ਦੇਸ ਰਾਜ ਕਾਲੀ ਦੀ ਆਮਦ ਨਾਲ ਮਹਿਕਿਆ 'ਮਾਝਾ ਹਾਊਸ'

02/20/2020 8:23:16 PM

ਜਲੰਧਰ: ਮਾਝਾ ਹਾਊਸ ਦੇ ਵੇਹੜੇ ਵਿਚ ਪ੍ਰਭਾ ਖੇਤਾਣ ਫਾਊਂਡੇਸ਼ਨ ਦੀ ਦੂਜੀ ਸਾਂਝੀ ਪੇਸ਼ਕਾਰੀ ਦੌਰਾਨ ਦਲਿਤ ਚੇਤਨਾ ਤੇ ਉਨ੍ਹਾਂ ਦੀਆਂ ਜਟਿਲਤਾਵਾਂ ਬਾਰੇ ਲਿਖਣ ਵਾਲੇ ਚੌਥੀ ਪੀੜੀ ਦੇ ਲੇਖਕ ਦੇਸਰਾਜ ਕਾਲੀ ਅੱਜ ਆਪਣੀਆਂ ਸਾਹਿਤਿਕ ਅਤੇ ਅਦਬੀ ਤਕਰੀਰਾਂ ਨਾਲ ਸਰੋਤਿਆਂ ਦੇ ਰੂ-ਬ-ਰੂ ਹੋਏ। ਇਹ ਪ੍ਰੋਗਰਾਮ (ਆਖਰ) ਦੇ ਬੈਨਰ ਹੇਠ ਪੇਸ਼ ਕਰਦਿਆਂ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਦੇਸ਼ ਰਾਜ ਕਾਲੀ ਇਕ ਵਿਲੱਖਣ ਅਤੇ ਪ੍ਰਤਿਭਾਸ਼ਾਲੀ ਲੇਖਕ ਹੈ, ਜੋ ਮੱਧਕਾਲੀ ਅਦਬੀ ਹਸਤੀਆਂ ਦਾ ਕੌੜਾ ਸੱਚ ਲਿਖਣ ਤੋਂ ਗੁਰੇਜ ਨਹੀਂ ਕਰਦਾ।

ਆਪਣੀ ਜ਼ਿੰਦਗੀ ਦੇ ਝਰੋਖਿਆਂ ਬਾਰੇ ਦੇਸਰਾਜ ਕਾਲੀ ਨੇ ਦੱਸਦਿਆਂ ਕਿਹਾ ਕਿ ਸਾਹਿਤਿਕ ਤੇ ਸੂਖਮਤਾ ਵਾਲੀ ਅੱਖ ਉਨ੍ਹਾਂ ਨੂੰ ਆਪਣੇ ਪਿਤਾ ਜੀ ਤੋਂ ਵਿਰਸੇ ਵਿਚ ਪ੍ਰਾਪਤ ਹੋਈ ਹੈ। ਗੋਰਖਨਾਥ ਹੀਰ-ਰਾਂਝਾ, ਸੋਹਣੀ-ਮਹੀਂਵਾਲ, ਨੱਲ-ਦਮਯੰਤੀ ਦੇ ਕਿੱਸਿਆਂ ਨੇ ਉਨ੍ਹਾਂ ਦੀ ਰੂਹ ਨੂੰ ਸਮਾਜਿਕ ਪਿਛੜੀਆਂ ਸ਼੍ਰੇਣੀਆਂ ਦਾ ਅਸਹਾਈ ਦਰਦ ਮਹਿਸੂਸ ਕਰਨ ਅਤੇ ਸਮਝਣ ਵਿਚ ਮਦਦ ਕੀਤੀ। ਬਚਪਨ ਵਿਚ ਆਪਣੇ ਪਿਤਾ ਨਾਲ ਉਚੀ ਆਵਾਜ਼ ਵਿਚ ਗਾਉਂਦਿਆਂ ਉਨ੍ਹਾਂ ਦਾ ਸਾਹਿਤਕ ਸਫਰ ਸ਼ੁਰੂ ਹੋਇਆ। ਡਾ. ਅਰਵਿੰਦਰ ਸਿੰਘ ਚਮਕ ਨੇ ਦੱਸਿਆ ਕਿ ਦੇਸ਼ਰਾਜ ਕਾਲੀ ਨੇ ਇਤਿਹਾਸਕ ਦਸਤਾਵੇਜ਼ ਦੇ ਰੂਪ 'ਚ ਦਲਿਤ ਸਾਹਿਤ ਨੂੰ ਸਮੁੱਚੇ ਸਮਾਜ ਸਾਹਮਣੇ ਪੇਸ਼ ਕੀਤਾ ਹੈ। ਕਾਲੀ ਨੇ ਅਨੇਕਾਂ ਛੋਟੀਆਂ ਕਹਾਣੀਆਂ ਅਤੇ ਨਾਵਲਾਂ ਦਾ ਚਿਤਰਨ ਇਸ ਅਦਬੀ ਯਾਤਰਾ ਦੌਰਾਨ ਕੀਤਾ ਹੈ, ਜਿਨ੍ਹਾਂ ਵਿਚ ਕੁੱਝ ਪ੍ਰਮੁੱਖ ਤੌਰ 'ਤੇ 'ਕੱਤ ਕਾਲੀ', 'ਯਹਾਂ ਚਾਹ ਅੱਛੀ ਨਹੀਂ ਮਿਲਤੀ', 'ਪਰਮੇਸ਼ਵੀਰ', 'ਅੰਤਹੀਨ' ਅਤੇ 'ਫਕੀਰੀ' ਵਰਗੀਆਂ ਰਚਨਾਵਾਂ ਸ਼ਾਮਲ ਹਨ।

ਇਸ ਮੌਕੇ ਮਾਝਾ ਹਾਊਸ ਦੀ ਸਰਪ੍ਰਸਤ ਪ੍ਰੀਤੀ ਗਿੱਲ ਨੇ ਦੱਸਿਆ ਕਿ ਮਾਝਾ ਹਾਊਸ ਅਤੇ ਪ੍ਰਭਾ ਖੇਤਾਣ ਫਾਊਂਡੇਸ਼ਨ ਦਾ ਸਾਂਝਾ ਉਪਰਾਲਾ ਆਉਣ ਵਾਲੇ ਸਮੇਂ ਵਿਚ ਵੀ ਦਰਸ਼ਕਾਂ ਅਤੇ ਅਦਬੀ ਸਰੋਤਿਆਂ ਨਾਲ ਇਸ ਤਰ੍ਹਾਂ ਦੀਆਂ ਬੈਠਕਾਂ ਕਰਕੇ ਸਮਾਜ ਨੂੰ ਨਵੀਂ ਦਿਸ਼ਾ ਦੇਣ ਦਾ ਉਪਰਾਲਾ ਕਰਦਾ ਰਹੇਗਾ। ਇਸ ਮੌਕੇ 'ਤੇ ਇਸ  ਬੈਠਕ 'ਚ ਸ਼ਹਿਰ ਦੇ ਪਤਵੰਤੇ ਸੱਜਣ ਡਾ. ਗੁਰਪ੍ਰਤਾਪ ਖਹਿਰਾ, ਡਾ. ਜਸਮੀਤ ਨੈਅਰ, ਤਜਿੰਦਰ ਕੌਰ ਛੀਨਾ, ਐਡਵੋਕੇਟ ਰੂਬੀ ਵਿਰਕ, ਡਾ. ਗੁਰਉਪਦੇਸ਼, ਟੁਟ ਗਰੋਵਰ, ਗੁਗਾ ਗਿੱਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।


Related News