ਤਾਲਾਬੰਦੀ, ਰਾਤ ਦਾ ਕਰਫਿਊ ਫੇਲ੍ਹ, ਹੋਰ ਤਰੀਕੇ ਅਜਮਾਉਣ ਪੀ. ਐੱਮ. : CAIT
Sunday, Apr 11, 2021 - 03:57 PM (IST)
ਨਵੀਂ ਦਿੱਲੀ- ਭਾਰਤ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਵਿਚਕਾਰ ਵਪਾਰੀਆਂ ਦੇ ਸੰਗਠਨ ਕੈਟ ਨੇ ਮਹਾਮਾਰੀ 'ਤੇ ਰੋਕ ਲਾਉਣ ਲਈ ਤਾਲਾਬੰਦੀ ਤੇ ਰਾਤ ਦੇ ਕਰਫਿਊ ਦੀ ਜਗ੍ਹਾ ਹੋਰ ਬਦਲਾਂ ਨੂੰ ਅਜਮਾਉਣ ਦੀ ਬੇਨਤੀ ਕੀਤੀ ਹੈ।
ਪ੍ਰਧਾਨ ਮੰਤਰੀ ਮੋਦੀ ਨੂੰ ਐਤਵਾਰ ਭੇਜੇ ਇਕ ਪੱਤਰ ਵਿਚ ਕੈਟ ਨੇ ਕਿਹਾ ਹੈ ਕਿ ਰਾਤ ਵਿਚ ਕਰਫਿਊ ਜਾਂ ਤਾਲਾਬੰਦੀ ਨੇ ਅਜੇ ਤੱਕ ਦੇਸ਼ ਵਿਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਨੂੰ ਰੋਕਿਆ ਨਹੀਂ ਹੈ, ਅਜਿਹੀ ਸਥਿਤੀ ਵਿਚ ਜ਼ਿਲ੍ਹਾ ਪੱਧਰ 'ਤੇ ਬੇਹੱਦ ਮਜਬੂਤੀ ਦੇ ਨਾਲ ਕੋਵਿਡ ਉਪਾਵਾਂ ਨੂੰ ਅਪਣਾਇਆ ਜਾਵੇ ਤੇ ਵੱਖ-ਵੱਖ ਖੇਤਰਾਂ ਵਿਚ ਕੰਮ ਦੇ ਸਮੇਂ ਵਿਚ ਤਬਦੀਲੀ ਕੀਤੀ ਜਾਵੇ।
ਪੱਤਰ ਵਿਚ ਕੈਟ ਦੇ ਰਾਸ਼ਟਰੀ ਮੁਖੀ ਬੀ. ਸੀ. ਭਰਤੀਆ ਅਤੇ ਜਨਰਲ ਸਕੱਤਰ ਪ੍ਰਵੀਨ ਖੰਡੇਵਾਲ ਨੇ ਕਿਹਾ ਕਿ ਪਿਛਲੇ ਇਕ ਹਫ਼ਤੇ ਵਿਚ ਕੋਵਿਡ ਦੇ ਅੰਕੜਿਆਂ ਦਾ ਬਰੀਕੀ ਨਾਲ ਵਿਸ਼ਲੇਸ਼ਣ ਕਰਨ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਵੱਖ-ਵੱਖ ਸੂਬਿਆਂ ਵਿਚ ਰਾਤ ਦਾ ਕਰਫਿਊ ਅਤੇ ਤਾਲਾਬੰਦੀ ਕੋਵਿਡ ਮਾਮਲਿਆਂ ਨੂੰ ਘੱਟ ਕਰਨ ਵਿਚ ਫੇਲ੍ਹ ਹੋਏ ਹਨ। ਉਨ੍ਹਾਂ ਕਿਹਾ ਪੰਜ ਅਪ੍ਰੈਲ ਨੂੰ ਭਾਰਤ ਵਿਚ 96,563 ਕੋਵਿਡ ਮਾਮਲੇ ਦਰਜ ਕੀਤੇ ਗਏ। ਇਸ ਵਿਚ ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ ਵਿਚ ਸਨ। ਪੰਜਾਬ, ਮਹਾਰਾਸ਼ਟਰ, ਗੁਜਰਾਤ, ਦਿੱਲੀ, ਕਰਨਾਟਕ ਅਤੇ ਛੱਤੀਸਗੜ੍ਹ ਵਿਚ ਵੱਖ-ਵੱਖ ਪਾਬੰਦੀਆਂ ਲਾਈਆਂ ਗਈਆਂ ਹਨ। ਖੰਡੇਵਾਲ ਨੇ ਕਿਹਾ ਕਿ ਰਾਤ ਦੇ ਕਰਫਿਊ ਜਾਂ ਤਾਲਾਬੰਦੀ ਦੀ ਬਜਾਏ ਹੋਰ ਬਦਲ ਅਜਮਾਏ ਜਾਣ ਤਾਂ ਸ਼ਾਇਦ ਮਾਮਲਿਆਂ 'ਤੇ ਰੋਕ ਲੱਗ ਸਕੇ।