''ਬਾਰਡਰ 2'' ਰਾਹੀਂ ਅਹਾਨ ਸ਼ੈੱਟੀ ਨੇ ਜਿੱਤਿਆ ਦਿਲ; ਪਿਤਾ ਸੁਨੀਲ ਸ਼ੈੱਟੀ ਦੀ ਵਿਰਾਸਤ ਅਤੇ ਤੁਲਨਾ ''ਤੇ ਦਿੱਤਾ ਵੱਡਾ ਬਿਆਨ

Sunday, Feb 08, 2026 - 02:29 PM (IST)

''ਬਾਰਡਰ 2'' ਰਾਹੀਂ ਅਹਾਨ ਸ਼ੈੱਟੀ ਨੇ ਜਿੱਤਿਆ ਦਿਲ; ਪਿਤਾ ਸੁਨੀਲ ਸ਼ੈੱਟੀ ਦੀ ਵਿਰਾਸਤ ਅਤੇ ਤੁਲਨਾ ''ਤੇ ਦਿੱਤਾ ਵੱਡਾ ਬਿਆਨ

ਮੁੰਬਈ - ਬਾਲੀਵੁੱਡ ਅਦਾਕਾਰ ਅਹਾਨ ਸ਼ੈੱਟੀ, ਜਿਨ੍ਹਾਂ ਦੀ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਬਾਰਡਰ 2' ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਨੇ ਆਪਣੇ ਪਿਤਾ ਸੁਨੀਲ ਸ਼ੈੱਟੀ ਨਾਲ ਹੁੰਦੀ ਤੁਲਨਾ ਅਤੇ ਫ਼ਿਲਮ ਦੇ ਅਨੁਭਵ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਅਹਾਨ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਉਹ ਪਹਿਲਾਂ ਹੀ ਜਾਣਦੇ ਸਨ ਕਿ ਪਹਿਲੀ ਫ਼ਿਲਮ 'ਬਾਰਡਰ' ਵਿਚ ਉਨ੍ਹਾਂ ਦੇ ਪਿਤਾ ਦੀ ਸ਼ਾਨਦਾਰ ਅਦਾਕਾਰੀ ਕਾਰਨ ਲੋਕ ਉਨ੍ਹਾਂ ਦੀ ਤੁਲਨਾ ਜ਼ਰੂਰ ਕਰਨਗੇ ਅਤੇ ਇਹ ਦਬਾਅ ਉਨ੍ਹਾਂ 'ਤੇ ਬਣਿਆ ਰਹੇਗਾ।

ਪਿਤਾ ਦਾ ਉਹ ਆਈਕਾਨਿਕ ਸੀਨ ਕਰਨ ਵੇਲੇ ਸਨ ਘਬਰਾਏ ਹੋਏ
ਅਹਾਨ ਨੇ ਸਾਂਝਾ ਕੀਤਾ ਕਿ ਫ਼ਿਲਮ 'ਬਾਰਡਰ 2' 'ਚ ਉਨ੍ਹਾਂ ਨੂੰ ਇਕ ਅਜਿਹਾ ਖਾਸ ਸੀਨ ਕਰਨਾ ਪਿਆ ਜੋ ਉਨ੍ਹਾਂ ਦੇ ਪਿਤਾ ਨੇ ਪਹਿਲੀ ਫ਼ਿਲਮ 'ਚ ਕੀਤਾ ਸੀ। ਅਦਾਕਾਰ ਨੇ ਕਬੂਲ ਕੀਤਾ ਕਿ ਇਸ ਸੀਨ ਨੂੰ ਕਰਨ ਵੇਲੇ ਉਹ ਬਹੁਤ ਜ਼ਿਆਦਾ ਘਬਰਾਏ ਹੋਏ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਇਕ ਪਛਤਾਵਾ ਰਹਿ ਗਿਆ ਕਿ ਫ਼ਿਲਮ ਦਾ ਆਖਰੀ ਸੀਨ ਉਹ ਆਪਣੇ ਪਿਤਾ ਨਾਲ ਸ਼ੂਟ ਨਹੀਂ ਕਰ ਸਕੇ।

ਵਿਰਾਸਤ ਦਾ ਦਬਾਅ ਅਤੇ ਇਮਾਨਦਾਰੀ
ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਲਿਜਾਣ ਦੀ ਜ਼ਿੰਮੇਵਾਰੀ ਬਾਰੇ ਗੱਲ ਕਰਦਿਆਂ ਅਹਾਨ ਨੇ ਕਿਹਾ ਕਿ ਉਹ ਬਾਹਰੀ ਰੌਲੇ-ਰੱਪੇ ਜਾਂ ਦਬਾਅ ਨੂੰ ਆਪਣੇ ਦਿਮਾਗ 'ਤੇ ਹਾਵੀ ਨਹੀਂ ਹੋਣ ਦਿੰਦੇ। ਉਨ੍ਹਾਂ ਮੁਤਾਬਕ, "ਜੇਕਰ ਮੈਂ ਅਜਿਹਾ ਕਰਦਾ ਹਾਂ, ਤਾਂ ਮੈਂ ਵੱਖਰੇ ਤਰੀਕੇ ਨਾਲ ਵਿਵਹਾਰ ਕਰਨਾ ਸ਼ੁਰੂ ਕਰ ਦਿੰਦਾ। ਇਸ ਲਈ ਮੈਂ ਸਿਰਫ਼ ਆਪਣੇ ਆਪ ਅਤੇ ਆਪਣੇ ਦਰਸ਼ਕਾਂ ਪ੍ਰਤੀ ਇਮਾਨਦਾਰ ਰਹਿਣ ਦੀ ਕੋਸ਼ਿਸ਼ ਕਰਦਾ ਹਾਂ"।

ਦਰਸ਼ਕਾਂ ਵੱਲੋਂ ਮਿਲ ਰਹੀ ਹੈ ਪ੍ਰਸ਼ੰਸਾ
ਅਹਾਨ ਸ਼ੈੱਟੀ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਪਿਛਲੇ ਕੁਝ ਦਿਨਾਂ 'ਚ ਉਨ੍ਹਾਂ ਨੂੰ ਬਹੁਤ ਪਿਆਰ ਅਤੇ ਪ੍ਰਸ਼ੰਸਾ ਮਿਲ ਰਹੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਲੋਕ ਉਨ੍ਹਾਂ ਨੂੰ ਸਵੀਕਾਰ ਕਰ ਰਹੇ ਹਨ ਅਤੇ ਇਸ ਗੱਲ ਦਾ ਮਾਣ ਮਹਿਸੂਸ ਕਰ ਰਹੇ ਹਨ ਕਿ ਉਹ ਆਪਣੇ ਪਿਤਾ ਦੀ ਵਿਰਾਸਤ ਨੂੰ ਸਫਲਤਾਪੂਰਵਕ ਅੱਗੇ ਲਿਜਾ ਰਹੇ ਹਨ।  


author

Sunaina

Content Editor

Related News