ਮਸ਼ਹੂਰ ਅਦਾਕਾਰ ਬਿਕਰਮਜੀਤ ਕੰਵਰਪਾਲ ਦਾ ਦਿਹਾਂਤ, ਆਰਮੀ 'ਚੋਂ ਸੇਵਾ ਮੁਕਤ ਹੋ ਕੇ ਬਾਲੀਵੁੱਡ 'ਚ ਰੱਖਿਆ ਸੀ ਕਦਮ

Saturday, May 01, 2021 - 11:07 AM (IST)

ਮਸ਼ਹੂਰ ਅਦਾਕਾਰ ਬਿਕਰਮਜੀਤ ਕੰਵਰਪਾਲ ਦਾ ਦਿਹਾਂਤ, ਆਰਮੀ 'ਚੋਂ ਸੇਵਾ ਮੁਕਤ ਹੋ ਕੇ ਬਾਲੀਵੁੱਡ 'ਚ ਰੱਖਿਆ ਸੀ ਕਦਮ

ਮੁੰਬਈ (ਬਿਊਰੋ) - ਬਾਲੀਵੁੱਡ ਤੇ ਟੈਲੀਵਿਜ਼ਨ ਦੇ ਮਸ਼ਹੂਰ ਅਦਾਕਾਰ ਬਿਕਰਮਜੀਤ ਕੰਵਰਪਾਲ ਦਾ ਕੋਰੋਨਾ ਦੇ ਚੱਲਦਿਆਂ ਦਿਹਾਂਤ ਹੋ ਗਿਆ ਹੈ। ਬਿਕਰਮਜੀਤ ਕੰਵਰਪਾਲ ਨੂੰ ਕੋਰੋਨਾ ਹੋਇਆ ਸੀ। ਉਨ੍ਹਾਂ ਦਾ ਇਲਾਜ ਵੀ ਚੱਲ ਰਿਹਾ ਸੀ ਪਰ ਉਹ ਕੋਵਿਡ ਤੋਂ ਆਪਣੀ ਜ਼ਿੰਦਗੀ ਨਾ ਜਿੱਤ ਸਕੇ। 
ਦੱਸ ਦਈਏ ਕਿ ਬਿਕਰਮਜੀਤ ਬਹੁਤ ਸਾਰੇ ਟੀ. ਵੀ. ਸੀਰੀਅਲਾਂ ਅਤੇ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ। ਫ਼ਿਲਮ ਨਿਰਦੇਸ਼ਕ ਅਤੇ ਨਿਰਮਾਤਾ ਅਸ਼ੋਕ ਪੰਡਿਤ ਨੇ ਇਸ ਦੁਖਦ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਆਪਣੇ ਟਵਿੱਟਰ 'ਤੇ ਬਿਕਰਮਜੀਤ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ, 'ਮੇਜਰ ਬਿਕਰਮਜੀਤ ਕੰਵਰਪਾਲ ਦੀ ਕੋਵਿਡ ਕਾਰਨ ਦਿਹਾਂਤ ਦੀ ਖ਼ਬਰ ਸੁਣ ਕੇ ਬੇਹੱਦ ਦੁੱਖੀ ਹਾਂ। ਇਕ ਸੇਵਾ ਮੁਕਤ ਆਰਮੀ ਅਫ਼ਸਰ, ਜਿਨ੍ਹਾਂ ਨੇ ਬਹੁਤ ਸਾਰੀਆਂ ਫ਼ਿਲਮਾਂ ਅਤੇ ਟੀ. ਵੀ. ਸੀਰੀਅਲਾਂ 'ਚ ਕੰਮ ਕੀਤਾ। ਉਨ੍ਹਾਂ ਦੇ ਪਰਿਵਾਰ ਨਾਲ ਮੇਰੀ ਹਮਦਰਦੀ ਹੈ। ਓਮ ਸ਼ਾਂਤੀ।'

ਕਾਸਟਿੰਗ ਡਾਇਰੈਕਟਰ ਤੇ ਫ਼ਿਲਮਕਾਰ ਮੁਕੇਸ਼ ਛਾਬਰਾ ਨੇ ਵੀ ਬਿਕਰਮਜੀਤ ਨੂੰ ਸ਼ਰਧਾਂਜਲੀ ਦਿੱਤੀ ਹੈ।

ਦੱਸਣਯੋਗ ਹੈ ਕਿ ਬਿਕਰਮਜੀਤ ਕੰਵਰਪਾਲ ਨੇ ਇੰਡੀਅਨ ਆਰਮੀ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਸਾਲ 2003 'ਚ ਆਪਣੇ ਅਭਿਨੈ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ 'ਪੇਜ 3', 'ਰਾਕੇਟ ਸਿੰਘ ਸੇਲਸਮੈਨ ਆਫ ਦਿ ਈਅਰ', 'ਮਰਡਰ 2', '2 ਸਟੇਟਸ' ਅਤੇ 'ਦਿ ਗਾਜੀ ਅਟੈਕ' ਵਰਗੀਆਂ ਫ਼ਿਲਮਾਂ 'ਚ ਅਭਿਨੈ ਕੀਤਾ। ਉਨ੍ਹਾਂ ਨੇ 'ਸ਼ੌਰਿਆ' ਅਤੇ '1971' ਵਰਗੀਆਂ ਫ਼ਿਲਮਾਂ 'ਚ ਫੌਜੀ ਅਧਿਕਾਰੀਆਂ ਦੀਆਂ ਭੂਮਿਕਾਵਾਂ ਨਿਭਾਈਆਂ। ਹਾਲ ਹੀ 'ਚ ਉਹ ਡਿਜ਼ਨੀ ਹੌਟਸਟਾਰ ਵੈੱਬ ਸ਼ੋਅ 'ਚ ਇੱਕ ਰਾਅ ਅਧਿਕਾਰੀ ਦੀ ਭੂਮਿਕਾ 'ਚ ਨਜ਼ਰ ਆਏ ਸਨ। 

ਹਿਮਾਚਲ ਪ੍ਰਦੇਸ਼ ਦੇ ਸੋਲਨ 'ਚ 1968 'ਚ ਪੈਦਾ ਹੋਏ ਬਿਕਰਮਜੀਤ ਕੰਵਰਪਾਲ ਭਾਰਤੀ ਸੈਨਿਕ ਅਧਿਕਾਰੀ ਦਵਾਰਕਨਾਥ ਕੰਵਰਪਾਲ ਦਾ ਪੁੱਤਰ ਸੀ, ਜਿਸ ਨੂੰ 1963 'ਚ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਵਿਕਰਮਜੀਤ ਨੂੰ ਸਾਲ 1989 'ਚ ਭਾਰਤੀ ਫੌਜ 'ਚ ਕਮਿਸ਼ਨ ਦਿੱਤਾ ਗਿਆ ਸੀ ਅਤੇ ਸਾਲ 2002 'ਚ ਭਾਰਤੀ ਫੌਜ 'ਚੋਂ ਮੇਜਰ ਵਜੋਂ ਸੇਵਾਮੁਕਤ ਹੋਏ ਸੀ। ਅਦਾਕਾਰ ਹੋਣਾ ਉਨ੍ਹਾਂ ਦਾ ਬਚਪਨ ਦਾ ਸੁਫ਼ਨਾ ਸੀ ਅਤੇ ਉਨ੍ਹਾਂ ਨੇ ਫੌਜ ਤੋਂ ਸੇਵਾਮੁਕਤ ਹੋ ਕੇ ਆਪਣਾ ਸੁਫ਼ਨਾ ਪੂਰਾ ਕੀਤਾ।

ਬਿਕਰਮਜੀਤ ਸਿੰਘ ਨੇ 'ਦੀਆ ਔਰ ਬਾਤੀ ਹਮ', 'ਯੇ ਹੈਂ ਚਾਹਤੇਂ', 'ਦਿਲ ਹੀ ਤੋਂ ਹੈ', '24', 'ਤੇਨਾਲੀ ਰਾਮ', 'ਕ੍ਰਾਈਮ ਪੈਟਰੋਲ ਦਸਤਕ', 'ਸਿਆਸਤ', 'ਨੀਲੀ ਛੱਤਰੀਵਾਲੇ', 'ਮੇਰੀ ਮੈਂ ਰੰਗਵਾਲੀ', 'ਕਾਸਮ ਤੇਰੇ ਪਿਆਰ ਕੀ' ਵਰਗੇ ਟੀ. ਵੀ. ਸ਼ੋਅਜ਼ 'ਚ ਅਹਿਮ ਭੂਮਿਕਾ ਨਿਭਾਈ ਸੀ।


author

sunita

Content Editor

Related News