ਕੋਰੋਨਾ ਮਰੀਜ਼ਾਂ ਲਈ ਫ਼ਰਿਸ਼ਤਾ ਬਣੇ ਅਜੇ ਦੇਵਗਨ, ਆਈ. ਸੀ. ਯੂ. ਦਾ ਪ੍ਰਬੰਧ ਕਰਨ ਲਈ ਦਿੱਤੇ ਇੰਨੇ ਕਰੋੜ
Thursday, Apr 29, 2021 - 01:32 PM (IST)
ਮੁੰਬਈ (ਬਿਊਰੋ)– ਦੇਸ਼ ’ਚ ਕੋਰੋਨਾ ਦੀ ਸਥਿਤੀ ਤੋਂ ਹਰ ਕੋਈ ਵਾਕਿਫ਼ ਹੈ। ਮਰੀਜ਼ਾਂ ਦੀ ਵੱਧ ਰਹੀ ਗਿਣਤੀ ਕਾਰਨ ਕਿਤੇ ਬੈੱਡਾਂ ਦੀ ਘਾਟ ਹੈ ਤਾਂ ਕਿਤੇ ਆਕਸੀਜਨ ਦੀ। ਅਜਿਹੇ ’ਚ ਵਿਗੜਦੀ ਸਥਿਤੀ ਨੂੰ ਵੇਖਦਿਆਂ ਮਸ਼ਹੂਰ ਸਿਤਾਰੇ ਮਦਦ ਲਈ ਅੱਗੇ ਆ ਰਹੇ ਹਨ। ਹਾਲ ਹੀ ’ਚ ਇਕ ਵਾਰ ਫਿਰ ਬਾਲੀਵੁੱਡ ਦੇ ਸੁਪਰਸਟਾਰ ਅਜੇ ਦੇਵਗਨ ਨੇ ਕੋਰੋਨਾ ਵਾਇਰਸ ਦੌਰਾਨ ਮਦਦ ਕੀਤੀ ਹੈ।
ਮਹਾਰਾਸ਼ਟਰ ’ਚ ਕੋਰੋਨਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਦੌਰਾਨ ਅਜੇ ਦੇਵਗਨ ਨੇ ਆਪਣੇ ਵਲੋਂ ਮੁੰਬਈ ਦੇ ਸ਼ਿਵਾਜੀ ਪਾਰਕ ਵਿਖੇ 20 ਬੈੱਡਾਂ ਦੇ ਆਈ. ਸੀ. ਯੂ. ਦਾ ਪ੍ਰਬੰਧ ਕੀਤਾ ਹੈ ਤਾਂ ਜੋ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕੇ।
ਇਹ ਖ਼ਬਰ ਵੀ ਪੜ੍ਹੋ : ਕੋਰੋਨਾ ਵੈਕਸੀਨ ਰਜਿਸਟ੍ਰੇਸ਼ਨ ’ਤੇ ਕਾਰਤਿਕ ਆਰੀਅਨ ਨੇ ਕੀਤੀ ਮਜ਼ੇਦਾਰ ਪੋਸਟ, ਲੋਕਾਂ ਨੂੰ ਆ ਰਹੀ ਪਸੰਦ
ਖ਼ਬਰਾਂ ਅਨੁਸਾਰ ਅਜੇ ਦੇਵਗਨ ਨੇ ਬੀ. ਐੱਮ. ਸੀ. ਨੂੰ ਲਗਭਗ 1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਹੈ ਤਾਂ ਜੋ 20 ਬੈੱਡਾਂ ਵਾਲਾ ਐਮਰਜੈਂਸੀ ਹਸਪਤਾਲ ਬਣਾਇਆ ਜਾ ਸਕੇ। ਇਸ ਨੇਕ ਉਪਰਾਲੇ ਦੀ ਹਰ ਪਾਸੇ ਤਾਰੀਫ਼ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਕਸ਼ੇ ਕੁਮਾਰ ਤੇ ਟਵਿੰਕਲ ਖੰਨਾ ਨੇ 100 ਆਕਸੀਜਨ ਕੰਸਨਟ੍ਰੇਟਰ ਮੰਗਵਾਏ ਹਨ। ਇਸ ਨਾਲ ਬਹੁਤ ਸਾਰੇ ਲੋਕਾਂ ਨੂੰ ਮਦਦ ਮਿਲੇਗੀ।
ਉਥੇ ਸਲਮਾਨ ਖ਼ਾਨ ਨੇ ਭਾਈਜਾਨਸ ਕਿਚਨ ਤੋਂ ਖਾਣਾ ਵੀ ਬਣਾਇਆ ਤੇ ਫਰੰਟਲਾਈਨ ਕਰਮਚਾਰੀਆਂ ਨੂੰ ਵੰਡਿਆ। ਸਲਮਾਨ ਨੇ ਖ਼ੁਦ ਖਾਣਾ ਖਾ ਕੇ ਇਸ ਦੀ ਗੁਣਵਤਾ ਜਾਂਚੀ ਸੀ। ਸਲਮਾਨ ਖ਼ਾਨ ਤੋਂ ਇਲਾਵਾ ਆਯੂਸ਼ਮਾਨ ਖੁਰਾਣਾ ਤੇ ਉਨ੍ਹਾਂ ਦੀ ਪਤਨੀ ਤਾਹਿਰਾ ਕਸ਼ਯਪ ਨੇ ਵੀ ਸੀ. ਐੱਮ. ਰਾਹਤ ਫੰਡ ’ਚ ਯੋਗਦਾਨ ਪਾਇਆ। ਸ਼ਿਲਪਾ ਸ਼ੈੱਟੀ, ਭੂਮੀ ਪੇਡਨੇਕਰ, ਸੁਸ਼ਮਿਤਾ ਸੇਨ, ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਵਰਗੇ ਸਿਤਾਰੇ ਵੀ ਕੋਰੋਨਾ ਵਾਰੀਅਰਜ਼ ਦੀ ਮਦਦ ਲਈ ਅੱਗੇ ਆਏ ਹਨ।
ਬਾਲੀਵੁੱਡ ਦੇ ਕਈ ਸਿਤਾਰੇ ਕੋਰੋਨਾ ਤੋਂ ਪੀੜਤ ਲੋਕਾਂ ਲਈ ਕਈ ਤਰ੍ਹਾਂ ਦੇ ਪ੍ਰਬੰਧ ਕਰ ਰਹੇ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਬਿਨਾਂ ਕਿਸੇ ਜ਼ਰੂਰਤ ਦੇ ਘਰੋਂ ਬਾਹਰ ਨਾ ਜਾਣ ਤੇ ਮਾਸਕ ਜ਼ਰੂਰ ਲਗਾਉਣ। ਕੁਝ ਸੂਬਿਆਂ ’ਚ ਸਥਿਤੀ ਵਧੇਰੇ ਭਿਆਨਕ ਹੈ ਪਰ ਘਬਰਾਓ ਨਾ। ਸਿਤਾਰਿਆਂ ਦਾ ਇਹ ਵੀ ਕਹਿਣਾ ਹੈ ਕਿ ਜੇ ਅਸੀਂ ਇਕੱਠੇ ਹੋ ਕੇ ਇਸ ਬੀਮਾਰੀ ਨਾਲ ਲੜਾਂਗੇ ਤਾਂ ਇਹ ਜਲਦ ਹੀ ਖ਼ਤਮ ਹੋ ਜਾਵੇਗੀ।
ਨੋਟ– ਅਜੇ ਦੇਵਗਨ ਵਲੋਂ ਦਿੱਤੀ ਇਸ ਮਦਦ ’ਤੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।