ਗੁੜਗਾਓਂ ’ਚ ਸ਼ੋਅ ਲਾਉਣ ਮਗਰੋਂ ਵਿਵਾਦਾਂ ’ਚ ਘਿਰੇ ਅਖਿਲ ਦਾ ਪਹਿਲਾ ਬਿਆਨ ਆਇਆ ਸਾਹਮਣੇ

06/10/2022 11:08:48 AM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਅਖਿਲ ਪਿਛਲੇ ਕੁਝ ਦਿਨਾਂ ਤੋਂ ਵਿਵਾਦਾਂ ’ਚ ਘਿਰੇ ਹੋਏ ਹਨ। ਦਰਅਸਲ ਅਖਿਲ ਨੇ ਸਿੱਧੂ ਮੂਸੇ ਵਾਲਾ ਦੇ ਕਤਲ ਮਗਰੋਂ ਗੁੜਗਾਓਂ ’ਚ ਸ਼ੋਅ ਲਗਾਇਆ, ਜਿਸ ਨੂੰ ਲੈ ਕੇ ਗਾਇਕ ਫਾਜ਼ਿਲਪੁਰੀਆ ਨੇ ਉਨ੍ਹਾਂ ’ਤੇ ਗੁੱਸਾ ਕੱਢਿਆ ਹੈ। ਇਸ ’ਤੇ ਹੁਣ ਅਖਿਲ ਦਾ ਪਹਿਲਾ ਬਿਆਨ ਸਾਹਮਣੇ ਆ ਗਿਆ ਹੈ।

ਅਖਿਲ ਨੇ ਲਿਖਿਆ, ‘‘ਇਹ ਸਟੋਰੀ ਉਨ੍ਹਾਂ ਲਈ ਹੈ, ਜਿਹੜੇ ਮੈਨੂੰ 3-4 ਦਿਨਾਂ ਤੋਂ ਲਗਾਤਾਰ ਮੈਸੇਜ ਕਰ ਰਹੇ ਨੇ ਕਿ ਤੁਸੀਂ ਸ਼ੋਅ ਕਿਉਂ ਲਗਾਇਆ ਗੁੜਗਾਓਂ। ਜਿੰਨਾ ਸਿੱਧੂ ਬਾਈ ਦੇ ਜਾਣ ਦਾ ਦੁੱਖ ਤੁਹਾਨੂੰ ਹੈ, ਉਹਦੇ ਨਾਲੋਂ ਕਿਤੇ ਜ਼ਿਆਦਾ ਮੈਨੂੰ ਹੈ। ਮੈਂ ਵੀ ਇਕ ਇਨਸਾਨ ਹਾਂ ਤੇ ਹਰ ਇਨਸਾਨ ਦਾ ਆਪਣਾ ਤਰੀਕਾ ਹੁੰਦਾ ਦੁੱਖ ਜਤਾਉਣ ਦਾ, ਸੋ ਮੈਂ ਪੋਸਟਾਂ ਜਾਂ ਸਟੋਰੀਆਂ ਪਾਉਣ ਨੂੰ ਪ੍ਰਗਟਾਵਾ ਨਹੀਂ ਮੰਨਦਾ, ਦੂਜੀ ਗੱਲ ਕਿਸੇ ਨੂੰ ਇਹ ਵੀ ਨਹੀਂ ਪਤਾ ਕਿ ਮੈਂ 2 ਸ਼ੋਅਜ਼ ਰੱਦ ਵੀ ਕੀਤੇ, ਜੋ ਕਿ 1 ਜੂਨ ਨੂੰ ਇੰਦੌਰ ਤੇ 3 ਜੂਨ ਨੂੰ ਲੁਧਿਆਣਾ ਵਿਖੇ ਸੀ ਕਿਉਂਕਿ ਮੈਂ ਕਿਸੇ ’ਤੇ ਅਹਿਸਾਨ ਨਹੀਂ ਸੀ ਕਰ ਰਿਹਾ, ਮੇਰਾ ਜੋ ਫਰਜ਼ ਸੀ ਤੇ ਆਪਣੇ ਮੈਂਟਲ ਪੀਸ ਲਈ ਕੀਤਾ।’’

ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਦਾ ਵੱਡਾ ਬਿਆਨ, ‘ਮੈਂ ਕਿਸੇ ਮਾਂ ਤੋਂ ਉਸ ਦਾ ਪੁੱਤ ਖੋਹਣ ਦੀ ਗੱਲ ਤਾਂ ਦੂਰ...’

ਅਖਿਲ ਨੇ ਅੱਗੇ ਲਿਖਿਆ, ‘‘5 ਜੂਨ ਵਾਲਾ ਸ਼ੋਅ ਰੱਦ ਕਰਨ ਲਈ ਸਾਡਾ ਆਰਗੇਨਾਈਜ਼ਰਾਂ ਨਾਲ ਬਹੁਤ ਝਗੜਾ ਹੋਇਆ, ਬਹੁਤ ਕਿਹਾ ਉਨ੍ਹਾਂ ਨੂੰ ਕੀ ਪੈਸੇ ਵਾਪਸ ਲੈ ਲਓ ਪਰ ਕਿਰਪਾ ਕਰਕੇ ਇਹ ਕੰਮ ਨਾ ਕਰੋ ਪਰ ਉਨ੍ਹਾਂ ਨੇ ਟਿਕਟਾਂ ਵੇਚ ਦਿੱਤੀਆਂ ਸਨ, ਹਰ ਜਗ੍ਹਾ ਪ੍ਰਮੋਸ਼ਨ ’ਚ ਪੈਸਾ ਲਗਾ ਦਿੱਤਾ ਸੀ, ਉਪਰੋਂ ਮੇਰੇ ’ਤੇ ਕਾਨੂੰਨੀ ਕਾਰਵਾਈ ਕਰਨ ਨੂੰ ਕਿਹਾ, ਸੋ ਆਪਸੀ ਸਹਿਮਤੀ ਨਾਲ ਇਹ ਸ਼ੋਅ ਕਿਸੇ ਤਰ੍ਹਾਂ ਮੈਨੂੰ ਮਜਬੂਰੀ ’ਚ ਲਾਉਣਾ ਪਿਆ। ਮੈਨੂੰ ਬਾਕੀ ਕਲਾਕਾਰਾਂ ਦਾ ਨਹੀਂ ਪਤਾ, ਜਿਨ੍ਹਾਂ ਨੇ ਸ਼ੋਅ ਲਾਏ ਤੇ ਕਿਉਂ ਲਾਏ ਪਰ ਮੈਂ 7-8 ਸਾਲਾਂ ਤੋਂ ਇੰਡਸਟਰੀ ’ਚ ਹਾਂ ਤੇ ਅੱਜ ਤਕ ਕੋਈ ਕੰਮ ਇਹੋ-ਜਿਹਾ ਨਹੀਂ ਕੀਤਾ, ਜਿਸ ਨਾਲ ਕਿਸੇ ਦਾ ਦਿਲ ਦੁਖੇ, ਕਿਸੇ ਨੂੰ ਮਾੜਾ ਨਹੀਂ ਬੋਲਿਆ ਲਾਈਵ ਆ ਕੇ ਤੇ ਨਾ ਹੀ ਪਬਲੀਸਿਟੀ ਲਈ ਗਾਲ੍ਹਾਂ ਕੱਢੀਆਂ ਤੇ ਨਾ ਹੀ ਕੋਈ ਇਹੋ ਜਿਹਾ ਕੰਮ ਕੀਤਾ ਕਿ ਮੈਨੂੰ ਮੇਰੇ ਪ੍ਰਸ਼ੰਸਕਾਂ ਤੇ ਮਾਪਿਆਂ ਅੱਗੇ ਸਿਰ ਝੁਕਾਉਣਾ ਪਵੇ।’’

 
 
 
 
 
 
 
 
 
 
 
 
 
 
 

A post shared by AKHIL (@a.k.h.i.l_01)

ਅਖੀਰ ’ਚ ਅਖਿਲ ਨੇ ਲਿਖਿਆ, ‘‘ਬਿਨਾਂ ਕਿਸੇ ਗੱਲ ਨੂੰ ਜਾਣੇ, ਕਿਸੇ ਵੀ ਬਾਹਰਲੇ ਬੰਦੇ ਦੀ ਗੱਲ ਸੁਣ ਕੇ ਤੁਸੀਂ ਮੈਨੂੰ ਮਾਂ ਦੀਆਂ ਗੰਦੀਆਂ ਗਾਲ੍ਹਾਂ ਕੱਢੀਆਂ ਤੇ ਅਜੇ ਤਕ ਕੱਢੀ ਜਾਂਦੇ ਹੋ, ਮੈਂ 3-4 ਦਿਨਾਂ ਤੋਂ ਕੁਝ ਨਹੀਂ ਬੋਲਿਆ ਕਿਉਂਕਿ ਨਹੀਂ ਸੀ ਚਾਹੁੰਦਾ ਕਿ ਮੈਂ ਇਸ ਗੱਲ ਦੀ ਬਾਹਲੀ ਸਫਾਈ ਦੇਵਾਂ ਪਰ ਜਦੋਂ ਦੂਜੇ ਕਲਾਕਾਰ ਜ਼ਿਆਦਾ ਸਿਆਣੇ ਬਣਨ ਲੱਗ ਜਾਣ ਤੇ ਰਾਜਨੀਤੀ ਕਰਨ ਲੱਗ ਜਾਣ ਤਾਂ ਕਈ ਵਾਰ ਆਪਣਾ ਸੱਚ ਦੱਸਣਾ ਪੈਂਦਾ। ਸੋ ਆਪਣਾ ਇਹ ਪੱਖ ਮੈਂ ਸਿਰਫ ਆਪਣੇ ਚਾਹੁਣ ਵਾਲਿਆਂ ਨੂੰ ਦੱਸ ਰਿਹਾ ਤਾਂ ਕਿ ਉਨ੍ਹਾਂ ਨੂੰ ਇਹ ਨਾ ਲੱਗੇ ਅਸੀਂ ਜਿਹਦੇ ਗਾਣੇ ਸੁਣਦੇ ਰਹੇ ਆ ਉਹ ਇਕ ਵਧੀਆ ਇਨਸਾਨ ਨਹੀਂ, ਬਾਕੀ ਗੱਲ ਰਹੀ ਪੈਸਿਆਂ ਦੀ ਮੈਂ ਇਕ ਸ਼ੋਅ ਲਾ ਕੇ ਕਿਹੜੀ ਦੁਨੀਆ ਜਿੱਤ ਲੈਣੀ ਸੀ, ਜਿਹੜਾ ਤੁਸੀਂ ਮੈਨੂੰ ਕਹਿ ਰਹੇ ਹੋ ਮੈਂ ਪੈਸਿਆਂ ਦਾ ਪੀਰ ਹਾਂ। ਸੋ ਕਿਰਪਾ ਕਰਕੇ ਕਿਸੇ ਵੀ ਪੰਜਾਬ ਤੋਂ ਬਾਹਰਲੇ ਬੰਦੇ ਦੇ ਲੜਾਉਣ ਨਾਲ ਐਵੇਂ ਨਾ ਲੜ ਪਿਆ ਕਰੋ। ਲੋਕ ਤਾਂ ਪਹਿਲਾਂ ਹੀ ਚਾਹੁੰਦੇ ਨੇ ਕਿ ਸਾਡੇ ਪੰਜਾਬ ਦਾ ਮਾਹੌਲ ਖਰਾਬ ਹੋਵੇ ਤੇ ਆਪਾਂ ਇੰਨੀ ਜਲਦੀ ਭਟਕ ਜਾਂਦੇ ਹਾਂ। ਕੁਝ ਵੀ ਗਲਤ ਕਿਹਾ ਹੋਵੇ ਤਾਂ ਆਪਣਾ ਛੋਟਾ ਭਰਾ ਸਮਝ ਕੇ ਮੁਆਫ਼ ਕਰਿਓ।’’

ਨੋਟ– ਅਖਿਲ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਦੱਸੋ।


Rahul Singh

Content Editor

Related News