ਕਮਰੇ ''ਚ ਲੋਹੇ ਦੀ ਤਾਰ ''ਤੇ ਗਿੱਲਾ ਕੱਪੜਾ ਸੁਕਾ ਰਹੀ ਮਹਿਲਾ ਦੀ ਕਰੰਟ ਲੱਗਣ ਨਾਲ ਮੌਤ

07/24/2019 12:43:42 AM

ਜਲੰਧਰ (ਮ੍ਰਿਦੁਲ)–ਕਾਜ਼ੀ ਮੰਡੀ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਮਹਿਲਾ ਤਾਰ 'ਤੇ ਕੱਪੜੇ ਸੁਕਾਉਣ ਦੌਰਾਨ ਅਚਾਨਕ ਲੱਗੇ ਕਰੰਟ ਨਾਲ ਮੌਤ ਦਾ ਸ਼ਿਕਾਰ ਹੋ ਗਈ। ਮਾਮਲੇ ਨੂੰ ਲੈ ਕੇ ਥਾਣਾ ਰਾਮਾਮੰਡੀ ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏ. ਐੱਸ. ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਪੂਨਮ ਪਤਨੀ ਸਤਨਾਮ ਵਜੋਂ ਹੋਈ ਹੈ। ਸਤਨਾਮ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਪੂਨਮ (45) ਸ਼ਾਮ ਨੂੰ ਕੱਪੜੇ ਧੋ ਕੇ ਕਮਰੇ ਵਿਚ ਲੱਗੀ ਇਕ ਲੋਹੇ ਦੀ ਤਾਰ 'ਤੇ ਸੁਕਾਉਣ ਲਈ ਪਾ ਰਹੀ ਸੀ ਤਾਂ ਅਚਾਨਕ ਉਸ ਨੂੰ ਕਰੰਟ ਲੱਗ ਗਿਆ ਕਿਉਂਕਿ ਕਮਰੇ ਦੇ ਬਾਹਰ ਬਿਜਲੀ ਦੀਆਂ ਨੰਗੀਆਂ ਤਾਰਾਂ ਹਨ ਅਤੇ ਮੀਂਹ ਕਾਰਣ ਕਾਫੀ ਕਰੰਟ ਤਾਰਾਂ ਵਿਚ ਆ ਗਿਆ ਸੀ। ਉਸ ਨੂੰ ਜਿਉਂ ਹੀ ਕਰੰਟ ਲੱਗਾ ਤਾਂ ਉਹ ਅਚਾਨਕ ਤਾਰ ਨਾਲ ਚਿੰਬੜ ਗਈ ਅਤੇ ਬਾਅਦ ਵਿਚ ਹੇਠਾਂ ਡਿੱਗ ਪਈ। ਜਦੋਂ ਰਿਸ਼ਤੇਦਾਰਾਂ ਨੇ ਉਸ ਨੂੰ ਆ ਕੇ ਵੇਖਿਆ ਤਾਂ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਜਦੋਂ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਓਧਰ ਜਦੋਂ ਮੌਕੇ 'ਤੇ ਪਤੀ ਸਤਨਾਮ ਪਹੁੰਚਿਆ ਤਾਂ ਉਸ ਦਾ ਵੀ ਗਲਤੀ ਨਾਲ ਕਮਰੇ ਵਿਚ ਲੱਗੀ ਤਾਰ 'ਤੇ ਹੱਥ ਲੱਗ ਗਿਆ ਅਤੇ ਉਸ ਦਾ ਹੱਥ ਝੁਲਸ ਗਿਆ, ਜਿਸ ਦਾ ਇਲਾਜ ਹਸਪਤਾਲ ਤੋਂ ਕਰਵਾਇਆ ਜਾ ਰਿਹਾ ਹੈ। ਏ. ਐੱਸ. ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਧਾਰਾ 174 ਤਹਿਤ ਕਾਰਵਾਈ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।


Karan Kumar

Content Editor

Related News