ਕੁੱਤਿਆਂ ਦੀ ਲੜਾਈ ਕਰਕੇ ਕਾਂਗਰਸ ਨੇਤਾ ਦੇ ਪੁੱਤਰ ਤੇ ਬਾਲੀਵੁੱਡ ਅਦਾਕਾਰ ਨੇ ਪਤਨੀ ਤੋਂ ਲਿਆ ਤਲਾਕ

9/15/2020 3:36:42 PM

ਜਲੰਧਰ (ਬਿਊਰੋ) - ਜਬਲਪੁਰ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰ ਅਰੁਣੋਦਯ ਸਿੰਘ ਅਤੇ ਉਸ ਦੀ ਕੈਨੇਡੀਅਨ ਪਤਨੀ ਲੀ ਐਲਟਨ ਵਿਚਕਾਰ ਡੋਗੀ ਤਲਾਕ ਬਾਰੇ ਪਟੀਸ਼ਨ ‘ਤੇ ਸੁਣਵਾਈ ਕੀਤੀ। ਵਿਵਾਦ ਅਰੁਣੋਦਯ ਦੇ ਕੁੱਤੇ ਅਤੇ ਉਸ ਦੀ ਪਤਨੀ ਦੇ ਕੁੱਤੇ ਵਿਚਾਲੇ ਲੜਾਈ ਨਾਲ ਸ਼ੁਰੂ ਹੋਇਆ ਸੀ। ਹਾਈ ਕੋਰਟ ਨੇ ਅੱਜ ਇਸ ਮਾਮਲੇ ਵਿਚ ਭੋਪਾਲ ਦੀ ਫੈਮਲੀ ਕੋਰਟ ਦਾ ਰਿਕਾਰਡ ਮੰਗਿਆ ਹੈ। ਪੂਰਾ ਮਾਮਲਾ ਇਕਪਾਸੜ ਤਲਾਕ ਦੇ ਫੈਸਲੇ ਨੂੰ ਚੁਣੌਤੀ ਦੇਣ ਨਾਲ ਸਬੰਧਤ ਹੈ। ਇਸ ‘ਤੇ ਅਗਲੀ ਸੁਣਵਾਈ 6 ਅਕਤੂਬਰ ਨੂੰ ਨਿਰਧਾਰਤ ਕੀਤੀ ਗਈ ਹੈ।

ਦੱਸ ਦੇਈਏ ਕਿ ਅਰੁਣੋਦਯ ਸਿੰਘ ਮੱਧ ਪ੍ਰਦੇਸ਼ ਕਾਂਗਰਸ ਦੇ ਨੇਤਾ ਅਜੇ ਸਿੰਘ ਦਾ ਬੇਟਾ ਹੈ। ਇਹ ਪੂਰਾ ਮਾਮਲਾ ਅਰੁਣੋਦਯ ਅਤੇ ਉਸ ਦੀ ਪਤਨੀ ਲੀ ਐਲਟਨ ਦੇ ਤਲਾਕ ਨਾਲ ਜੁੜਿਆ ਹੋਇਆ ਹੈ। ਲੀ ਐਲਟਨ ਨੇ ਆਪਣੀ ਪਟੀਸ਼ਨ ਵਿਚ ਦਲੀਲ ਦਿੱਤੀ ਹੈ ਕਿ ਅਰੁਣੋਦਿਆ ਨੇ ਉਨ੍ਹਾਂ ਨੂੰ ਤਲਾਕ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਉਸ ਖ਼ਿਲਾਫ਼ ਤਲਾਕ ਦਾ ਇਕਪਾਸੜ ਫ਼ਰਮਾਨ ਪ੍ਰਾਪਤ ਕੀਤਾ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਇਸ ਸੰਬੰਧੀ ਭੋਪਾਲ ਕੋਰਟ ਦੇ ਆਦੇਸ਼ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਕੈਨੇਡਾ ਨਿਵਾਸੀ ਲੀ ਐਲਟਨ ਅਤੇ ਅਰੁਣੋਦਯ ਸਿੰਘ ਨੇ ਭੋਪਾਲ ਵਿਚ ਸਪੈਸ਼ਲ ਮੈਰਿਜ ਐਕਟ ਤਹਿਤ ਰਜਿਸਟਰ ਕੀਤਾ ਸੀ। ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਦੋਵਾਂ ਵਿਚ ਆਪਸੀ ਤਣਾਅ ਵਧ ਗਿਆ। ਅਰੁਣੋਦਯ ਨੇ ਅਚਾਨਕ 2019 ਦੇ ਵਿਚਕਾਰ ਆਉਣਾ-ਜਾਣਾ ਵੀ ਬੰਦ ਕਰ ਦਿੱਤਾ। 10 ਮਈ 2019 ਨੂੰ ਲੀ ਐਲਟਨ ਵਿਰੁੱਧ ਭੋਪਾਲ ਦੀ ਫੈਮਲੀ ਕੋਰਟ ਵਿਚ ਤਲਾਕ ਦਾ ਕੇਸ ਦਾਇਰ ਕੀਤਾ ਗਿਆ ਸੀ। ਇਸ ਦੌਰਾਨ ਲੀ ਐਲਟਨ ਕਨੇਡਾ ਗਈ ਹੋਈ ਸੀ ਅਤੇ ਅਰੁਣੋਦਯ ਖ਼ਿਲਾਫ਼ ਮੁੰਬਈ ਵਿਚ ਵਿਆਹੁਤਾ ਸੰਬੰਧਾਂ ਦੀ ਸੰਭਾਲ ਅਤੇ ਬਹਾਲੀ ਲਈ ਕੇਸ ਦਾਇਰ ਕੀਤਾ ਸੀ। ਇਸ ਦੌਰਾਨ 18 ਦਸੰਬਰ, 2019 ਨੂੰ ਲੀ ਐਲਟਨ ਦੀ ਜਾਣਕਾਰੀ ਤੋਂ ਬਿਨਾਂ ਭੋਪਾਲ ਕੁਟੰਬ ਕੋਰਟ ਨੇ ਤਲਾਕ ਦਾ ਇਕਤਰਫਾ ਫਰਮਾਨ ਪਾਸ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਲੀ ਐਲਟਨ ਅਤੇ ਅਰੁਣੋਦਯ ਸਿੰਘ ਦਾ ਵਿਆਹ ਨਵੰਬਰ 2016 ਵਿਚ ਹੋਇਆ ਸੀ ਅਤੇ 3 ਸਾਲਾਂ ਦੇ ਵਿਚ ਹੀ ਉਨ੍ਹਾਂ ਵਿਚਾਲੇ ਵਿਵਾਦ ਇੰਨਾ ਵੱਧ ਗਿਆ ਕਿ ਨੌਬਤ ਤਲਾਕ ਤਕ ਆ ਗਈ। ਨੇੜਲੇ ਸੂਤਰਾਂ ਤੋਂ ਮਿਲੀ ਜਾਣਕਾਰੀ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਵਿਵਾਦ ਲੀ ਐਲਟਨ ਦੇ ਕੁੱਤੇ ਅਤੇ ਅਰੁਣੋਦਯ ਸਿੰਘ ਦੇ ਕੁੱਤੇ ਦੀ ਲੜਾਈ ਨਾਲ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਦੋਵਾਂ ਵਿਚਾਲੇ ਵਿਵਾਦ ਵਧ ਗਿਆ। ਇਸ ਤੋਂ ਇਲਾਵਾ ਅਰੁਣੋਦਯ ਨੇ ਲੀ ਐਲਟਨ ਉੱਤੇ ਵੀ ਕਈ ਗੰਭੀਰ ਦੋਸ਼ ਲਗਾਏ ਸਨ।


sunita

Content Editor sunita