‘ਲਾਲ ਸਿੰਘ ਚੱਢਾ’ ਵਾਂਗ ਆਮਿਰ ਖ਼ਾਨ ਦੀ ਅਗਲੀ ਫ਼ਿਲਮ ਵੀ ਰੀਮੇਕ

09/29/2022 3:57:50 PM

ਮੁੰਬਈ (ਬਿਊਰੋ)– ਆਮਿਰ ਖ਼ਾਨ ਵੀ ਰੀਮੇਕ ਕਿੰਗ ਬਣਦੇ ਨਜ਼ਰ ਆ ਰਹੇ ਹਨ। ਆਮਿਰ ਖ਼ਾਨ ਦੀ ਹਾਲ ਹੀ ’ਚ ਰਿਲੀਜ਼ ਫ਼ਿਲਮ ‘ਲਾਲ ਸਿੰਘ ਚੱਢਾ’ ਹਾਲੀਵੁੱਡ ਫ਼ਿਲਮ ‘ਦਿ ਫਾਰੇਸਟ ਗੰਪ’ ਦੀ ਅਧਿਕਾਰਕ ਰੀਮੇਕ ਸੀ। 180 ਕਰੋੜ ਰੁਪਏ ਦੇ ਬਜਟ ’ਚ ਬਣੀ ਇਹ ਫ਼ਿਲਮ ਬਾਕਸ ਆਫਿਸ ’ਤੇ ਬੁਰੀ ਤਰ੍ਹਾਂ ਫਲਾਪ ਰਹੀ ਤੇ ਲਗਭਗ 70 ਕਰੋੜ ਰੁਪਏ ਹੀ ਕਮਾ ਸਕੀ ਸੀ।

ਹੁਣ ਆਮਿਰ ਖ਼ਾਨ ਇਕ ਹੋਰ ਵਿਦੇਸ਼ੀ ਫ਼ਿਲਮ ਦੀ ਰੀਮੇਕ ਬਣਾਉਣ ਦੀ ਰਾਹ ’ਤੇ ਤੁਰ ਪਏ ਹਨ। ਆਮਿਰ ਖ਼ਾਨ ਦੀ ਅਗਲੀ ਫ਼ਿਲਮ ਦੀ ਸ਼ੂਟਿੰਗ 2023 ਤੋਂ ਸ਼ੁਰੂ ਹੋਣ ਜਾ ਰਹੀ ਹੈ। ਆਮਿਰ ਖ਼ਾਨ ਹੁਣ ਮਸ਼ਹੂਰ ਵਿਦੇਸ਼ੀ ਫ਼ਿਲਮਾਂ ਦੇ ਰੀਮੇਕ ਬਣਾ ਕੇ ਹੀ ਅੱਗੇ ਵਧਣਾ ਚਾਹੁੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਚਲਦਿਆਂ ਸ਼ੈਰੀ ਮਾਨ ਨੇ ਮੰਗੀ ਮੁਆਫ਼ੀ

ਮੀਡੀਆ ਰਿਪੋਰਟ ਮੁਤਾਬਕ ਆਮਿਰ ਖ਼ਾਨ ਦੀ ਅਗਲੀ ਫ਼ਿਲਮ ਸਪੈਨਿਸ਼ ਫ਼ਿਲਮ ‘ਕੈਂਪੀਓਨਜ਼’ ਦੀ ਰੀਮੇਕ ਹੋਵੇਗੀ। ਇਸ ਫ਼ਿਲਮ ਨੂੰ ‘ਸ਼ੁਭ ਮੰਗਲ ਸਾਵਧਾਨ’ ਦੇ ਡਾਇਰੈਕਟਰ ਆਰ. ਐੱਸ. ਪ੍ਰਸੰਨਾ ਡਾਇਰੈਕਟ ਕਰਨਗੇ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਫ਼ਿਲਮ ਲਈ ਅਨੁਸ਼ਕਾ ਸ਼ਰਮਾ ਨੂੰ ਅਪ੍ਰੋਚ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਨੁਸ਼ਕਾ ਸ਼ਰਮਾ ਤੇ ਆਮਿਰ ਖ਼ਾਨ ਦੀ ਜੋੜੀ ‘ਪੀਕੇ’ ’ਚ ਵੀ ਨਜ਼ਰ ਆ ਚੁੱਕੀ ਹੈ।

ਪੀਪਿੰਗ ਮੂਨ ਦੀ ਰਿਪੋਰਟ ਮੁਤਾਬਕ ਨਿਰਮਾਤਾਵਾਂ ਨੇ ਫ਼ਿਲਮ ਦੇ ਪ੍ਰੀ-ਪ੍ਰੋਡਕਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਫ਼ਿਲਮ ਲਈ 6 ਮਹੀਨੇ ਦਾ ਸ਼ੈਡਿਊਲ ਰਹਿਣ ਵਾਲਾ ਹੈ। ਫ਼ਿਲਮ ਨੂੰ ਸੋਨੀ ਪਿਕਚਰਜ਼ ਇੰਡੀਆ ਪ੍ਰੋਡਿਊਸ ਕਰੇਗੀ। ਫ਼ਿਲਮ ਦੀ ਸ਼ੂਟਿੰਗ ਅਗਲੇ ਸਾਲ ਜਨਵਰੀ ’ਚ ਹੀ ਸ਼ੁਰੂ ਹੋਣ ਦੀ ਉਮੀਦ ਹੈ ਕਿਉਂਕਿ ਅਜੇ ਆਮਿਰ ਖ਼ਾਨ ਅਮਰੀਕਾ ’ਚ ਛੁੱਟੀਆਂ ’ਤੇ ਹਨ ਤੇ ਉਥੋਂ ਵਾਪਸ ਆਉਣ ਤੋਂ ਬਾਅਦ ਉਹ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News