ਅਭਿਨੇਤਰੀ ਸ਼ੇਫਾਲੀ ਜਰੀਵਾਲਾ ਨੇ ‘ਜਗ ਬਾਣੀ’ ਨਾਲ ਕੀਤੀ ਖਾਸ ਗੱਲਬਾਤ

Saturday, Dec 30, 2023 - 05:35 PM (IST)

ਅਭਿਨੇਤਰੀ ਸ਼ੇਫਾਲੀ ਜਰੀਵਾਲਾ ਨੇ ‘ਜਗ ਬਾਣੀ’ ਨਾਲ ਕੀਤੀ ਖਾਸ ਗੱਲਬਾਤ

‘ਕਾਂਟਾ ਲਗਾ’ ਰੀਮਿਕਸ ਵੀਡੀਓ ਦੇ 2 ਦਹਾਕਿਆਂ ਬਾਅਦ ਵੀ ਸ਼ੇਫਾਲੀ ਜਰੀਵਾਲਾ ਦਾ ਚਾਰਮ ਬਰਕਰਾਰ ਹੈ। ਹਾਲਾਂਕਿ ਇਸ ਮਿਊਜ਼ਿਕ ਵੀਡੀਓ ਤੋਂ ਬਾਅਦ ਸ਼ੇਫਾਲੀ ਬਿੱਗ ਬੌਸ ਵਰਗੇ ਰਿਐਲਿਟੀ ਸ਼ੋਅ ਅਤੇ ਬੇਹਦ ਘੱਟ ਫਿਲਮਾਂ ਵਿਚ ਹੀ ਨਜ਼ਰ ਆਈ ਹੈ। ਇਨ੍ਹੀਂ ਦਿਨੀਂ ਸ਼ੇਫਾਲੀ ਆਪਣੇ ਆਉਣ ਵਾਲੇ ਸ਼ੋਅ ‘ਸ਼ੈਤਾਨੀ ਰਸਮੇਂ’ ਕਾਰਨ ਲਗਾਤਾਰ ਸੁਰਖੀਆਂ ਵਿਚ ਹੈ। ਇਸ ਸ਼ੋਅ ਵਿਚ ਅਭਿਨੇਤਰੀ ਦੇ ਨਵੇਂ ਅਵਤਾਰ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਰਹਿ ਗਏ ਹਨ। ਅਦਾਕਾਰਾ ਨੇ ਸ਼ੋਅ ਬਾਰੇ ਜੱਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...

‘ਕਾਂਟਾ ਲਗਾ’ ਰੀਮਿਕਸ ਗੀਤ ਤੋਂ ਬਾਅਦ ਤੁਹਾਡੀ ਜ਼ਿੰਦਗੀ ਕਿਸ ਤਰ੍ਹਾਂ ਨਾਲ ਬਦਲੀ ਗਈ? ਹੁਣ ਜਦੋਂ ਵੀ ਤੁਹਾਡਾ ਨਾਂ ਲਿਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਤੁਹਾਡਾ ਉਹੀ ਗੀਤ ਦਿਮਾਗ ’ਚ ਆਉਂਦਾ ਹੈ?

ਮੈਨੂੰ ਬਹੁਤ ਚੰਗਾ ਲੱਗਦਾ ਹੈ ਕਿ ਅੱਜ ਵੀ ਲੋਕ ਮੈਨੂੰ ਉਸ ਗੀਤ ਤੋਂ ਜਾਣਦੇ ਹਨ। ਬਹੁਤ ਮਿਹਨਤ ਅਤੇ ਬਹੁਤ ਸਾਰਾ ਕੰਮ ਕਰਨਾ ਪੈਂਦਾ ਹੈ ਤਾਂ ਜਾ ਕੇ ਕੋਈ ਚੀਜ਼ ਨਿਕਲ ਕੇ ਸਾਹਮਣੇ ਆਉਂਦੀ ਹੈ, ਜਿਸ ਨਾਲ ਇੰਡਸਟਰੀ ਵਿਚ ਪਛਾਣ ਬਣਦੀ ਹੈ। ਮੇਰੇ ਪਹਿਲੇ ਗੀਤ ਨੇ ਹੀ ਮੇਰੇ ਲਈ ਇਹ ਕਰ ਦਿੱਤਾ। ਮੈਂ ਖੁਦ ਨੂੰ ਕਾਫੀ ਗ੍ਰੇਟਫੁਲ ਮੰਨਦੀ ਹਾਂ ਕਿ ਮੇਰੇ ਕਰੀਅਰ ਦੀ ਸ਼ੁਰੂਆਤ ਵਿਚ ਹੀ ਮੈਨੂੰ ਲੋਕਾਂ ਦਾ ਕਾਫੀ ਪਿਆਰ ਮਿਲਿਆ। ਪੂਰੀ ਦੁਨੀਆਂ ਵਿਚ ਇਕ ਹੀ ਕਾਂਟਾ ਲਗਾ ਗਰਲ ਹੈ, ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਅਤੇ ਜਦੋਂ ਕੋਈ ਚੀਜ਼ ਤੁਹਾਡੀ ਪੂਰੀ ਜ਼ਿੰਦਗੀ ਬਦਲ ਦਿੰਦੀ ਹੈ ਤਾਂ ਤੁਸੀਂ ਉਸ ਨੂੰ ਕਿਵੇਂ ਭੁੱਲ ਸਕਦੇ ਹੋ। ਮੈਨੂੰ ਅੱਜ ਵੀ ਉਸ ਗੀਤ ਨਾਲ ਜੁੜੀ ਹਰ ਚੀਜ਼ ਬਰੀਕੀ ਨਾਲ ਯਾਦ ਹੈ।

ਹੁਣ 20 ਸਾਲ ਬਾਅਦ ਤੁਸੀਂ ਇਕ ਫਿਕਸ਼ਨ ਸ਼ੋਅ ’ਚ ਨਜ਼ਰ ਆਉਗੇ। ਇਸ ਦੌਰਾਨ ਕੀ ਚੁਣੌਤੀਆਂ ਆਈਆਂ?
ਸਭ ਬਹੁਤ ਮੁਸ਼ਕਿਲ ਸੀ, ਕਿਉਂਕਿ ਜਦੋਂ ਤੁਸੀਂ ਕੋਈ ਅਜਿਹਾ ਕਿਰਦਾਰ ਨਿਭਾਅ ਰਹੇ ਹੋਂ, ਜੋ ਬਿਲਕੁਲ ਹੀ ਤੁਹਾਡੀ ਸ਼ਖਸੀਅਤ ਤੋਂ ਵੱਖ ਹੈ ਤਾਂ ਉਸ ਨੂੰ ਨਿਭਾਉਣ ਵਿਚ ਚੁਣੌਤੀਆਂ ਤਾਂ ਆਉਂਦੀਆਂ ਹਨ ਪਰ ਜਦੋਂ ਤੁਸੀਂ ਖੁਦ ਨੂੰ ਪਰਦੇ ’ਤੇ ਦੇਖਦੇ ਹੋ ਤਾਂ ਮਜ਼ਾ ਵੀ ਬਹੁਤ ਆਉਂਦਾ ਹੈ। ‘ਕਪਾਲਿਕਾ’ ਸਿਰਫ਼ ਡਾਰਕ ਅਤੇ ਗ੍ਰੇਅ ਨਹੀਂ, ਸਗੋਂ ਲਾਲ, ਪੀਲੇ ਅਤੇ ਚਿੱਟੇ ਵਰਗੇ ਸਾਰੇ ਰੰਗ ਲਏ ਹੋਏ ਹਨ। ਉਹ ਚੰਗੀ, ਬੁਰੀ, ਨਾਜ਼ੁਕ, ਹਮਲਾਵਰ, ਮਨਮੌਜੀ ਅਤੇ ਸ਼ਰਾਰਤੀ ਵੀ ਹੈ। ਇਸ ਨੂੰ ਨਿਭਾਉਣਾ ਮਜ਼ੇਦਾਰ ਤਾਂ ਹੈ ਪਰ ਇਸ ਵਿਚ ਬਹੁਤ ਮਿਹਨਤ ਵੀ ਹੈ। ਕਪਾਲਿਕਾ ਨੂੰ ਸਮਝਣ ਵਿਚ ਮੈਨੂੰ ਤਿੰਨ ਮਹੀਨੇ ਲੱਗੇ। ਇਸ ਦੌਰਾਨ ਅਸੀਂ ਰੈਗੂਲਰ ਵਰਕਸ਼ਾਪ ਵੀ ਕੀਤੀ। ਵੱਖ-ਵੱਖ ਤਰੀਕਿਆਂ ਨਾਲ ਕਰ ਕੇ ਦੇਖਿਆ ਕਿ ਬਤੌਰ ਕਪਾਲਿਕਾ ਕੀ ਬੈਸਟ ਹੈ। ਉਹ ਕਿੱਥੋਂ ਆਉਂਦੀ ਹੈ, ਉਹ ਅਜਿਹੀ ਕਿਉਂ ਹੈ? ਕਪਾਲਿਕਾ ਖੂਬਸੂਰਤ ਅਤੇ ਗਲੈਮਰਸ ਹੈ, ਪਰ ਉਸ ਵਿਚ ਬਹੁਤ ਗੁੱਸਾ ਵੀ ਹੈ। ਉਹ ਇਕ ਬੇਤਾਜ ਬਾਦਸ਼ਾਹ ਹੈ, ਸਭ ਕੁਝ ਉਸ ਦੇ ਹਿਸਾਬ ਨਾਲ ਹੋਣਾ ਚਾਹੀਦਾ ਹੈ। ਜੇਕਰ ਨਹੀਂ ਹੁੰਦਾ ਤਾਂ ਉਸ ਦਾ ਅੰਜ਼ਾਮ ਚੰਗਾ ਨਹੀਂ ਹੁੰਦਾ। ਹੁਣ ਕਪਾਲਿਕਾ ਅਜਿਹਾ ਕਿਉਂ ਕਰ ਰਹੀ ਹੈ? ਤੁਹਾਨੂੰ ਇਸ ਬਾਰੇ ਅੱਗੇ ਪਤਾ ਚੱਲੇਗਾ ਅਤੇ ਉਥੇ ਤੁਹਾਨੂੰ ਇਸ ਦੇ ਹੋਰ ਸ਼ੇਡਜ਼ ਵੀ ਦੇਖਣ ਨੂੰ ਮਿਲਣਗੇ।

ਇਸ ਤੋਂ ਪਹਿਲਾਂ ਵੀ ਤੁਹਾਨੂੰ ਕਈ ਵਾਰ ਟੀ. ਵੀ. ਸੀਰੀਅਲ ਦੇ ਆਫਰਜ਼ ਆਏ ਹੋਣਗੇ। ਤੁਸੀਂ ਇਸ ਨੂੰ ਹੀ ਕਿਉਂ ਚੁਣਿਆ?
ਮੈਨੂੰ ਜਿੰਨੇ ਵੀ ਸ਼ੋਅ ਦੇ ਆਫਰ ਆਏ ਸਨ, ਉਨ੍ਹਾਂ ਨਾਲ ਕਿਤੇ ਨਾ ਕਿਤੇ ਮੈਂ ਖੁਦ ਨੂੰ ਕਹਾਣੀ ਅਤੇ ਕਿਰਦਾਰ ਨਾਲ ਰਿਲੇਟ ਨਹੀਂ ਕਰ ਪਾਉਂਦੀ ਸੀ। ਮੈਂ ਇਕ ਅਜਿਹੇ ਮੌਕੇ ਦੀ ਭਾਲ ਵਿਚ ਸੀ, ਜਿਸ ਵਿਚ ਮੇਰੀ ਭੂਮਿਕਾ ਅਹਿਮ ਹੋਵੇ ਅਤੇ ਕਹਾਣੀ ਵਿਚ ਮੇਰਾ ਯੋਗਦਾਨ ਹੋਵੇ। ਨਾਲ ਹੀ, ਕਿਰਦਾਰ ਅਜਿਹਾ ਹੋਣਾ ਚਾਹੀਦਾ ਹੈ, ਜਿਸ ਨੂੰ ਕਰਨ ਵਿਚ ਮਜ਼ਾ ਆਵੇ। ਮੈਂ ਕੁਝ ਅਜਿਹਾ ਚਾਹੁੰਦੀ ਸੀ, ਜੋ ਮੈਨੂੰ ਮੇਰੇ ਕੰਫਰਟ ਜ਼ੋਨ ਤੋਂ ਬਾਹਰ ਕੱਢੇ। ‘ਸ਼ੈਤਾਨੀ ਰਸਮੇਂ’ ਵਿਚ ਕਪਾਲਿਕਾ ਦਾ ਕਿਰਦਾਰ ਮੇਰੇ ਲਈ ਕੁਝ ਅਜਿਹਾ ਹੀ ਹੈ, ਜਿਸ ਲਈ ਮੈਂ ਇੰਤਜ਼ਾਰ ਕਰ ਰਹੀ ਸੀ। ਇਸ ਲਈ ਮੈਂ ਕਹਿਣਾ ਚਾਹਾਂਗੀ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ ਅਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਇਹ ਸ਼ੋਅ ਕਰ ਰਹੀ ਹਾਂ।

ਤੁਹਾਡੀ ਨਿੱਜੀ ਜ਼ਿੰਦਗੀ ਕਾਫ਼ੀ ਉਤਰਾਅ-ਚੜਾਅ ਨਾਲ ਭਰੀ ਰਹੀ ਹੈ। ਤੁਹਾਡੇ ਹਿਸਾਬ ਨਾਲ ਰਿਸ਼ਤੇ ਦੀ ਨੀਂਹ ਕਿਸ ਚੀਜ਼ ’ਤੇ ਟਿਕੀ ਰਹਿੰਦੀ ਹੈ?
ਸੰਯਮ, ਸੰਕਲਪ, ਸੁਪੋਰਟ ਸਿਸਟਮ ਤੇ ਸਮਝਦਾਰੀ ਨਾਲ ਅਸੀਂ ਜ਼ਿੰਦਗੀ ਵਿਚ ਆਏ ਕਿਸੇ ਵੀ ਉਤਰਾਅ-ਚੜਾਅ ਵਿਚੋਂ ਲੰਘ ਜਾਂਦੇ ਹਾਂ ਤੇ ਮੇਰੇ ਹਿਸਾਬ ਨਾਲ ਮੇਰੇ ਵਿਚ ਸੰਯਮ ਬਹੁਤ ਹੈ। ਜਦ ਮੈਂ ਗੁੱਸੇ ਵਿਚ ਹੁੰਦੀ ਹਾਂ ਤਾਂ ਜਲਦਬਾਜ਼ੀ ਵਿਚ ਕਦੇ ਆਪਣੇ ਫੈਸਲੇ ਨਹੀਂ ਲੈਂਦੀ। ਇਸੇ ਤਰ੍ਹਾਂ ਜਦ ਮੈਂ ਉਦਾਸ ਜਾਂ ਬਹੁਤ ਖੁਸ਼ ਹੁੰਦੀ ਹਾਂ ਤਾਂ ਮੈ ਕਿਸੇ ਨਾਲ ਕੋਈ ਵਾਅਦਾ ਨਹੀਂ ਕਰਦੀ। ਇਨ੍ਹਾਂ ਸਾਰੀਆਂ ਚੀਜ਼ਾਂ ਨਾਲ ਤੁਸੀਂ ਕਾਫ਼ੀ ਹੱਦ ਤੱਕ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਸਮਝ ਸਕਦੇ ਹੋ। ਜ਼ਿੰਦਗੀ ਵਿਚ ਉਤਰਾਅ-ਚੜਾਅ ਆਉਣਾ ਤਾਂ ਲਾਜ਼ਮੀ ਹੈ, ਬੁਰੇ ਦਿਨਾਂ ਤੋਂ ਬਾਅਦ ਹੀ ਚੰਗੇ ਦਿਨ ਵੀ ਆਉਂਦੇ ਹਨ। ਮੈਂ ਭਗਵਾਨ ’ਤੇ ਬਹੁਤ ਜ਼ਿਆਦਾ ਭਰੋਸਾ ਕਰਦੀ ਹਾਂ ਤੇ ਇਕ ਚੀਜ਼ ਮੰਨਦੀ ਹਾਂ ਕਿ ਜੇਕਰ ਤੁਸੀਂ ਕਿਸੇ ਦੇ ਨਾਲ ਕੁੱਝ ਬੁਰਾ ਨਹੀਂ ਕੀਤਾ, ਤਾਂ ਤੁਹਾਡੇ ਨਾਲ ਬੁਰਾ ਹੋ ਹੀ ਨਹੀਂ ਸਕਦਾ।

ਸੋਸ਼ਲ ਮੀਡੀਆ ਹਰ ਚੀਜ਼ ਵਿਚ ਦੋਹਰੀ ਭੂਮਿਕਾ ਨਿਭਾਉਂਦਾ ਹੈ। ਤੁਹਾਡੇ ਲਈ ਇਹ ਮਾਧਿਅਮ ਕਿਹੋ ਜਿਹਾ ਰਿਹਾ ਹੈ?
ਸੋਸ਼ਲ ਮੀਡੀਆ ਸਾਡੀ ਸਾਰਿਆਂ ਦੀ ਲਾਈਫ਼ ਦਾ ਇਕ ਜ਼ਰੂਰੀ ਹਿੱਸਾ ਬਣ ਗਿਆ ਹੈ ਤੇ ਸਾਡੇ ਲਈ ਇਹ ਇਸ ਲਈ ਵੀ ਜ਼ਰੂਰੀ ਹੈ, ਕਿਉਂਕਿ ਅਸੀਂ ਇੰਟਰਟੇਨਮੈਂਟ ਇੰਡਸਟਰੀ ਦਾ ਹਿੱਸਾ ਹਾਂ ਪਰ ਸੱਚ ਕਹਾਂ ਤਾਂ ਮੇਰਾ ਫ਼ੋਨ ਕਦੇ ਵੀ ਮੇਰੇ ਹੱਥ ਵਿਚ ਨਹੀਂ ਰਹਿੰਦਾ। ਹਾਂ, ਦਿਨ ਵਿਚ ਥੋੜਾ ਸਮਾਂ ਮੈਂ ਇਸ ’ਤੇ ਜ਼ਰੂਰ ਧਿਆਨ ਦਿੰਦੀ ਹਾਂ, ਇਹ ਜਾਣਨ ਲਈ ਇਸ ਪਫੇਟਫਾਰਮ ’ਤੇ ਕੀ ਚੱਲ ਰਿਹਾ ਹੈ। ਜੇਕਰ ਮੈਨੂੰ ਕਿਸੇ ਦੀ ਪੋਸਟ ਚੰਗੀ ਲੱਗਦੀ ਹੈ ਤਾਂ ਸੋਸ਼ਲ ਮੀਡੀਆ ’ਤੇ ਥੋੜਾ ਬਹੁਤ ਸੋਸ਼ਲ ਰਹਿਣ ਲਈ ਮੈਂ ਕਮੈਂਟਸ ਵੀ ਕਰ ਦਿੰਦੀ ਹਾਂ। ਬਹੁਤ ਸਾਰੇ ਲੋਕ ਹਨ, ਜੋ ਸੋਸ਼ਲ ਮੀਡੀਆ ’ਤੇ ਮੇਰੀ ਪੋਸਟ ਦੇਖ ਕੇ ਇੰਫਲੂਐਂਸ ਵੀ ਹੁੰਦੇ ਹਨ। ਉਨ੍ਹਾਂ ਨੂੰ ਮੇਰੀ ਫਿਟਨੈੱਸ, ਮੇਕਅਪ, ਹੇਅਰ ਸਟਾਇਲ, ਸਕਿੱਲ ਕੇਅਰ, ਫੈਸ਼ਨ ਸੈਂਸ ਦੇ ਟਿਪਸ ਕਾਫ਼ੀ ਚੰਗੇ ਲੱਗਦੇ ਹਨ। ਲੋਕਾਂ ਨੂੰ ਚੰਗਾ ਲੱਗਦਾ ਹੈ, ਮੇਰੇ ਬਾਰੇ ਸੋਚਣਾ ਤੇ ਮੈਂ ਉਨ੍ਹਾਂ ਨਾਲ ਸ਼ੇਅਰ ਵੀ ਕਰਦੀ ਹਾਂ।


author

sunita

Content Editor

Related News