ਵੱਖਰੀ ਤਰ੍ਹਾਂ ਦੀ ਫ਼ਿਲਮ ਹੈ ‘ਸ਼ੌਂਕੀ ਸਰਦਾਰ’, ਐਕਸ਼ਨ ਦੇ ਨਾਲ ਦਿਖਾਵੇਗੀ ਪਰਿਵਾਰਕ ਸਾਂਝ
Thursday, May 15, 2025 - 01:28 PM (IST)

ਮੁੰਬਈ- ਪੰਜਾਬੀ ਫ਼ਿਲਮ ‘ਸ਼ੌਂਕੀ ਸਰਦਾਰ’ ਦੁਨੀਆ ਭਰ ’ਚ ਕੱਲ ਯਾਨੀ ਕਿ 16 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ’ਚ ਬੱਬੂ ਮਾਨ, ਗੁਰੂ ਰੰਧਾਵਾ, ਗੁੱਗੂ ਗਿੱਲ, ਨਿਮਰਿਤ ਕੌਰ ਆਹਲੂਵਾਲੀਆ, ਧੀਰਜ ਕੁਮਾਰ, ਹਸ਼ਨੀਨ ਚੌਹਾਨ ਤੇ ਸੁਨੀਤਾ ਧੀਰ ਵਰਗੇ ਕਲਾਕਾਰ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਧੀਰਜ ਕੇਦਾਰਨਾਥ ਰਤਨ ਨੇ ਡਾਇਰੈਕਟ ਕੀਤਾ ਹੈ, ਜੋ ਈਸ਼ਾਨ ਕਪੂਰ, ਸ਼ਾਹ ਜੰਡਿਆਲੀ, ਧਰਮਿੰਦਰ ਬਟੌਲੀ ਤੇ ਹਰਜੋਤ ਸਿੰਘ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। ਫ਼ਿਲਮ ਦੀ ਪ੍ਰਮੋਸ਼ਨ ਵੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ, ਜਿਸ ਦੌਰਾਨ ਬੱਬੂ ਮਾਨ ਤੇ ਗੁਰੂ ਰੰਧਾਵਾ ਨਾਲ ਖ਼ਾਸ ਗੱਲਬਾਤ ਕੀਤੀ ਗਈ। ਪੇਸ਼ ਹਨ ਇਸ ਗੱਲਬਾਤ ਦੇ ਮੁੱਖ ਅੰਸ਼–
ਸਵਾਲ–‘ਸ਼ੌਂਕੀ ਸਰਦਾਰ’ ਫ਼ਿਲਮ ’ਚ ਕੀ ਖ਼ਾਸ ਹੋਣ ਵਾਲਾ ਹੈ?
ਬੱਬੂ ਮਾਨ–ਅਸੀਂ ਅਲੱਗ ਤਰ੍ਹਾਂ ਦੀ ਫ਼ਿਲਮ ਬਣਾਉਣਾ ਚਾਹੁੰਦੇ ਸੀ। ਪੰਜਾਬੀ ਸਿਨੇਮਾ ’ਚ ਕਾਮੇਡੀ ਫ਼ਿਲਮਾਂ ਬਹੁਤ ਬਣਦੀਆਂ ਹਨ ਪਰ ਐਕਸ਼ਨ ਫ਼ਿਲਮਾਂ ਬਹੁਤ ਘੱਟ ਬਣਦੀਆਂ ਹਨ। ਸਾਊਥ ਦੀ ਫ਼ਿਲਮ ਨੂੰ ਸਾਡੇ ਪੰਜਾਬ ’ਚ ਕਾਫੀ ਪਸੰਦ ਕੀਤਾ ਜਾਂਦਾ ਹੈ ਤੇ ਇਸੇ ਕਰ ਕੇ ਅਸੀਂ ਸੋਚਿਆ ਕਿ ਐਕਸ਼ਨ ਫ਼ਿਲਮ ਬਣਾਈ ਜਾਵੇ। ਇਸ ਤੋਂ ਬਾਅਦ ਕਹਾਣੀ ਨੇ ਰੂਪ ਲਿਆ ਤੇ ਹੁਣ ਤੁਹਾਡੇ ਸਭ ਦੇ ਸਾਹਮਣੇ ਆਉਣ ਵਾਲੀ ਹੈ। ਇਹ ਵੱਖਰੇ ਤਰ੍ਹਾਂ ਦੀ ਫ਼ਿਲਮ ਹੈ, ਜੋ ਐਕਸ਼ਨ ਦੇ ਨਾਲ-ਨਾਲ ਪਰਿਵਾਰਕ ਸਾਂਝ ਵੀ ਦਿਖਾਉਂਦੀ ਹੈ।
ਸਵਾਲ–ਬੱਬੂ ਮਾਨ ਨਾਲ ਕੰਮ ਕਰਨ ਦਾ ਤਜਰਬਾ ਕਿਵੇਂ ਦਾ ਰਿਹਾ?
ਗੁਰੂ ਰੰਧਾਵਾ–ਮੈਂ ਬੱਬੂ ਮਾਨ ਦਾ ਬਚਪਨ ਤੋਂ ਹੀ ਫੈਨ ਰਿਹਾ ਹਾਂ। ਜਦੋਂ ਦਾ ਮੈਂ ਸੰਗੀਤ ਸੁਣਨ ਲੱਗਾ ਹਾਂ, ਬੱਬੂ ਮਾਨ ਨੂੰ ਦਿਲੋਂ ਸੁਣਿਆ ਹੈ। ਮੇਰਾ ਬਹੁਤ ਸਮੇਂ ਤੋਂ ਸੁਪਨਾ ਸੀ ਕਿ ਬੱਬੂ ਮਾਨ ਨਾਲ ਕੰਮ ਕੀਤਾ ਜਾਵੇ ਤੇ ਅੱਗੇ ਵੀ ਰਹੇਗਾ। ਉਨ੍ਹਾਂ ਨਾਲ ਗੀਤ ਕਰਨਾ ਬਹੁਤ ਲੋਕਾਂ ਦਾ ਸੁਪਨਾ ਹੈ, ਜੋ ਮੇਰਾ ‘ਪਾਗਲ’ ਗੀਤ ਰਾਹੀਂ ਪੂਰਾ ਹੋਇਆ। ਹੁਣ ਉਨ੍ਹਾਂ ਨਾਲ ‘ਸ਼ੌਂਕੀ ਸਰਦਾਰ’ ਫ਼ਿਲਮ ਕਰ ਰਿਹਾ ਹਾਂ। ਮੈਂ ਉਨ੍ਹਾਂ ਕੋਲੋਂ ਕੁਝ ਨਾ ਕੁਝ ਸਿੱਖਦਾ ਹੀ ਰਹਿੰਦਾ ਹਾਂ। ਨਾਲ ਹੀ ਗੁੱਗੂ ਗਿੱਲ ਵੀ ਫ਼ਿਲਮ ’ਚ ਮੇਰੇ ਨਾਲ ਹਨ ਤਾਂ ਸਾਥ ਪੂਰਾ ਸੀ।
ਸਵਾਲ– ਬਾਕੀ ਫ਼ਿਲਮਾਂ ਨਾਲੋਂ ‘ਸ਼ੌਂਕੀ ਸਰਦਾਰ’ ਫ਼ਿਲਮ ਦੀ ਟੀਮ ਕਿਵੇਂ ਵੱਖਰੀ ਹੈ?
ਬੱਬੂ ਮਾਨ–ਇਸ ਫ਼ਿਲਮ ’ਚ ਨਾ ਤਾਂ ਕਦੇ ਕਿਸੇ ਕਿਸਮ ਦਾ ਤਕਰਾਰ ਹੋਇਆ ਹੈ ਤੇ ਨਾ ਕੋਈ ਰੁਕਾਵਟ ਆਈ ਹੈ। ਸਾਰੇ ਆਪਣੇ ਕੰਮ ’ਚ ਡਟੇ ਰਹੇ ਹਨ। ਨਹੀਂ ਤਾਂ ਪੰਜਾਬੀ ਫ਼ਿਲਮਾਂ ਦਾ ਤੁਹਾਨੂੰ ਪਤਾ ਹੈ ਕਿ ਨਿੱਕੀ-ਨਿੱਕੀ ਗੱਲ ਤੋਂ ਕਲਾਕਾਰ ਰੁੱਸ ਜਾਂਦੇ ਹਨ। ਕਲਾਕਾਰਾਂ ਨੂੰ ਸ਼ੂਟਿੰਗ ਲੋਕੇਸ਼ਨ ਤੋਂ ਘਰ ਤੱਕ ਦਾ ਪੈਟਰੋਲ ਨਾ ਮਿਲੇ ਤਾਂ ਵੀ ਸ਼ੂਟਿੰਗ ਰੁਕ ਜਾਂਦੀ ਹੈ ਪਰ ਸਾਡੀ ਟੀਮ ਬਹੁਤ ਵਧੀਆ ਹੈ ਤੇ ਫ਼ਿਲਮ ਵੀ ਸੋਹਣੀ ਬਣੀ ਹੈ। ਵਧੀਆ ਫ਼ਿਲਮ ਉਦੋਂ ਹੀ ਬਣਦੀ ਹੈ, ਜਦੋਂ ਤੁਹਾਡੇ ਨਾਲ ਟੀਮ ਵਧੀਆ ਹੁੰਦੀ ਹੈ।
ਸਵਾਲ–ਤੁਸੀਂ ਅਦਾਕਾਰੀ ਲਈ ਕਿਹੜੇ ਕਲਾਕਾਰ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ?
ਗੁਰੂ ਰੰਧਾਵਾ–ਅਸੀਂ ਬੱਬੂ ਮਾਨ ਤੇ ਅਜਿਹੇ ਕਲਾਕਾਰਾਂ ਤੋਂ ਪ੍ਰਭਾਵਿਤ ਹੋਏ ਹਾਂ, ਜਿਨ੍ਹਾਂ ਨੇ ਹਮੇਸ਼ਾ ਪੰਜਾਬੀ ਭਾਸ਼ਾ ਨੂੰ ਅੱਗੇ ਲਿਜਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਬੱਬੂ ਮਾਨ ਦੇ ਕੱਟੜ ਫੈਨਜ਼ ’ਚ ਮੇਰਾ ਨਾਂ ਵੀ ਮੋਹਰੀ ਹੈ। ਆਪਣੇ ਪ੍ਰਸ਼ੰਸਕਾਂ ਲਈ ਇਨ੍ਹਾਂ ਨੇ ਹਮੇਸ਼ਾ ਵਧੀਆ ਕੰਮ ਕੀਤਾ ਹੈ। ਤੁਸੀਂ ਦੇਖੋ ਬੱਬੂ ਮਾਨ ਨੇ ਆਪਣੇ ਪ੍ਰਸ਼ੰਸਕ ਦਾ ਟੈਟੂ ਬਣਵਾਇਆ ਹੈ, ਜੋ ਬਹੁਤ ਵੱਡੀ ਗੱਲ ਹੈ।
ਸਵਾਲ– ਨਵੇਂ ਪ੍ਰੋਡਿਊਸਰ ਪੰਜਾਬੀ ਫ਼ਿਲਮਾਂ ’ਚ ਕਿਵੇਂ ਟਿਕੇ ਰਹਿ ਸਕਦੇ ਹਨ?
ਬੱਬੂ ਮਾਨ– ਇਸ ਫ਼ਿਲਮ ’ਚ ਗੁਰੂ, ਮੈਂ ਜਾਂ ਧੀਰਜ ਕਿਸੇ ਨੇ ਕੋਈ ਪੈਸਾ ਨਹੀਂ ਲਿਆ। ਇਹ ਸਾਡੇ ਮਿੱਤਰ ਹਨ, ਇਨ੍ਹਾਂ ਲਈ ਹੀ ਅਸੀਂ ਇਹ ਫ਼ਿਲਮ ਕੀਤੀ ਹੈ। ਅਸੀਂ ਚਾਹੁੰਦੇ ਹਾਂ ਕਿ ਨਵੇਂ ਪ੍ਰੋਡਿਊਸਰ ਖੜ੍ਹੇ ਹੋਣ। ਪ੍ਰੋਡਿਊਸਰ ਨੂੰ ਖਾ ਜਾਣ ਨਾਲ ਇੰਡਸਟਰੀ ਰੁਕਦੀ ਹੈ। ਜੇ ਅਸੀਂ ਸਹੀ ਢੰਗ ਨਾਲ ਕੰਮ ਕਰਾਂਗੇ ਤਾਂ ਨਵੇਂ ਪ੍ਰੋਡਿਊਸਰ ਖੜ੍ਹੇ ਹੋਣਗੇ ਤੇ ਇਸ ਨਾਲ ਸਿੱਧੇ ਤੌਰ ’ਤੇ 400 ਬੰਦਿਆਂ ਨੂੰ ਕੰਮ ਮਿਲੇਗਾ। ਇਹ ਕੰਮ ਉਦੋਂ ਹੀ ਲਗਾਤਾਰ ਚੱਲਦਾ ਰਹੇਗਾ, ਜਦੋਂ ਤਕ ਪ੍ਰੋਡਿਊਸਰ ਮੁੜ ਆ ਕੇ ਫ਼ਿਲਮਾਂ ਨਹੀਂ ਬਣਾਉਂਦੇ।
ਸਵਾਲ–ਫ਼ਿਲਮ ’ਚ ਕਿਹੜੇ-ਕਿਹੜੇ ਸ਼ੌਂਕ ਸਾਨੂੰ ਦੇਖਣ ਨੂੰ ਮਿਲਣ ਵਾਲੇ ਹਨ?
ਗੁਰੂ ਰੰਧਾਵਾ– ‘ਸ਼ੌਂਕੀ ਸਰਦਾਰ’ ਫ਼ਿਲਮ ’ਚ ਤੁਹਾਨੂੰ ਬਹੁਤ ਸਾਰੇ ਸ਼ੌਂਕ ਦੇਖਣ ਨੂੰ ਮਿਲਣਗੇ। ਪਹਿਲਾਂ ਸ਼ੌਂਕ ਹਥਿਆਰਾਂ ਦਾ ਹੈ ਕਿਉਂਕਿ ਇਸ ’ਚ ਬੱਬੂ ਮਾਨ ਹਨ। ਦੂਜਾ ਸ਼ੌਂਕ ਪਰਿਵਾਰ ਨੂੰ ਨਾਲ ਲੈ ਕੇ ਕਿਵੇਂ ਚੱਲਣਾ ਹੈ, ਤੀਜਾ ਸ਼ੌਂਕ ਪਰਿਵਾਰ ’ਚ ਇਕ-ਦੂਜੇ ਨੂੰ ਬੰਨ੍ਹ ਕੇ ਕਿਵੇਂ ਰੱਖਣਾ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸ਼ੌਂਕ ਹਨ, ਜੋ ਤੁਹਾਨੂੰ ਫ਼ਿਲਮ ’ਚ ਦੇਖਣ ਨੂੰ ਮਿਲਣਗੇ।