ਜਲੰਧਰ: ਮਹਿਲਾ ਮੁਲਾਜ਼ਮ ਦੇ ਥੱਪੜ ਜੜਨ ਵਾਲਾ ਚੜ੍ਹਿਆ ਪੁਲਸ ਅੜਿੱਕੇ (ਵੀਡੀਓ)

Wednesday, Feb 05, 2020 - 06:32 PM (IST)

ਜਲੰਧਰ (ਜ. ਬ.)— ਬੀਤੇ ਦਿਨੀਂ ਸਿੱਕਾ ਚੌਕ 'ਚ ਮਹਿਲਾ ਪੁਲਸ ਕਰਮਚਾਰੀ ਨਾਲ ਕੁੱਟਮਾਰ ਕਰਨ ਵਾਲੇ ਦੋਸ਼ੀਆਂ 'ਚੋਂ ਇਕ ਵਿਅਕਤੀ ਨੂੰ ਥਾਣਾ ਨੰ. 4 ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਸਿਮਰਨਜੀਤ ਸਿੰਘ ਉਰਫ ਮਨੀ ਲਿਬਰਾ ਪੁੱਤਰ ਜਸਬੀਰ ਸਿੰਘ ਵਾਸੀ ਟਾਵਰ ਇਨਕਲੇਵ, ਲਾਂਬੜਾ ਵਜੋਂ ਹੋਈ ਹੈ।

ਜਾਣਕਾਰੀ ਦਿੰਦੇ ਹੋਏ ਡੀ. ਸੀ. ਪੀ. ਬਲਕਾਰ ਸਿੰਘ, ਏ. ਡੀ. ਸੀ. ਪੀ. ਅਸ਼ਵਨੀ ਕੁਮਾਰ, ਏ. ਸੀ. ਪੀ. ਹਰਸਿਮਰਤ ਸਿੰਘ ਚੇਤਰਾ ਨੇ ਦੱਸਿਆ ਕਿ 29 ਜਨਵਰੀ ਦੀ ਸ਼ਾਮ ਨੂੰ 3 ਨੌਜਵਾਨਾਂ ਨੇ ਲੇਡੀ ਕਾਂਸਟੇਬਲ ਕਿਰਨਜੀਤ ਕੌਰ ਅਤੇ ਕਾਂਸਟੇਬਲ ਸੁਖਵੰਤ ਸਿੰਘ ਦੇ ਨਾਲ ਸਿੱਕਾ ਚੌਕ ਨੇੜੇ ਕੁੱਟਮਾਰ ਕੀਤੀ ਸੀ ਅਤੇ ਤਿੰਨੋਂ ਫਰਾਰ ਹੋ ਗਏ ਸਨ। ਇਨ੍ਹਾਂ ਦੀ ਭਾਲ 'ਚ ਪੁਲਸ ਛਾਪੇਮਾਰੀ ਕਰ ਰਹੀ ਹੈ। ਦੋਸ਼ੀਆਂ ਦੀ ਪਛਾਣ ਅਨੂਪ ਸਿੰਘ ਉਰਫ ਸਿੱਪੀ ਪੁੱਤਰ ਨਰਿੰਦਰ ਸਿੰਘ ਵਾਸੀ ਸ਼ਾਸਤਰੀ ਨਗਰ, ਸੁਖਵਿੰਦਰ ਸਿੰਘ ਉਰਫ ਲਾਡੀ ਪੁੱਤਰ ਮਹਿੰਗਾ ਸਿੰਘ ਵਾਸੀ ਉੱਚਾ ਸੁਰਾਜਗੰਜ ਅਤੇ ਸਿਮਰਨਜੀਤ ਸਿੰਘ ਉਰਫ ਮਨੀ ਲਿਬਰਾ ਵਜੋਂ ਹੋਈ ਸੀ।

PunjabKesari

ਤਿੰਨੋਂ ਦੋਸ਼ੀ 29 ਜਨਵਰੀ ਨੂੰ ਸਿੱਕਾ ਚੌਕ ਤੋਂ ਜੋਤੀ ਚੌਕ ਵੱਲ ਜਾਂਦੇ ਸਮੇਂ ਰਾਹੁਲ ਅਰੋੜਾ ਨਾਂ ਦੇ ਵਿਅਕਤੀ ਦੇ ਨਾਲ ਕੁੱਟਮਾਰ ਕਰ ਰਹੇ ਸਨ, ਜਿਸ ਨੂੰ ਦੇਖ ਕੇ ਗਸ਼ਤ ਕਰ ਰਹੀ ਪੀ. ਸੀ. ਆਰ. ਦੀ ਲੇਡੀ ਕਾਂਸਟੇਬਲ ਅਤੇ ਕਾਂਸਟੇਬਲ ਉਨ੍ਹਾਂ ਨੂੰ ਛੁਡਾਉਣ ਲਈ ਮੌਕੇ 'ਤੇ ਪਹੁੰਚੇ ਪਰ ਤਿੰਨੋਂ ਦੋਸ਼ੀਆਂ ਨੇ ਲੇਡੀ ਕਾਂਸਟੇਬਲ ਅਤੇ ਕਾਂਸਟੇਬਲ ਨਾਲ ਹੀ ਕੁੱਟਮਾਰ ਸ਼ੁਰੂ ਕਰ ਦਿੱਤੀ।
ਥਾਣਾ ਡਿਵੀਜ਼ਨ ਨੰ. 4 ਦੀ ਪੁਲਸ ਨੇ ਇਕ ਦੋਸ਼ੀ ਸਿਮਰਜੀਤ ਸਿੰਘ ਨੂੰ ਜ਼ਿਲਾ ਅੰਮ੍ਰਿਤਸਰ ਥਾਣਾ ਬਿਆਸ ਦੇ ਪਿੰਡ ਬਟਾਲਾ ਤੋਂ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਤਿੰਨਾਂ ਦੋਸ਼ੀਆਂ 'ਤੇ ਪਹਿਲਾਂ ਹੀ ਮਾਮਲਾ ਦਰਜ ਕਰ ਲਿਆ ਸੀ ਅਤੇ ਬੀਤੇ ਦਿਨ ਹੀ ਤਿੰਨੋਂ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀਆਂ ਕੀਤੀਆਂ ਗਈਆਂ ਸਨ। ਪੁਲਸ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਕਿ ਫਰਾਰ ਚੱਲ ਰਹੇ ਦੋਵੇਂ ਦੋਸ਼ੀਆਂ ਬਾਰੇ ਪਤਾ ਲੱਗ ਸਕੇ ਅਤੇ ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾ ਸਕੇ।


author

shivani attri

Content Editor

Related News