ਹਾਥਰਸ ਦੀ ਘਟਨਾ ਨੂੰ ਲੈ ਕੇ ਯੂਥ ਕਾਂਗਰਸ ਦਾ ਫੁਟਿਆ ਗੁੱਸਾ, ਹੰਸਰਾਜ ਹੰਸ ਦੀ ਕੋਠੀ ਦਾ ਕੀਤਾ ਘਿਰਾਓ

Thursday, Oct 15, 2020 - 03:29 PM (IST)

ਹਾਥਰਸ ਦੀ ਘਟਨਾ ਨੂੰ ਲੈ ਕੇ ਯੂਥ ਕਾਂਗਰਸ ਦਾ ਫੁਟਿਆ ਗੁੱਸਾ, ਹੰਸਰਾਜ ਹੰਸ ਦੀ ਕੋਠੀ ਦਾ ਕੀਤਾ ਘਿਰਾਓ

ਜਲੰਧਰ (ਚੋਪੜਾ)— ਪੰਜਾਬ ਯੂਥ ਕਾਂਗਰਸ ਨੇ ਉੱਤਰ ਪ੍ਰਦੇਸ਼ 'ਚ ਦਲਿਤਾਂ 'ਤੇ ਲਗਾਤਾਰ ਹੋ ਰਹੇ ਅੱਤਿਆਚਾਰ ਅਤੇ ਭਾਜਪਾ ਨੇਤਾਵਾਂ ਵੱਲੋਂ ਇਸ ਸਬੰਧੀ ਧਾਰੀ ਚੁੱਪੀ ਦੇ ਵਿਰੋਧ 'ਚ ਬੀਤੇ ਦਿਨ ਭਾਜਪਾ ਦੇ ਦਿੱਲੀ ਤੋਂ ਸੰਸਦ ਮੈਂਬਰ ਹੰਸਰਾਜ ਹੰਸ ਦੇ ਸਥਾਨਕ ਲਿੰਕ ਰੋਡ ਨਿਵਾਸ ਦਾ ਘਿਰਾਓ ਕੀਤਾ। ਡਾ. ਅੰਬੇਡਕਰ ਚੌਕ ਤੋਂ ਇਕੱਠੇ ਹੋਏ ਯੂਥ ਕਾਂਗਰਸੀ ਰੋਸ ਮਾਰਚ ਕਰਦੇ ਹੋਏ ਸੰਸਦ ਮੈਂਬਰ ਦੇ ਨਿਵਾਸ ਤੱਕ ਪਹੁੰਚੇ।

PunjabKesari

ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰਦੇ ਹੋਏ ਪੰਜਾਬ ਯੂਥ ਕਾਂਗਰਸ ਦੇ ਉਪ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਅਤੇ ਬੰਨੀ ਖਹਿਰਾ, ਪੰਜਾਬ ਯੂਥ ਕਾਂਗਰਸ ਦੀ ਜਨਰਲ ਸਕੱਤਰ ਹਰਜਿੰਦਰ ਕੌਰ ਚੱਬੇਵਾਲ, ਯੂਥ ਨੇਤਾ ਅਸ਼ਵਨ ਭੱਲਾ, ਜ਼ਿਲਾ ਯੂਥ ਕਾਂਗਰਸ ਦੇ ਦਿਹਾਤੀ ਪ੍ਰਧਾਨ ਹਨੀ ਜੋਸ਼ੀ, ਪਰਮਜੀਤ ਬੱਲ ਅਤੇ ਹੋਰਾਂ ਨੇ ਹੰਸਰਾਜ ਹੰਸ ਦੇ ਘਰ ਅੱਗੇ ਧਰਨਾ ਲਗਾਇਆ ਅਤੇ ਕੇਂਦਰ ਦੀ ਮੋਦੀ ਅਤੇ ਯੂ. ਪੀ. ਦੀ ਯੋਗੀ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ। ਅੰਤ 'ਚ ਯੂਥ ਨੇਤਾਵਾਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਯੋਗੀ ਦਾ ਪੁਤਲਾ ਵੀ ਫੂਕਿਆ।

PunjabKesari

ਜੱਸੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਯੂ. ਪੀ. ਵਿਚ ਦਲਿਤ ਲੜਕੀ ਨਾਲ ਗੈਂਗਰੇਪ ਅਤੇ ਬਾਅਦ ਵਿਚ ਉਸ ਦੀ ਹੱਤਿਆ ਦੇ ਮਾਮਲੇ ਵਿਚ ਦੇਸ਼ ਭਰ ਵਿਚ ਸਾਰੀਆਂ ਸਿਆਸੀ ਪਾਰਟੀਆਂ ਅਤੇ ਦਲਿਤ ਭਾਈਚਾਰਾ ਵਿਰੋਧ ਕਰ ਰਿਹਾ ਹੈ ਪਰ ਹੰਸਰਾਜ ਦਲਿਤਾਂ ਦੀ ਆਵਾਜ਼ ਉਠਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਏ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਅਤੇ ਯੂ. ਪੀ. ਦੀ ਯੋਗੀ ਸਰਕਾਰ ਦਲਿਤਾਂ 'ਤੇ ਅੱਤਿਆਚਾਰ ਕਰਨ ਵਾਲੇ ਲੋਕਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ ਅਤੇ ਦੋਸ਼ੀਆਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਭੇਜੇ। ਬੰਨੀ ਖਹਿਰਾ ਨੇ ਕਿਹਾ ਕਿ ਅੱਜ ਮੋਦੀ-ਯੋਗੀ ਰਾਜ ਵਿਚ ਦਲਿਤ ਕਿਸੇ ਤਰ੍ਹਾਂ ਵੀ ਸੁਰੱਖਿਆਤ ਮਹਿਸੂਸ ਨਹੀਂ ਕਰ ਰਹੇ। ਜਦੋਂ ਤੋਂ ਕੇਂਦਰ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਆਈ ਹੈ, ਉਦੋਂ ਤੋਂ ਘੱਟਗਿਣਤੀ ਅਤੇ ਦਲਿਤ ਵਰਗ 'ਤੇ ਅੱਤਿਆਚਾਰ ਹੋਣ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ।

PunjabKesari

ਹਨੀ ਜੋਸ਼ੀ ਅਤੇ ਅਸ਼ਵਨ ਭੱਲਾ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਅਤੇ ਦਲਿਤ ਭਾਈਚਾਰੇ ਨੇ ਆਧੁਨਿਕ ਭਾਰਤ ਦੇ ਨਿਰਮਾਣ ਵਿਚ ਆਪਣਾ ਬਾਖੂਬੀ ਯੋਗਦਾਨ ਪਾਇਆ ਹੈ ਪਰ ਆਰ. ਐੱਸ. ਐੱਸ. ਅਤੇ ਭਾਜਪਾ ਦੇ ਨੇਤਾ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ ਦੇਸ਼ ਵਿਚ ਅਰਾਜਕਤਾ ਦਾ ਮਾਹੌਲ ਪੈਦਾ ਕਰ ਰਹੇ ਹਨ। ਪਰਮਜੀਤ ਬੱਲ ਨੇ ਕਿਹਾ ਕਿ ਯੂਥ ਕਾਂਗਰਸ ਦਲਿਤਾਂ 'ਤੇ ਅੱਤਿਆਚਾਰਾਂ ਨੂੰ ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਜ਼ਿਲਾ ਯੂਥ ਕਾਂਗਰਸ ਦੇ ਜਨਰਲ ਸਕੱਤਰ ਰੋਹਿਤ ਸ਼ਰਮਾ, ਗਗਨ ਤਲਵਣ, ਮਨਜੋਤ ਸੰਘਾ, ਲਖਨ ਬਾਹਰੀ, ਦਮਨ ਕੁਰਾਲਾ, ਸੋਨੀ ਗੋਰੀਆ, ਕਰਨ ਔਲਖ, ਸੁੰਨੀ ਰਾਜਪੂਤ, ਮੋਹਿਤ ਧੀਰ, ਅਮਨਦੀਪ ਿਸੰਘ, ਕਾਲਾ ਰੁੜਕਾ, ਸੁਖਬੀਰ ਲਾਲ, ਜੋਤ ਭਾਟੀਆ, ਰੋਨੀ ਫਿਲੌਰ ਅਤੇ ਹੋਰ ਵੀ ਮੌਜੂਦ ਸਨ।

ਹੰਸਰਾਜ ਹੰਸ ਦਾ ਘਰ ਘੇਰਨ ਲਈ 3 ਘੰਟਿਆਂ ਦੀ ਦੇਰੀ ਨਾਲ ਪਹੁੰਚੇ ਯੂਥ ਕਾਂਗਰਸੀ
ਯੂਥ ਕਾਂਗਰਸ ਨੇਤਾ ਸੰਸਦ ਮੈਂਬਰ ਹੰਸਰਾਜ ਹੰਸ ਦਾ ਘਰ ਘੇਰਨ ਲਈ ਤੈਅ ਸਮੇਂ ਤੋਂ 3 ਘੰਟਿਆਂ ਦੀ ਦੇਰੀ ਨਾਲ ਪਹੁੰਚੇ। ਯੂਥ ਨੇਤਾਵਾਂ ਨੇ ਘਿਰਾਓ ਦਾ ਪ੍ਰੋਗਰਾਮ ਦੁਪਹਿਰ 12 ਵਜੇ ਰੱਖਿਆ ਸੀ ਪਰ ਉਹ ਲਗਭਗ 3 ਵਜੇ ਉਥੇ ਆਏ। ਇਸ ਤੋਂ ਪਹਿਲਾਂ ਯੂਥ ਕਾਂਗਰਸ ਵਰਕਰ ਡਾ. ਅੰਬੇਡਕਰ ਚੌਕ ਵਿਚ ਇਕੱਠੇ ਹੋਏ। ਇਸ ਦੌਰਾਨ ਸੁਰੱਖਿਆ ਵਿਵਸਥਾ ਨੂੰ ਬਣਾਈ ਰੱਖਣ ਲਈ ਉਥੇ ਵੱਡੀ ਗਿਣਤੀ ਵਿਚ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ।

PunjabKesari

ਪ੍ਰਦਰਸ਼ਨ ਕਾਰਨ ਟਰੈਫਿਕ ਹੋਇਆ ਜਾਮ, ਐਂਬੂਲੈਂਸਾਂ ਵੀ ਫਸੀਆਂ
ਭਾਜਪਾ ਸੰਸਦ ਮੈਂਬਰ ਦੇ ਜਲੰਧਰ ਸਥਿਤ ਨਿਵਾਸ ਦੇ ਘਿਰਾਓ ਦੇ ਪ੍ਰੋਗਰਾਮ ਨੂੰ ਲੈ ਕੇ ਯੂਥ ਕਾਂਗਰਸ ਲੇਟ ਹੋ ਗਈ, ਜਿਸ ਕਾਰਣ ਡਾ. ਅੰਬੇਡਕਰ ਚੌਕ ਵਿਚ ਉਸ ਦੀ ਇਕੱਤਰਤਾ ਕਾਰਣ ਭਾਰੀ ਟਰੈਫਿਕ ਜਾਮ ਲੱਗ ਗਿਆ। ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਥੋਂ ਗੁਜ਼ਰਨ ਵਾਲੀਆਂ ਐਂਬੂਲੈਂਸਾਂ ਵੀ ਜਾਮ ਵਿਚ ਫਸੀਆਂ ਦੇਖੀਆਂ ਗਈਆਂ। ਇਸ ਦੌਰਾਨ ਵਿਵਸਥਾ ਲਈ ਤਾਇਨਾਤ ਟਰੈਫਿਕ ਪੁਲਸ ਮੁਲਾਜ਼ਮ ਵੀ ਜਾਮ ਨੂੰ ਕੰਟਰੋਲ ਕਰਨ ਲਈ ਕਾਫ਼ੀ ਜੂਝਦੇ ਨਜ਼ਰ ਆਏ।


author

shivani attri

Content Editor

Related News