ਅਦਾਕਾਰ ਵਰੁਣ ਤੇਜ ਤੇ ਲਾਵਣਿਆ ਤ੍ਰਿਪਾਠੀ ਨੇ ਆਪਣੇ ਪੁੱਤਰ ਦਾ ਕੀਤਾ ਨਾਮਕਰਨ
Thursday, Oct 02, 2025 - 04:39 PM (IST)

ਹੈਦਰਾਬਾਦ (ਏਜੰਸੀ)- ਪ੍ਰਸਿੱਧ ਤੇਲਗੂ ਅਦਾਕਾਰ ਵਰੁਣ ਤੇਜ ਕੋਨੀਡੇਲਾ ਅਤੇ ਲਾਵਣਿਆ ਤ੍ਰਿਪਾਠੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਆਪਣੇ ਪਹਿਲੇ ਬੱਚੇ ਦਾ ਨਾਮ ਵਾਯੂਵ ਤੇਜ ਕੋਨੀਡੇਲਾ ਰੱਖਿਆ ਹੈ। ਵਰੁਣ ਤੇਜ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਇੱਕ ਵੀਡੀਓ ਕਲਿੱਪ ਸਾਂਝੀ ਕਰਕੇ ਲਿਖਿਆ, "ਸਾਡੇ ਸਭ ਤੋਂ ਵੱਡੇ ਆਸ਼ੀਰਵਾਦ ਨੂੰ ਹੁਣ ਇੱਕ ਨਾਮ ਮਿਲ ਗਿਆ ਹੈ।"
ਇਸ ਜੋੜੇ ਨੇ ਨਾਮ ਦਾ ਅਰਥ ਦੱਸਦੇ ਹੋਏ ਕਿਹਾ, "ਅਸੀਂ ਆਪਣੇ ਪਿਆਰੇ ਪੁੱਤਰ ਵਾਯੂਵ ਤੇਜ ਕੋਨੀਡੇਲਾ ਨਾਲ ਮਿਲਵਾਉਂਦੇ ਹਾਂ- ਇੱਕ ਅਜਿਹਾ ਨਾਮ ਜੋ ਅਦੁੱਤੀ ਸ਼ਕਤੀ, ਸ਼ਰਧਾ, ਹਿੰਮਤ ਅਤੇ ਅਧਿਆਤਮਿਕ ਚਮਕ ਦਾ ਪ੍ਰਤੀਕ ਹੈ। ਇਹ ਭਗਵਾਨ ਹਨੂੰਮਾਨ ਦੀ ਭਾਵਨਾ ਨੂੰ ਦਰਸਾਉਂਦਾ ਹੈ"।
ਜ਼ਿਕਰਯੋਗ ਹੈ ਕਿ ਬੱਚੇ ਦਾ ਜਨਮ ਇਸੇ ਸਾਲ 10 ਸਤੰਬਰ ਨੂੰ ਹੋਇਆ ਸੀ। ਮੈਗਾਸਟਾਰ ਚਿਰੰਜੀਵੀ, ਜੋ ਕਿ ਵਰੁਣ ਦੇ ਚਾਚਾ ਹਨ, ਨੇ ਕੋਨੀਡੇਲਾ ਪਰਿਵਾਰ ਵਿੱਚ ਨਵੇਂ ਮੈਂਬਰ ਦਾ ਦਿਲੋਂ ਸਵਾਗਤ ਕੀਤਾ ਸੀ। ਉਨ੍ਹਾਂ ਨੇ ਇੱਕ ਪੋਸਟ ਵਿੱਚ ਲਿਖਿਆ, "ਦੁਨੀਆ ਵਿੱਚ ਤੁਹਾਡਾ ਸੁਆਗਤ ਹੈ, ਨਿੱਕੇ ਮਹਿਮਾਨ! ਮਾਤਾ-ਪਿਤਾ ਬਣਨ 'ਤੇ ਵਰੁਣ ਤੇਜ ਅਤੇ ਲਾਵਣਿਆ ਤ੍ਰਿਪਾਠੀ ਨੂੰ ਦਿਲੋਂ ਵਧਾਈਆਂ।" ਵਰੁਣ ਤੇਜ ਅਤੇ ਲਾਵਣਿਆ 1 ਨਵੰਬਰ, 2023 ਨੂੰ ਇਟਲੀ ਦੇ ਟਸਕਨੀ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਉਨ੍ਹਾਂ ਨੇ ਇਸ ਸਾਲ ਮਈ ਵਿੱਚ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ।