ਨੀਰਵ ਮੋਦੀ ਦਾ ਰਿਮਾਂਡ 7 ਜਨਵਰੀ ਤੱਕ ਵਧਿਆ, ਹੋਵੇਗੀ ਫ਼ੈਸਲਾਕੁੰਨ ਸੁਣਵਾਈ

12/30/2020 11:12:02 PM

ਲੰਡਨ- ਲੰਡਨ ਦੀ ਵੈਸਟਮਿੰਸਟਰ ਕੋਰਟ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਰਿਮਾਂਡ ਵਿਚ ਵਾਧਾ ਕਰਦੇ ਹੋਏ ਇਸ ਨੂੰ 7 ਜਨਵਰੀ ਤੱਕ ਵਧਾ ਦਿੱਤਾ ਹੈ। ਡਿਸਟ੍ਰਿਕਟ ਜੱਜ ਸੈਮੁਅਲ ਗੂਜ ਨੇ ਨੀਰਵ ਮੋਦੀ ਦੇ ਹਵਾਲਗੀ ਮਾਮਲੇ ਦੀ ਅੰਤਿਮ ਸੁਣਵਾਈ 7 ਅਤੇ 8 ਜਨਵਰੀ ਤੈਅ ਕੀਤੀ ਹੈ। 

ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਜੱਜ ਕੁਝ ਹਫ਼ਤਿਆਂ ਬਾਅਦ ਆਪਣਾ ਫੈਸਲਾ ਸੁਣਾਉਣਗੇ। ਨੀਰਵ ਮੋਦੀ ਲੰਡਨ ਦੀ ਵੈਂਡਸਵਰਥ ਜੇਲ੍ਹ ਵਿਚ ਬੰਦ ਹੈ। ਉਸ ਨੂੰ ਪਿਛਲੇ ਸਾਲ ਭਾਰਤ ਦੀ ਹਵਾਲਗੀ ਬੇਨਤੀ ਮਗਰੋਂ ਲੰਡਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।  

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਲੰਡਨ ਦੀ ਵੈਸਟਮਿੰਸਟਰ ਕੋਰਟ ਵਿਚ ਹਵਾਲਗੀ ਨੂੰ ਲੈ ਕੇ ਚੀਫ਼ ਮੈਜਿਸਟਰੇਟ ਐਮਾ ਅਰਬਥਨੌਟ ਨੇ ਨੀਰਵ ਮੋਦੀ ਦਾ 29 ਦਸੰਬਰ ਤੱਕ ਵਧਾਇਆ ਸੀ। ਕੋਰੋਨਾ ਪ੍ਰੋਟੋਕਾਲ ਦੇ ਮੱਦੇਨਜ਼ਰ ਨੀਰਵ ਮੋਦੀ ਉਸ ਸਮੇਂ ਵੀ ਵੈਂਡਸਵਰਥ ਜੇਲ੍ਹ ਤੋਂ ਵੈਸਟਮਿੰਸਟਰ ਕੋਰਟ ਵਿੱਚ ਵੀਡੀਓ ਲਿੰਕ ਰਾਹੀਂ ਪੇਸ਼ ਹੋਇਆ ਸੀ। 

ਚੀਫ਼ ਮੈਜਿਸਟਰੇਟ ਐਮਾ ਅਰਬਥਨੌਟ ਨੇ ਸੁਣਵਾਈ ਦੌਰਾਨ ਭਗੌੜੇ ਹੀਰਾ ਕਾਰੋਬਾਰੀ ਨੂੰ ਦੱਸਿਆ ਕਿ ਹੁਣ ਬਸ ਇਕ ਹੋਰ ਛੋਟੀ ਜਿਹੀ ਸੁਣਵਾਈ ਹੋਵੇਗੀ ਅਤੇ ਉਸ ਤੋਂ ਬਾਅਦ ਅਦਾਲਤ ਵੱਲੋਂ ਆਪਣਾ ਫ਼ੈਸਲਾ ਸੁਣਾਇਆ ਜਾਵੇਗਾ। ਸੁਣਵਾਈ ਦੌਰਾਨ ਵਧੀ ਹੋਈ ਦਾੜੀ ਅਤੇ ਮਰੂਨ ਸਵੈਟਰ ਵਿਚ ਪੇਸ਼ ਹੋਏ ਨੀਰਵ ਮੋਦੀ ਨੇ ਸਿਰਫ਼ ਆਪਣਾ ਨਾਮ ਅਤੇ ਜਨਮ ਤਾਰੀਖ਼ ਬੋਲੀ ਬਾਕੀ ਸਮਾਂ ਉਹ ਚੁੱਪ ਰਿਹਾ। ਅਦਾਲਤ ਹੁਣ ਇਸ ਮਾਮਲੇ ਦੀ ਫ਼ੈਸਲਾਕੁੰਨ ਸੁਣਵਾਈ ਅਗਲੇ ਸਾਲ 7 ਤੇ 8 ਜਨਵਰੀ ਨੂੰ ਕਰੇਗਾ। ਜ਼ਿਲ੍ਹਾ ਜੱਜ ਗੂਜੀ ਉਸ ਦਿਨ ਦੋਵਾਂ ਧਿਰਾਂ ਦੀਆਂ ਅੰਤਿਮ ਦਲੀਲਾਂ ਸੁਣਨਗੇ। 


Sanjeev

Content Editor

Related News