ਜੇਲ੍ਹ ਤੋਂ ਰਿਹਾਈ ਤੋਂ ਬਾਅਦ ਸ਼ਾਹਰੁਖ ਨੇ ਪੁੱਤਰ ਆਰੀਅਨ ਦੀ ਸੁਰੱਖਿਆ ਨੂੰ ਲੈ ਕੇ ਚੁੱਕਿਆ ਇਹ ਵੱਡਾ ਕਦਮ
Sunday, Oct 31, 2021 - 02:28 PM (IST)
ਮੁੰਬਈ : ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਲਈ ਸ਼ਨੀਵਾਰ 30 ਅਕਤੂਬਰ ਦਾ ਦਿਨ ਬੇਹੱਦ ਖ਼ਾਸ ਰਿਹਾ। ਡਰੱਗਸ ਮਾਮਲੇ ’ਚ ਜ਼ਮਾਨਤ ਮਿਲਣ ਤੋਂ ਬਾਅਦ ਅਦਾਕਾਰ ਦੇ ਪੁੱਤਰ ਆਰੀਅਨ ਖ਼ਾਨ ਆਪਣੇ ਘਰ ਮੰਨਤ ਪਹੁੰਚੇ। ਜਿਸ ਤੋਂ ਬਾਅਦ ਅਦਾਕਾਰ ਦੇ ਫੈਨਜ਼ ਅਤੇ ਕਰੀਬੀ ਕਾਫੀ ਖੁਸ਼ ਹਨ। ਇਸ ਮਹੀਨੇ ਦੀ ਸ਼ੁਰੂਆਤ ’ਚ ਆਰੀਅਨ ਖ਼ਾਨ ਨੂੰ ਕਰੂਜ਼ ’ਤੇ ਚੱਲ ਰਹੀ ਰੇਵ ਪਾਰਟੀ ’ਚ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ।
ਆਰੀਅਨ ਖਾਨ ’ਤੇ ਡਰੱਗਸ ਮਾਮਲੇ ਦੀਆਂ ਗਤੀਵਿਧੀਆਂ ’ਚ ਜੁੜੇ ਰਹਿਣ ਦਾ ਦੋਸ਼ ਹੈ। ਉਥੇ ਹੀ 25 ਦਿਨ ਬਾਅਦ ਘਰ ਵਾਪਸ ਆਉਣ ’ਤੇ ਹੁਣ ਸ਼ਾਹਰੁਖ ਖ਼ਾਨ ਅਤੇ ਗੌਰੀ ਖਾਨ ਨੇ ਪੁੱਤਰ ਆਰੀਅਨ ਦੀ ਸੁਰੱਖਿਆ ਨੂੰ ਦੇਖਦੇ ਹੋਏ ਵੱਡਾ ਫ਼ੈਸਲਾ ਕੀਤਾ ਹੈ। ਅੰਗਰੇਜ਼ੀ ਵੈਬਸਾਈਟ ਬਾਲੀਵੁੱਡ ਲਾਈਫ ਦੀ ਖ਼ਬਰ ਅਨੁਸਾਰ ਆਰੀਅਨ ਦੀ ਸੁਰੱਖਿਆ ਨੂੰ ਦੇਖਦੇ ਹੋਏ ਹੁਣ ਸ਼ਾਹਰੁਖ ਖਾਨ ਦੇ ਪਰਸਨਲ ਬਾਡੀਗਾਰਡ ਉਨ੍ਹਾਂ ਦੇ ਨਾਲ ਰਹਿਣਗੇ ਅਤੇ ਅਦਾਕਾਰ ਨੂੰ ਆਰੀਅਨ ਖ਼ਾਨ ਦੀ ਜਾਣਕਾਰੀ ਦੇਣਗੇ। ਸ਼ਾਹਰੁਖ ਖ਼ਾਨ ਦੇ ਪਰਸਨਲ ਬਾਡੀਗਾਰਡ ਦਾ ਨਾਮ ਰਵੀ ਸਿੰਘ ਹੈ ਜੋ ਹਰ ਸਮੇਂ ਅਦਾਕਾਰ ਦੇ ਨਾਲ ਸਾਏ ਵਾਂਗ ਰਹਿੰਦਾ ਹੈ ਪਰ ਹੁਣ ਉਹ ਆਰੀਅਨ ਖਾਨ ਦੇ ਪਰਸਨਲ ਬਾਡੀਗਾਰਡ ਬਣ ਗਏ ਹਨ। ਰਵੀ ਸਿੰਘ ਹਰ ਸਮੇਂ ਆਰੀਅਨ ਖ਼ਾਨ ਦੇ ਨਾਲ ਰਹਿਣਗੇ, ਚਾਹੇ ਉਹ ਕਿਤੇ ਵੀ ਜਾਂਦੇ ਹਨ ਜਾਂ ਕੁਝ ਵੀ ਕਰਦੇ ਹਨ।
ਸ਼ਾਹਰੁਖ ਖਾਨ ਦੇ ਪਰਿਵਾਰ ਦੇ ਕਰੀਬੀ ਸੂਤਰਾਂ ਨੇ ਦੱਸਿਆ ਹੈ ਕਿ ਡਰੱਗਸ ਮਾਮਲੇ ’ਚ ਆਰੀਅਨ ਖ਼ਾਨ ਦਾ ਨਾਮ ਆਉਣ ਤੋਂ ਬਾਅਦ ਤੋਂ ਸ਼ਾਹਰੁਖ ਖ਼ਾਨ ਕਾਫੀ ਹੈਰਾਨ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਰਵੀ ਸਿੰਘ ਆਰੀਅਨ ਦੇ ਨਾਲ ਹੁੰਦੇ ਤਾਂ ਸ਼ਾਇਦ ਚੀਜ਼ਾਂ ਇਸ ਪੱਧਰ ’ਤੇ ਨਾ ਜਾਂਦੀਆਂ। ਹਾਲਾਂਕਿ ਸ਼ਾਹਰੁਖ ਦੇ ਪਰਿਵਾਰ ਵੱਲੋਂ ਇਸ ਤਰ੍ਹਾਂ ਦਾ ਹਾਲੇ ਤੱਕ ਕੋਈ ਬਿਆਨ ਨਹੀਂ ਆਇਆ ਹੈ। ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਮੁੰਬਈ ਹਾਈਕੋਰਟ ਨੇ 28 ਅਕਤੂਬਰ ਨੂੰ ਜ਼ਮਾਨਤ ਦੇ ਦਿੱਤੀ ਹੈ ਅਤੇ 30 ਅਕਤੂਬਰ ਨੂੰ ਉਹ ਰਿਹਾਅ ਹੋ ਕੇ ਆਪਣੇ ਘਰ ਪਹੁੰਚ ਗਏ ਹਨ। ਉਨ੍ਹਾਂ ਨੂੰ ਮੁੰਬਈ ’ਚ 2 ਅਕਤੂਬਰ ਗਾਂਧੀ ਜੈਅੰਤੀ ਦੇ ਦਿਨ ਕਰੂਜ਼ ’ਤੇ ਡਰੱਗਸ ਪਾਰਟੀ ਕਰਨ ਦੇ ਦੋਸ਼ ’ਚ ਜ਼ਮਾਨਤ ਮਿਲੀ ਹੈ।