸ ਮਾਮਲੇ 'ਚ ਸਹਿਯੋਗ ਨਹੀਂ ਦਿੱਤਾ ਅਤੇ ਨਾ ਹੀ ਕੋਈ ਐੱਫ. ਆਈ. ਆਰ. ਦਰਜ ਕੀਤੀ। ਫ਼ਿਲਹਾਲ ਇਸ ਘਟਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੁੰਬਈ 'ਚ ਬਿਹਾਰ ਦੇ ਰਹਿਣ ਵਾਲੇ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਵੀ ਸ਼ੱਕੀ ਹਾਲਤ 'ਚ ਮੌਤ ਹੋ ਚੁੱਕੀ ਹੈ ਤੇ ਉਨ੍ਹਾਂ ਦੀ ਮੌਤ ਦੀ ਗੁੱਥੀ ਵੀ ਹਾਲੇ ਤੱਕ ਸੁਲਝ ਨਹੀਂ ਸਕੀ।