ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
Wednesday, Jun 26, 2019 - 10:36 PM (IST)

ਚੱਬੇਵਾਲ (ਗੁਰਮੀਤ)-ਪਿੰਡ ਲਹਿਲੀ ਕਲਾਂ ਦੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਿਨੈ ਕੁਮਾਰ (42) ਪੁੱਤਰ ਅਵਤਾਰ ਪਾਲ ਨਿਵਾਸੀ ਲਹਿਲੀ ਕਲਾਂ ਦੀ ਅੱਜ ਉਸ ਵਕਤ ਮੌਤ ਹੋ ਗਈ ਜਦੋਂ ਉਹ ਪਿੰਡ ਦੇ ਹੀ ਕਿਸਾਨ ਦੇ ਕਹਿਣ 'ਤੇ ਟਿਊਬਵੈੱਲ ਦੇ ਲੱਗੇ ਫਿਊਜ਼ ਨੂੰ ਠੀਕ ਕਰਨ ਚਲਾ ਗਿਆ। ਜਦੋਂ ਉਹ ਫਿਊਜ਼ ਨੂੰ ਠੀਕ ਕਰਨ ਲੱਗਾ ਤਾਂ ਬਿਜਲੀ ਦਾ ਝੱਟਕਾ ਲੱਗਣ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਬਿਨੈ ਕੁਮਾਰ ਪਿਛਲੇ ਪੰਜ ਕੁ ਸਾਲ ਤੋਂ ਪਾਵਰਕਾਮ ਵਿਚ ਦਿਹਾੜੀ 'ਤੇ ਕੰਮ ਕਰ ਰਿਹਾ ਸੀ ਅਤੇ ਹੁਣ ਉਸ ਨੇ ਪਿਛਲੇ ਕੁਝ ਸਮੇਂ ਤੋਂ ਪਾਵਰਕਾਮ ਤੋਂ ਕੰਮ ਛੱਡ ਦਿੱਤਾ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਬਿਜਲੀ ਦਾ ਕੰਮ ਪੂਰੀ ਤਰ੍ਹਾਂ ਨਾਲ ਜਾਣਦਾ ਸੀ ਅਤੇ ਜਦੋਂ ਵੀ ਪਿੰਡ ਵਿਚ ਕਿਸੇ ਦੀ ਬਿਜਲੀ ਖਰਾਬ ਹੁੰਦੀ ਤਾਂ ਉਸ ਕੋਲੋਂ ਹੀ ਠੀਕ ਕਰਵਾਈ ਜਾਂਦੀ ਸੀ। ਪਿੰਡ ਵਾਸੀ ਮੇਜਰ ਸਿੰਘ, ਸੁਰਜੀਤ ਸਿੰਘ, ਰਣਧੀਰ ਸਿੰਘ ਅਤੇ ਅਸ਼ੋਕ ਕੁਮਾਰ ਨੇ ਦੱਸਿਆ ਕਿ ਪਿੰਡ ਲਹਿਲੀ ਕਲਾਂ ਦੇ ਵਾਸੀਆਂ ਨੇ ਪਾਵਰਕਾਮ ਚੱਬੇਵਾਲ (ਬੱਸੀ ਕਲਾਂ) ਨੂੰ ਲਿਖਤ ਰੂਪ ਵਿਚ ਸ਼ਿਕਾਇਤ ਕੀਤੀ ਸੀ ਕਿ ਪਿੰਡ ਵਿਚ ਜਿੰਨੇ ਵੀ ਟਰਾਂਸਫਾਰਮਰ ਹਨ ਉਨ੍ਹਾਂ ਦੀ ਬਿਜਲੀ ਸਪਲਾਈ ਕੱਟ ਕਰਨ ਲਈ ਕੋਈ ਵੀ ਯੰਤਰ ਨਹੀਂ ਲਾਇਆ ਗਿਆ ਹੈ। ਭਾਵ ਕਿ ਜਦੋਂ ਕਈ ਵੀ ਫਿਊਜ਼ ਲਾਉਣਾ ਹੁੰਦਾ ਹੈ ਤਾਂ ਬਿਜਲੀ ਦੀ ਸਪਲਾਈ ਕੱਟ ਹੀ ਨਹੀਂ ਹੁੰਦੀ।
ਇਸ ਸਬੰਧੀ ਐੱਸ. ਡੀ. ਓ. ਗੁਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਵਿਭਾਗ ਨੂੰ ਲਿਖ ਕੇ ਭੇਜ ਦਿੱਤਾ ਗਿਆ ਹੈ, ਜਦੋਂ ਯੰਤਰ ਆਉਣਗੇ ਉਦੋਂ ਹੀ ਲਾ ਦਿੱਤੇ ਜਾਣਗੇ।