ਅਦਾਕਾਰ ਰਾਹੁਲ ਰਾਏ ਨੂੰ ਵੀ ਹੋਇਆ ''ਕੋਰੋਨਾ'', ਪਰਿਵਾਰ ਦੀ ਰਿਪੋਰਟ ਵੀ ਆਈ ਪਾਜ਼ੇਟਿਵ
Thursday, Apr 15, 2021 - 03:19 PM (IST)
ਮੁੰਬਈ: ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਤੇਜ਼ੀ ਨਾਲ ਵੱਧਦੇ ਹੀ ਜਾ ਰਹੇ ਹਨ ਜੋ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਬਾਲੀਵੁੱਡ ਅਤੇ ਟੀ.ਵੀ. ਇੰਡਸਟਰੀ ’ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸਿਤਾਰੇ ਲਗਾਤਾਰ ਇਸ ਦੀ ਚਪੇਟ ’ਚ ਆ ਰਹੇ ਹਨ। ਹੁਣ ਅਦਾਕਾਰ ਰਾਹੁਲ ਰਾਏ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਅਦਾਕਾਰ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਰਾਹੁਲ ਰਾਏ ਨੇ ਪੋਸਟ ’ਚ ਲਿਖਿਆ- ‘ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ। ਰਾਹੁਲ ਨੇ ਇਹ ਦੱਸਿਆ ਕਿ ਬਿਨਾਂ ਘਰ ਤੋਂ ਬਾਹਰ ਨਿਕਲੇ ਵੀ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਕੋਰੋਨਾ ਪਾਜ਼ੇਟਿਵ ਆਏ ਹਨ। ਪੋਸਟ ਸਾਂਝੀ ਕਰਦੇ ਹੋਏ ਰਾਹੁਲ ਨੇ ਲਿਖਿਆ ਕਿ ‘ਮੇਰੀ ਕੋਵਿਡ ਦੀ ਕਹਾਣੀ। ਮੇਰੇ ਗੁਆਂਢੀ ਦੇ ਕੋਰੋਨਾ ਪਾਜ਼ੇਟਿਵ ਮਿਲਣ ’ਤੇ ਮੇਰੇ ਰੈਜੀਡੈਂਟ ਫਲੋਰ ਨੂੰ 27 ਮਾਰਚ ਨੂੰ ਸੀਲ ਕਰ ਦਿੱਤਾ ਸੀ, ਇਸ ਲਈ ਸਾਵਧਾਨੀ ਦੇ ਤੌਰ ’ਤੇ ਅਸੀਂ ਸਾਰਿਆਂ ਨੇ 14 ਦਿਨ ਲਈ ਖ਼ੁਦ ਨੂੰ ਘਰ ’ਚ ਇਕਾਂਤਵਾਸ ਕਰ ਲਿਆ ਸੀ।
ਮੈਨੂੰ ਅਤੇ ਮੇਰੇ ਪਰਿਵਾਰ ਨੂੰ 11 ਅਪ੍ਰੈਲ ਨੂੰ ਦਿੱਲੀ ਜਾਣਾ ਸੀ। 7 ਅਪ੍ਰੈਲ ਨੂੰ ਅਸੀਂ ਲੈਬ ਤੋਂ ਆਰ.ਟੀ.ਪੀ.ਸੀ.ਆਰ. ਟੈਸਟ ਕਰਵਾਇਆ ਅਤੇ 10 ਅਪ੍ਰੈਲ ਨੂੰ ਮੈਨੂੰ ਰਿਪੋਰਟ ਮਿਲੀ ਕਿ ਮੇਰਾ ਪੂਰਾ ਪਰਿਵਾਰ ਕੋਰੋਨਾ ਪਾਜ਼ੇਟਿਵ ਹੈ। ਸਾਡੇ ਪਰਿਵਾਰ ’ਚ ਕੋਈ ਲੱਛਣ ਨਹੀਂ ਸੀ ਅਤੇ ਸਾਨੂੰ ਪਤਾ ਚੱਲਿਆ ਕਿ ਉਸ ਦਿਨ ਬੀ.ਐੱਮ.ਸੀ. ਦੇ ਅਧਿਕਾਰੀ ਪੂਰੀ ਸੋਸਾਇਟੀ ਦਾ ਟੈਸਟ ਕਰ ਰਹੇ ਹਨ, ਇਸ ਲਈ ਅਸੀਂ ਫਿਰ ਤੋਂ ਐਂਟੀਜਨ ਟੈਸਟ ਕਰਵਾਇਆ ਅਤੇ ਸਾਰੇ ਨੈਗੇਟਿਵ ਨਿਕਲੇ ਅਤੇ ਬਾਅਦ ’ਚ ਫਿਰ ਤੋਂ ਆਰ.ਟੀ.ਪੀ.ਸੀ.ਆਰ. ਦੇ ਸੈਂਪਲ ਲੈਬ ਭੇਜੇ ਗਏ ਪਰ ਉਨ੍ਹਾਂ ਦੀ ਰਿਪੋਰਟ ਅਜੇ ਵੀ ਮੈਨੂੰ ਨਹੀਂ ਦਿੱਤੀ ਗਈ ਸੀ।
ਰਾਹੁਲ ਨੇ ਅੱਗੇ ਲਿਖਿਆ ਕਿ ‘ਬੀ.ਐੱਮ.ਸੀ. ਦੇ ਅਧਿਕਾਰੀਆਂ ਨੇ ਮੇਰੇ ਅਤੇ ਮੇਰੇ ਪਰਿਵਾਰ ਤੋਂ ਆਈਸੋਲੇਸ਼ਨ ਫਾਰਮ ਸਾਈਨ ਕਰਵਾਇਆ, ਮੇਰੇ ਘਰ ਨੂੰ ਸੈਨੇਟਾਈਜ਼ ਕਰਵਾਇਆ ਅਤੇ ਦਵਾਈਆਂ ਲੈਣ ਲਈ ਕਿਹਾ ਹੈ। ਮੈਨੂੰ ਪਤਾ ਹੈ ਕਿ ਕੋਵਿਡ ਹੈ ਪਰ ਮੈਨੂੰ ਸਮਝ ਨਹੀਂ ਆ ਰਿਹਾ ਕਿ ਬਿਨਾਂ ਘਰ ਤੋਂ ਬਾਹਰ ਨਿਕਲੇ ਅਤੇ ਬਿਨਾਂ ਲੋਕਾਂ ਨਾਲ ਗੱਲਬਾਤ ਕੀਤੇ ਮੇਰੇ ਪਰਿਵਾਰਕ ਮੈਂਬਰ ਕਿੰਝ ਕੋਰੋਨਾ ਪਾਜ਼ੇਟਿਵ ਨਿਕਲੇ ਹਨ। ਅਸੀਂ 3 ਮਹੀਨੇ ਤੋਂ ਘਰ ਤੋਂ ਬਾਹਰ ਨਹੀਂ ਨਿਕਲੇ ਅਤੇ ਬਿਨਾਂ ਕਿਸੇ ਲੱਛਣ ਦੇ ਸਾਡੀ ਰਿਪੋਰਟ ਪਾਜ਼ੇਟਿਵ ਆਈ ਹੈ। ਤੁਸੀਂ ਸਭ ਮਾਸਕ ਪਾਓ, ਹੱਥ ਧੋਵੋਂ ਅਤੇ ਸਾਫ ਰਹੋ। ਮੈਨੂੰ ਉਮੀਦ ਹੈ ਕਿ ਛੇਤੀ ਹੀ ਸਾਡੀ ਰਿਪੋਰਟ ਨੈਗੇਟਿਵ ਆਵੇਗੀ। ਤੁਹਾਨੂੰ ਸਭ ਨੂੰ ਢੇਰ ਸਾਰਾ ਪਿਆਰ’।
ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਅਦਾਕਾਰਾ ਆਲੀਆ ਭੱਟ, ਅਦਾਕਾਰ ਅਕਸ਼ੈ ਕੁਮਾਰ, ਗੋਵਿੰਦਾ, ਕੈਟਰੀਨਾ ਕੈਫ, ਵਿੱਕੀ ਕੌਸ਼ਲ, ਕਾਰਤਿਕ ਅਤੇ ਰੂਪਾਲੀ ਗਾਂਗੁਲੀ ਸਮੇਤ ਬਾਲੀਵੁੱਡ ਦੇ ਕਈ ਮਸ਼ਹੂਰ ਸਿਤਾਰੇ ਕੋਰੋਨਾ ਦੀ ਚਪੇਟ ’ਚ ਆ ਚੁੱਕੇ ਹਨ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।