ਮੰਗਲ ਢਿੱਲੋਂ ਦਾ ਦਿਹਾਂਤ: ਬਾਗ਼ੀ ਹੋ ਕੇ ਫ਼ਿਲਮ ਨਗਰੀ ਮੁੰਬਈ ਜਾਣ ਤੇ ਫਿਰ ਮੁੜ ਪੰਜਾਬ ਆਉਣ ਦਾ ਸਫ਼ਰ

Tuesday, Jun 13, 2023 - 10:14 AM (IST)

ਮੰਗਲ ਢਿੱਲੋਂ ਦਾ ਦਿਹਾਂਤ: ਬਾਗ਼ੀ ਹੋ ਕੇ ਫ਼ਿਲਮ ਨਗਰੀ ਮੁੰਬਈ ਜਾਣ ਤੇ ਫਿਰ ਮੁੜ ਪੰਜਾਬ ਆਉਣ ਦਾ ਸਫ਼ਰ

ਪੰਜਾਬੀ ਤੇ ਹਿੰਦੀ ਫ਼ਿਲਮਾਂ ਦੇ ਉੱਘੇ ਐਕਟਰ, ਡਾਇਰੈਕਟਰ, ਲੇਖਕ ਤੇ ਪ੍ਰੋਡਿਊਸਰ ਮੰਗਲ ਢਿੱਲੋਂ ਦਾ ਬੀਤੇ ਦਿਨੀਂ ਨਜ਼ਦੀਕੀ ਪਿੰਡ ਨੀਲੋਂ ਵਿਖੇ ਉਨ੍ਹਾਂ ਦੇ ਫਾਰਮ ਹਾਊਸ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਹ ਬੀਤੀ ਰਾਤ ਇਸ ਸੰਸਾਰ ਤੋਂ ਰੁਖ਼ਸਤ ਹੋਏ ਸਨ। ਅੰਤਿਮ ਸੰਸਕਾਰ ਉਨ੍ਹਾਂ ਦੀ ਪਤਨੀ ਰੀਤੂ ਢਿੱਲੋਂ ਅਤੇ ਪੁੱਤਰ ਨਾਨਕ ਢਿੱਲੋਂ ਦੇ ਮੁੰਬਈ ਤੋਂ ਇੱਥੇ ਪਹੁੰਚਣ ਉਪਰੰਤ ਕੀਤਾ ਗਿਆ। ਉਨ੍ਹਾਂ ਦਾ ਛੋਟਾ ਭਰਾ ਰਾਮ ਸਿੰਘ ਢਿੱਲੋਂ ਅਤੇ ਭੈਣ ਵੀ ਇਸ ਮੌਕੇ ਮੌਜੂਦ ਸਨ। 

ਫ਼ਿਲਮੀ ਕਰੀਅਰ

11 ਜੂਨ ਨੂੰ ਹਿੰਦੀ ਅਤੇ ਪੰਜਾਬੀ ਸਿਨੇਮਾਂ ਦੀ ਮਸ਼ਹੂਰ ਹਸਤੀ ਮੰਗਲ ਢਿੱਲੋਂ ਨੇ ਲੰਬੀ ਬਿਮਾਰੀ ਤੋਂ ਬਾਅਦ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਏ। ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਵਾਂਦਰ ਜਟਾਣਾ ’ਚ ਜਨਮੇ ਮੰਗਲ ਸਿੰਘ ਢਿੱਲੋਂ ਨੇ 'ਕਥਾ ਸਾਗਰ', 'ਬੁਨਿਆਦ', 'ਜਨੂੰਨ' ਅਤੇ 'ਕਿਸਮਤ ਸੀਰੀਅਲ' ਤੇ 'ਖੂਨ ਭਰੀ ਮਾਂਗ', 'ਟ੍ਰੇਨ ਟੂ ਪਾਕਿਸਤਾਨ', 'ਦਯਾਵਾਨ' ਅਤੇ 'ਕਹਾਂ ਹੈ ਕਾਨੂੰਨ' ਆਦਿ ਫ਼ਿਲਮਾਂ ’ਚ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੰਗਲ ਢਿੱਲੋਂ ਨੂੰ ਦਮਦਾਰ ਅਦਾਕਾਰੀ ਤੇ ਡਾਇਰੈਕਸ਼ਨ ਸਦਕਾ ਸਨਮਾਨਿਤ ਵੀ ਕੀਤਾ ਗਿਆ ਸੀ। 

ਮੰਗਲ ਢਿੱਲੋਂ

ਮੰਗਲ ਢਿੱਲੋਂ ਦਾ ਬਚਪਨ ਤੇ ਪਰਿਵਾਰ

ਮੰਗਲ ਢਿੱਲੋਂ ਦਾ ਜਨਮ ਜ਼ਿਲ੍ਹਾ ਫ਼ਰੀਦਕੋਟ ਦੇ ਇੱਕ ਛੋਟੇ ਜਿਹੇ ਪਿੰਡ ਵਾਂਦਰ ਜਟਾਣਾ 'ਚ ਹੋਇਆ। ਫ਼ਿਲਮ ਪੱਤਰਕਾਰ ਤੇ ਮੰਗਲ ਢਿੱਲੋਂ ਦੇ ਨਜ਼ਦੀਕੀ ਰਹੇ ਪਰਮਜੀਤ ਫ਼ਰੀਦਕੋਟ ਦੱਸਦੇ ਹਨ ਕਿ ਜ਼ਿਮੀਦਾਰ ਪਰਿਵਾਰ ਸੀ ਤੇ ਮੰਗਲ ਨੂੰ ਅਧਿਆਪਕ ਬਣਾਉਣ ਦੀ ਇੱਛਾ ਸੀ। ਮੰਗਲ ਨੇ ਪੰਜ ਗਰਾਈਆਂ ਦੇ ਸਰਕਾਰੀ ਸਕੂਲ ਤੋਂ ਆਪਣੀ ਪੜ੍ਹਾਈ ਸ਼ੁਰੂ ਕੀਤੀ ਪਰ ਪ੍ਰਾਇਮਰੀ ਕਲਾਸਾਂ ਦੌਰਾਨ ਹੀ ਉਹ ਆਪਣੇ ਪਿਤਾ ਨਾਲ ਉੱਤਰ ਪ੍ਰਦੇਸ਼ ਚਲੇ ਗਏ।

ਲਖੀਮਪੁਰ ਖੇੜੀ ਜ਼ਿਲ੍ਹੇ 'ਚ ਰਹੇ ਤੇ ਉਥੋਂ ਹੀ ਦੱਸਵੀਂ ਤੱਕ ਦੀ ਪੜ੍ਹਾਈ ਕੀਤੀ। ਪਿਤਾ ਪੰਜਾਬ ਮੁੜ ਆਏ ਤਾਂ ਮੰਗਲ ਵੀ ਵਾਪਸ ਆ ਗਏ ਤੇ ਕੋਟਕਪੂਰਾ ਤੋਂ ਉਨ੍ਹਾਂ ਨੇ 12ਵੀਂ ਤੱਕ ਦੀ ਪੜ੍ਹਾਈ ਕੀਤੀ। ਮੁਕਤਸਰ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਨ੍ਹਾਂ ਨੇ ਦਿੱਲੀ 'ਚ ਕੁਝ ਸਮਾਂ ਥਿਏਟਰ ਕੀਤਾ। ਸ਼ੌਕ ਅੱਗੇ ਵਧਿਆ ਤੇ ਉਨ੍ਹਾਂ ਨੇ ਪੰਜਾਬ ਯੁਨੀਵਰਸਿਟੀ, ਚੰਡੀਗੜ੍ਹ ਦੇ ਇੰਡੀਅਨ ਥਿਏਟਰ ਵਿਭਾਗ 'ਚ ਅਦਾਕਾਰੀ ਨਿਖਾਰਨ ਲਈ ਡਿਪਲੋਮਾ ਕਰਨਾ ਸ਼ੁਰੂ ਕਰ ਦਿੱਤਾ। ਮੰਗਲ ਦਾ ਵਿਆਹ ਮੁੰਬਈ 'ਚ ਹੀ ਰੀਤੂ ਢਿੱਲੋਂ ਨਾਲ ਹੋਇਆ ਤੇ ਉਨ੍ਹਾਂ ਦੇ ਦੋ ਬੱਚੇ ਹਨ। ਬੇਟਾ ਨਾਨਕ ਤੇ ਧੀ ਨਾਨਕੀ। 

ਮੰਗਲ ਢਿੱਲੋਂ

ਪਰਿਵਾਰ ਦੀ ਇੱਛਾ ਦੇ ਵਿਰੁੱਧ ਫ਼ਿਲਮਾਂ ’ਚ ਜਾਣਾ

ਮੰਗਲ ਢਿੱਲੋਂ ਦੇ ਪਰਿਵਾਰ ਨੇ ਪੜ੍ਹਾਈ ਲਈ ਮੰਗਲ ਨੂੰ ਹਮੇਸ਼ਾ ਉਤਸ਼ਾਹਿਤ ਕੀਤਾ। ਉਨ੍ਹਾਂ ਦੇ ਪਿਤਾ ਅਤੇ ਤਾਇਆ ਖੇਤੀ ਕਰਦੇ ਸਨ। ਉਹ ਚਾਹੁੰਦੇ ਸਨ ਕਿ ਮੰਗਲ ਖੇਤੀ ਦੀ ਬਜਾਇ ਪੜ੍ਹ-ਲਿਖ ਕੇ ਆਪਣਾ ਭਵਿੱਖ ਬਣਾਏ। ਪਰਿਵਾਰ ਦੀ ਇੱਛਾ ਸੀ ਕਿ ਮੰਗਲ ਅਧਿਆਪਕ ਬਣਨ ਤਾਂ ਜੋ ਪਰਿਵਾਰ ਨੂੰ ਆਰਥਿਕ ਮਦਦ ਮਿਲੇ ਤੇ ਨਾਲ ਹੀ ਘਰ 'ਚ ਪੜ੍ਹਾਈ ਦਾ ਮਾਹੌਲ ਵੀ ਬਣਿਆ ਰਹੇ ਪਰ ਮੰਗਲ ਦੀ ਸ਼ਖ਼ਸੀਅਤ ਬਾਗੀ ਸੁਰਾਂ ਵਾਲੀ ਸੀ ਤੇ ਨਾਲ ਹੀ ਉਹ ਦਿਲ ਦੀ ਮੰਨਣ ਦੇ ਕਾਇਲ ਸਨ। ਮੰਗਲ ਨੇ ਫ਼ਿਲਮਾਂ ਚੁਣੀਆਂ ਤੇ ਮੁੰਬਈ ਦਾ ਰੁਖ਼ ਕਰ ਲਿਆ ਪਰਿਵਾਰ ਨਾਖ਼ੁਸ਼ ਸੀ ਪਰ ਉਨ੍ਹਾਂ ਦੀ ਮਿਹਨਤ ਨਾਲ ਹਾਸਿਲ ਕੀਤੀ ਕਾਮਯਾਬੀ ਨੇ ਸਭ ਨੂੰ ਕੀਲ ਦਿੱਤਾ।

ਮੰਗਲ ਢਿੱਲੋਂ

ਫ਼ਿਲਮ ਨਿਰਦੇਸ਼ਕ, ਲੇਖਕ ਤੇ ਅਦਾਕਾਰ

ਮੰਗਲ ਨੂੰ ਫ਼ਿਲਮਾਂ 'ਚ ਅਦਾਕਾਰੀ ਕਰਨ ਦੇ ਨਾਲ-ਨਾਲ ਨਿਰਦੇਸ਼ਨ ਕਰਨ ਦਾ ਵੀ ਸ਼ੌਕ ਸੀ। ਉਨ੍ਹਾਂ ਦੀ ਅਦਾਕਾਰੀ ਦਾ ਸਫ਼ਰ 1986 'ਚ ਬੁਨਿਆਦ ਤੇ ਕਥਾ ਸਾਗਰ ਨਾਮ ਦੇ ਲੜੀਵਾਰਾਂ ਤੋਂ ਹੋਇਆ। ਇਹ ਬੁਨਿਆਦ ਨਾਮ ਦਾ ਲੜੀਵਾਰ ਸੀ, ਜਿਸ ਨੇ ਮੰਗਲ ਢਿੱਲੋਂ ਦੀਆਂ ਮੁੰਬਈ 'ਚ ਨੀਹਾਂ ਮਜ਼ਬੂਤ ਕਰਨ ਦਾ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਤੋਂ ਬਾਅਦ ਇੱਕ ਚੰਗੇ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਮੌਲਾਨਾ ਆਜ਼ਾਦ ਨਾਮ ਦੇ ਸੀਰੀਅਲ 'ਚ ਮੁੱਖ ਭੂਮਿਕਾ ਨਿਭਾਈ। ਅਦਾਕਾਰੀ ਸ਼ੁਰੂ ਕਰਨ ਦੇ ਮਹਿਜ਼ ਦੋ ਸਾਲ ਬਾਅਦ 1988 'ਚ ਉਹ ਫ਼ਿਲਮ ਖ਼ੂਨ ਭਰੀ ਮਾਂਗ 'ਚ ਇੱਕ ਵਕੀਲ ਦੇ ਰੋਲ 'ਚ ਨਜ਼ਰ ਆਏ। ਉਨ੍ਹਾਂ ਨੇ 25 ਤੋਂ ਵੱਧ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ।

ਮੰਗਲ ਢਿੱਲੋਂ

ਸਿੱਖ ਸਿਧਾਂਤ ਦੇ ਪ੍ਰਚਾਰ ਲਈ ਸਮਰਪਿਤ ਹੋਣਾ

ਮੰਗਲ ਢਿੱਲੋਂ ਦਾ ਪਰਿਵਾਰ ਧਾਰਮਿਕ ਸੀ ਤੇ ਸਿੱਖ ਸਿਧਾਂਤ ’ਤੇ ਵਿਸ਼ਵਾਸ ਕਰਦਾ ਸੀ। ਸ਼ਾਇਦ ਇਥੋਂ ਹੀ ਮੰਗਲ ਦੇ ਅਧਿਆਤਮਕ ਹੋਣ ਦੀ ਨੀਂਹ ਬੱਝੀ ਸੀ। ਲੰਬਾ ਸਮਾਂ ਮੁੰਬਈ ਨੂੰ ਦੇਣ ਤੋਂ ਬਾਅਦ ਕਰੀਬ ਡੇਢ ਦਹਾਕਾ ਪਹਿਲਾਂ ਪੰਜਾਬ ਵਾਪਸ ਆ ਗਏ। ਉਨ੍ਹਾਂ ਨੇ ਧਾਰਮਿਕ ਫ਼ਿਲਮਾਂ ਦਾ ਰੁਖ਼ ਕੀਤਾ ਤੇ ਨਿਰਦੇਸ਼ਨ ਵੀ ਸ਼ੁਰੂ ਕੀਤਾ। ਨਿਰਦੇਸ਼ਕ ਵਜੋਂ ਮੰਗਲ ਨੇ ਅਜਿਹੀਆਂ ਫ਼ਿਲਮਾਂ ਨੂੰ ਤਰਜੀਹ ਦਿੱਤੀ, ਜੋ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਅਤੇ ਵਿਰਸੇ ਨਾਲ ਜੋੜਨ 'ਚ ਸਹਾਈ ਹੋ ਸਕਣ। ਉਨ੍ਹਾਂ ਨੇ ਖ਼ਾਲਸਾ ਨਾਮ ਦੀ ਫ਼ਿਲਮ ਬਣਾਈ। ਇਹ ਫ਼ਿਲਮ ਖਾਲਸਾ ਪੰਥ ਦੀ ਸ਼ੁਰੂਆਤ ਦੇ ਨਾਲ-ਨਾਲ ਗੁਰੂ ਗੋਬਿੰਦ ਦੀ ਜ਼ਿੰਦਗੀ ’ਤੇ ਅਧਾਰਿਤ ਸੀ। ਪੰਜਾਬੀ, ਹਿੰਦੀ ਤੇ ਅੰਗਰੇਜ਼ੀ 'ਚ ਮੌਜੂਦ ਇਸ ਫ਼ਿਲਮ 'ਚ ਗੁਰੂ ਤੇਗ ਬਾਹਦਰ ਸਾਹਿਬ ਦੀ ਸ਼ਹਾਦਤ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਦੇ ਜੋਤੀ ਜੋਤ ਸਮਾਉਣ ਤੱਕ ਦੇ ਅਹਿਮ ਸਿੱਖ ਇਤਿਹਾਸ ਨੂੰ ਦਰਸਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਹਰਿਮੰਦਰ ਸਾਹਿਬ ਬਾਰੇ ਫ਼ਿਲਮ 'ਪ੍ਰਕਾਸ਼ ਤੋਂ ਪ੍ਰਕਾਸ਼ ਤੱਕ' ਬਣਾਈ। ਇਸ ਫ਼ਿਲਮ 'ਚ ਦਰਬਾਰ ਸਾਹਿਬ 'ਚ ਇੱਕ ਪੂਰੇ ਦਿਨ, 24 ਘੰਟਿਆਂ ਦੀ ਮਰਿਆਦਾ ਨੂੰ ਦਿਖਾਇਆ ਗਿਆ ਸੀ। ਮੰਗਲ ਮੁਸਲਮਾਨ ਸ਼ਾਸਕ ਔਰੰਗਜ਼ੇਬ ਬਾਰੇ ਇੱਕ ਫ਼ਿਲਮ ਬਣਾਉਣਾ ਚਾਹੁੰਦੇ ਸਨ, ਜਿਸ 'ਚ ਮੁੱਖ ਕਿਰਦਾਰ ਨਿਭਾਉਣਾ ਚਾਹੁੰਦੇ ਸਨ। ਪਰ ਬਿਮਾਰੀ ਦੇ ਚਲਦਿਆਂ ਦੁਨੀਆਂ ਨੂੰ ਅਲਵਿਦਾ ਕਹਿਣ ਕਾਰਨ ਅਜਿਹਾ ਨਾ ਹੋ ਸਕਿਆ।

ਮੰਗਲ ਢਿੱਲੋਂ

ਸਮਾਜ ਸੇਵਾ ਤੇ ਧਾਰਮਿਕ ਯੂਟਿਊਬ ਚੈਨਲ

ਮੰਗਲ ਢਿੱਲੋਂ ਦਾ ਮੁੰਬਈ ਤੋਂ ਪੰਜਾਬ ਆਉਣ ਦਾ ਮਕਸਦ ਅਧਿਆਤਮ ਨੂੰ ਸਮਰਪਿਤ ਹੋਣਾ ਤੇ ਲੋੜਵੰਦਾਂ ਲਈ ਮਦਦਗਾਰ ਹੋਣਾ ਸੀ। ਇਸ ਦੌਰਾਨ ਉਨ੍ਹਾਂ ਨੇ ‘ਮੰਗਲ ਢਿੱਲੋਂ’ ਨਾਮ ਦਾ ਇੱਕ ਯੂਟਿਊਬ ਚੈਨਲ ਵੀ ਬਣਾਇਆ। ਜੁਲਾਈ 2009 'ਚ ਬਣੇ ਇਸ ਚੈਨਲ ਬਾਰੇ ਦਿੱਤੀ ਜਾਣਕਾਰੀ 'ਚ ਲਿਖਿਆ ਗਿਆ ਹੈ ਕਿ ਇਹ ਸਿੱਖਿਆ, ਇਤਿਹਾਸ, ਧਰਮ, ਸਮਾਜਿਕ ਤੇ ਆਸਥਾ ਭਰਿਆ ਫ਼ਿਲਮਾਂ ਨੂੰ ਸਮਰਪਿਤ ਹੈ । ਅਜਿਹੇ ਕੰਮ ਨੂੰ ਸਮਰਪਿਤ ਜੋ ਸਿਖਾਏ, ਜਾਗਰੂਕ ਕਰੇ ਤੇ ਤੰਦਰੁਸਤ ਹੋਣ ਦਾ ਰਾਹ ਦਿਖਾਏ, ਜੋ ਅੰਤ ਨੂੰ ਮੁਕਤੀ ਦੀ ਰਾਹ ਹੋਵੇ।

ਇਸ ਚੈਨਲ 'ਤੇ ਮੰਗਲ ਢਿੱਲੋਂ ਨੇ ਵੱਖ-ਵੱਖ ਵਿਸ਼ਿਆ ’ਤੇ ਵੀਡੀਓਜ਼ ਪਾਈਆਂ ਹੋਈਆਂ ਹਨ। ਮੰਗਲ ਦੀਆਂ ਸਤਸੰਗ ਕਰਦਿਆਂ ਦੀਆਂ ਵੀਡੀਓਜ਼ ਵੀ ਮੌਜੂਦ ਹਨ। ਮੰਗਲ ਨੇ ‘ਗੁਰਬਾਣੀ ਦਾ ਚਮਤਕਾਰ’ ਨਾਮ ਹੇਠ ਕਰੀਬ 100 ਐਪੀਸੋਡ ਬਣਾਏ ਹਨ, ਜਿਨ੍ਹਾਂ 'ਚ ਉਨ੍ਹਾਂ ਦਾ ਦਾਅਵਾ ਹੈ ਕਿ ਲੋਕ ਠੀਕ ਹੋਏ ਹਨ। ਅੱਜ ਕੱਲ੍ਹ ਉਹ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ 'ਚ ਪੈਂਦੇ ਪਿੰਡ ਨੀਲੋਂ ਕਲਾਂ 'ਚ ਰਹਿ ਰਹੇ ਸਨ। ਇੱਥੇ ਉਨ੍ਹਾਂ ਨੇ ‘ਸਰਬ ਰੋਗ ਕਾ ਔਖਦ ਨਾਓ’ ਨਾਮ ਦੀ ਇੱਕ ਸੰਸਥਾ ਬਣਾਈ ਹੋਈ ਸੀ। ਉਨ੍ਹਾਂ ਦੀ ਇੱਥੇ ਹੀ ਇੱਕ ਅਜਿਹਾ ਹਸਪਤਾਲ ਬਣਾਉਣ ਦੀ ਯੋਜਨਾ ਸੀ, ਜਿੱਥੇ ਲੋੜਵੰਦਾਂ ਦਾ ਇਲਾਜ ਮੁਫ਼ਤ ਹੋ ਸਕੇ।

ਮੰਗਲ ਢਿੱਲੋਂ


author

sunita

Content Editor

Related News