ਅਦਾਕਾਰਾ ਪ੍ਰਤਿਯੁਸ਼ਾ ਪਾਲ ਨੂੰ ਮਿਲ ਰਹੀ ਰੇਪ ਦੀ ਧਮਕੀ, ਪੁਲਸ ਨੇ ਕੀਤਾ ਮਾਮਲਾ ਦਰਜ
Sunday, Jul 11, 2021 - 12:27 PM (IST)

ਮੁੰਬਈ : ਬੰਗਾਲੀ ਟੀਵੀ ਅਦਾਕਾਰਾ ਪ੍ਰਤਿਯੂਸ਼ਾ ਪਾਲ ਨੇ ਕੁਝ ਅਣਪਛਾਤੇ ਲੋਕਾਂ ਖ਼ਿਲਾਫ਼ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਜਬਰ ਜਨਾਹ ਦੀ ਧਮਕੀ ਦੇਣ ਤੇ ਅਸ਼ਲੀਲ ਵੈੱਬਸਾਈਟਾਂ 'ਤੇ ਉਨ੍ਹਾਂ ਦੀਆਂ ਕੁਝ ਤਸਵੀਰਾਂ ਅਪਲੋਡ ਕਰਨ ਦਾ ਦੋਸ਼ ਲਾਇਆ। ਪ੍ਰਤਿਯੁਸ਼ਾ ਨੇ ਆਪਣੀ ਸ਼ਿਕਾਇਤ ਸ਼ਨੀਵਾਰ ਨੂੰ ਸਾਈਬਰ ਸੁਰੱਖਿਆ ਵਿਭਾਗ 'ਚ ਦਰਜ ਕਰਵਾਈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਪੂਰੇ ਮਾਮਲੇ ਨੂੰ ਲੈ ਕੇ ਪ੍ਰਤਿਯੂਸ਼ਾ ਪਾਲ ਨੇ ਕਿਹਾ, 'ਇਹ ਮੇਰੇ ਨਾਲ ਪਿਛਲੇ ਇਕ ਸਾਲ ਤੋਂ ਹੋ ਰਿਹਾ ਹੈ। ਸ਼ੁਰੂਆਤ 'ਚ ਮੈਂ ਅਜਿਹੀਆਂ ਧਮਕੀਆਂ ਨੂੰ ਨਜ਼ਰਅੰਦਾਜ਼ ਕੀਤਾ ਪਰ ਹੁਣ ਇਹ ਸਭ ਕੁਝ ਕੰਟਰੋਲ ਤੋਂ ਬਾਹਰ ਜਾ ਰਿਹਾ ਹੈ ਤੇ ਮੈਂ ਇਸ ਦੀ ਸ਼ਿਕਾਇਤ ਪੁਲਿਸ 'ਚ ਕੀਤੀ ਹੈ। ਅਜਿਹੀ ਧਮਕੀਆਂ ਦੇਣ ਵਾਲੇ ਲੋਕਾਂ ਨੂੰ ਜਦੋਂ ਮੈਂ ਸੋਸ਼ਲ ਮੀਡੀਆ 'ਤੇ ਬਲਾਕ ਕਰ ਦਿੰਦੀ ਹਾਂ ਤਾਂ ਇਹ ਲੋਕ ਨਿਯਮਿਤ ਰੂਪ ਤੋਂ ਆਪਣਾ ਅਕਾਊਂਟ ਬਦਲਦੇ ਰਹਿੰਦੇ ਹਨ ਅਤੇ ਮੈਨੂੰ ਜਬਰ ਜਨਾਹ ਦੀ ਧਮਕੀ ਦਿੰਦੇ ਹਨ।'
ਅਸ਼ਲੀਲ ਵੈੱਬਸਾਈਟ 'ਤੇ ਪਾਈਆਂ ਤਸਵੀਰਾਂ
ਅਦਾਕਾਰਾ ਨੇ ਦੋਸ਼ ਲਾਇਆ ਕਿ, 'ਅਜਿਹੇ ਲੋਕਾਂ ਨੇ ਮੇਰੀਆਂ ਤਸਵੀਰਾਂ ਅਸ਼ਲੀਲ ਵੈੱਬਸਾਈਟਾਂ 'ਤੇ ਪਾ ਦਿੱਤੀਆਂ ਤੇ ਉਨ੍ਹਾਂ ਨੇ ਮੇਰੀ ਮਾਂ ਤੇ ਦੋਸਤਾਂ ਨੂੰ ਵੀ ਭੇਜ ਦਿੱਤਾ। ਇਹ ਮੇਰੇ ਲਈ ਚਿੰਤਾ ਦਾ ਵਿਸ਼ਾ ਹੈ।'
ਸ਼ਰੁਤੀ ਦਾਸ ਨੂੰ ਵੀ ਮਿਲੀ ਸੀ ਧਮਕੀ
ਹਾਲ ਹੀ 'ਚ ਬੰਗਾਲੀ ਟੈਲੀਵਿਜ਼ਨ ਦੀ ਇਕ ਹੋਰ ਲੋਕਪ੍ਰਿਅ ਅਦਾਕਾਰਾ ਨੇ ਆਨਲਾਈਨ ਟਰੋਲਰਜ਼ ਖ਼ਿਲਾਫ਼ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ। ਅਦਾਕਾਰਾ ਸ਼ਰੁਤੀ ਦਾਸ ਨੇ ਦੋਸ਼ ਲਾਇਆ ਕਿ ਕਰੀਬ ਦੋ ਸਾਲ ਤੋਂ ਉਹ ਆਪਣੀ ਸਕਿਨ ਦੇ ਰੰਗ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰ ਰਹੀ ਹੈ। ਅਦਾਕਾਰਾ ਜੋ ਵਰਤਮਾਨ 'ਚ ਦੇਸ਼ੇਰ ਮਾਟੀ 'ਚ ਮੁੱਖ ਭੂਮਿਕਾ ਨਿਭਾ ਰਹੀ ਹੈ, ਨੇ ਆਪਣੀ ਆਵਾਜ਼ ਉਠਾਉਣਾ ਦਾ ਫ਼ੈਸਲਾ ਕੀਤਾ। ਪੁਲਿਸ ਨੇ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।