‘ਪੁਆੜਾ’ ਫ਼ਿਲਮ ਦਾ ਪਹਿਲਾ ਗੀਤ ‘ਆਏ ਹਾਏ ਜੱਟੀਏ’ ਰਿਲੀਜ਼, ਭੰਗੜਾ ਪਾਉਣ ’ਤੇ ਕਰੇਗਾ ਮਜਬੂਰ

03/17/2021 6:38:22 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਪੁਆੜਾ’ ਦਾ ਹਾਲ ਹੀ ’ਚ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹੁਣ ਫ਼ਿਲਮ ਦਾ ਪਹਿਲਾ ਗੀਤ ਰਿਲੀਜ਼ ਹੋਇਆ ਹੈ।

ਰਿਲੀਜ਼ ਹੋਏ ਗੀਤ ਦਾ ਨਾਂ ਹੈ ‘ਆਏ ਹਾਏ ਜੱਟੀਏ’। ਇਹ ਇਕ ਭੰਗੜਾ ਗੀਤ ਹੈ ਤੇ ਗੀਤ ਨੂੰ ਸੁਣ ਕੇ ਤੁਸੀਂ ਵੀ ਭੰਗੜਾ ਪਾਉਣ ’ਤੇ ਮਜਬੂਰ ਹੋ ਜਾਓਗੇ। ਇਸ ਗੀਤ ’ਚ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਮਿੱਠੀ ਨੋਕ-ਝੋਕ ਦੇਖਣ ਨੂੰ ਮਿਲ ਰਹੀ ਹੈ। ਇੰਝ ਲੱਗ ਰਿਹਾ ਹੈ ਜਿਵੇਂ ਗੀਤ ’ਚ ਐਮੀ ਵਿਰਕ ਸੋਨਮ ਬਾਜਵਾ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਗੀਤ ਨੂੰ ਆਵਾਜ਼ ਵੀ ਖ਼ੁਦ ਐਮੀ ਵਿਰਕ ਨੇ ਦਿੱਤੀ ਹੈ, ਜਿਸ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਤੇ ਸੰਗੀਤ ਵੀ. ਰੈਕਸ ਮਿਊਜ਼ਿਕ ਨੇ ਦਿੱਤਾ ਹੈ। ਯੂਟਿਊਬ ’ਤੇ ਇਹ ਗੀਤ ਜ਼ੀ ਮਿਊਜ਼ਿਕ ਕੰਪਨੀ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ।

ਦੱਸਣਯੋਗ ਹੈ ਕਿ ਲਗਭਗ ਇਕ ਸਾਲ ਤੋਂ ਵੱਧ ਸਮੇਂ ਬਾਅਦ ਕੋਈ ਪੰਜਾਬੀ ਫ਼ਿਲਮ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ‘ਪੁਆੜਾ’ ਫ਼ਿਲਮ ਦੇ ਟਰੇਲਰ ਨੂੰ ਯੂਟਿਊਬ ’ਤੇ 6 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਹ ਸੰਕੇਤ ਹਨ ਕਿ ਪੰਜਾਬੀ ਦਰਸ਼ਕ ਇਸ ਫ਼ਿਲਮ ਨੂੰ ਸਿਨੇਮਾਘਰਾਂ ’ਚ ਦੇਖਣ ਲਈ ਤਿਆਰ ਹਨ। ਫ਼ਿਲਮ ’ਚ ਐਮੀ ਤੇ ਸੋਨਮ ਤੋਂ ਇਲਾਵਾ ਅਨੀਤਾ ਦੇਵਗਨ, ਹਰਦੀਪ ਗਿੱਲ, ਸੀਮਾ ਕੌਸ਼ਲ, ਸੁਖਵਿੰਦਰ ਸਿੰਘ ਚਾਹਲ, ਨਿਸ਼ਾ ਬਾਨੋ, ਗੁਰਪ੍ਰੀਤ ਭੰਗੂ, ਪ੍ਰਕਾਸ਼ ਗਾਧੂ, ਸੁਖਵਿੰਦਰ ਰਾਜ, ਮਿੰਟੂ ਕਾਪਾ ਤੇ ਹਨੀ ਮੱਟੂ ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ਫ਼ਿਲਮ ਰੁਪਿੰਦਰ ਚਾਹਲ ਨੇ ਡਾਇਰੈਕਟ ਕੀਤੀ ਹੈ, ਜਿਸ ਨੂੰ ਪ੍ਰੋਡਿਊਸ ਅਤੁਲ ਭੱਲਾ, ਪਵਨ ਗਿੱਲ, ਅਨੁਰਾਗ ਸਿੰਘ, ਅਮਨ ਗਿੱਲ ਤੇ ਬਲਵਿੰਦਰ ਸਿੰਘ ਜੰਜੂਆ ਨੇ ਕੀਤਾ ਹੈ ਤੇ ਇਸ ਦੇ ਕੋ-ਪ੍ਰੋਡਿਊਸਰ ਆਦਿਤਿਆ ਸ਼ਾਸਤਰੀ ਹਨ।

ਫ਼ਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਬਲਵਿੰਦਰ ਸਿੰਘ ਜੰਜੂਆ, ਰੁਪਿੰਦਰ ਚਾਹਲ ਤੇ ਅਨਿਲ ਰੋਧਾਨ ਨੇ ਲਿਖਿਆ ਹੈ, ਜਦਕਿ ਐਡੀਸ਼ਨਲ ਸਕ੍ਰੀਨਪਲੇਅ ਤੇ ਡਾਇਲਾਗਸ ਰਾਕੇਸ਼ ਧਵਨ ਦੇ ਹਨ। ਫ਼ਿਲਮ ਦਾ ਸੰਗੀਤ ਵੀ. ਰੈਕਸ ਮਿਊਜ਼ਿਕ ਨੇ ਤਿਆਰ ਕੀਤਾ ਹੈ ਤੇ ਇਸ ਦੇ ਗੀਤ ਹੈਪੀ ਰਾਏਕੋਟੀ ਤੇ ਹਰਮਨਜੀਤ ਨੇ ਲਿਖੇ ਹਨ।

ਫ਼ਿਲਮ ਜ਼ੀ ਸਟੂਡੀਓਜ਼ ਤੇ ਏ ਐਂਡ ਏ ਪਿਕਚਰਜ਼ ਦੀ ਪੇਸ਼ਕਸ਼ ਹੈ ਤੇ ਪ੍ਰੋਡਕਸ਼ਨ ਬ੍ਰੈਟ ਫ਼ਿਲਮਜ਼ ਦੀ ਹੈ। ਕਾਮੇਡੀ ਨਾਲ ਭਰਪੂਰ ਇਹ ਫ਼ਿਲਮ ਦੁਨੀਆ ਭਰ ’ਚ 2 ਅਪ੍ਰੈਲ, 2021 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News