ਆਖਿਰ ਕਿਉਂ ਵਿਆਹ ਤੋਂ ਬਾਅਦ ਮਰਦਾਂ ’ਚ 3 ਗੁਣਾ ਜ਼ਿਆਦਾ ਵੱਧ ਜਾਂਦੈ ਮੋਟਾਪੇ ਦਾ ਖ਼ਤਰਾ!

Friday, Mar 14, 2025 - 08:54 AM (IST)

ਆਖਿਰ ਕਿਉਂ ਵਿਆਹ ਤੋਂ ਬਾਅਦ ਮਰਦਾਂ ’ਚ 3 ਗੁਣਾ ਜ਼ਿਆਦਾ ਵੱਧ ਜਾਂਦੈ ਮੋਟਾਪੇ ਦਾ ਖ਼ਤਰਾ!

ਜਲੰਧਰ (ਇੰਟ.)- ਦੇਸ਼ ’ਚ ਮੋਟਾਪੇ ਦੀ ਬੀਮਾਰੀ ਗੰਭੀਰ ਹੁੰਦੀ ਜਾ ਰਹੀ ਹੈ। ਇਕ ਤਾਜ਼ਾ ਖੋਜ ਵਿਚ ਕਿਹਾ ਗਿਆ ਹੈ ਕਿ ਵਿਆਹ ਤੋਂ ਬਾਅਦ ਔਰਤਾਂ ਦੇ ਮੁਕਾਬਲੇ ਮਰਦਾਂ ਨੂੰ ਮੋਟਾਪਾ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਵਿਆਹ ਤੋਂ ਬਾਅਦ ਮਰਦਾਂ ਦਾ ਭਾਰ 62 ਫੀਸਦੀ ਤੇ ਔਰਤਾਂ ਦਾ ਭਾਰ 39 ਫੀਸਦੀ ਵਧਣ ਦੀ ਸੰਭਾਵਨਾ ਹੁੰਦੀ ਹੈ। ਖੋਜ ’ਚ ਕਿਹਾ ਗਿਆ ਹੈ ਕਿ ਵਿਆਹ ਮਰਦਾਂ ’ਚ ਮੋਟਾਪੇ ਦਾ ਖ਼ਤਰਾ ਤਿੰਨ ਗੁਣਾ ਵਧਾ ਦਿੰਦੇ ਹਨ, ਜਦਕਿ ਔਰਤਾਂ ਦੇ ਮਾਮਲੇ ’ਚ ਅਜਿਹਾ ਨਹੀਂ ਹੈ। ਭਾਰ ਵਧਣ ਦਾ ਕਾਰਨ ਵਿਆਹ ਤੋਂ ਬਾਅਦ ਕੈਲੋਰੀ ਦੀ ਮਾਤਰਾ ਵਿਚ ਵਾਧਾ ਅਤੇ ਕਸਰਤ ਵਿਚ ਕਮੀ ਦੱਸਿਆ ਗਿਆ ਹੈ।

ਔਰਤਾਂ ’ਚ ਮੋਟਾਪੇ ਦਾ ਖਤਰਾ ਨਹੀਂ

ਇਕ ਰਿਪੋਰਟ ਅਨੁਸਾਰ ਮੋਟਾਪੇ ਲਈ ਮਾੜੀਆਂ ਖਾਣ-ਪੀਣ ਦੀਆਂ ਆਦਤਾਂ, ਜੈਨੇਟਿਕਸ, ਵਾਤਾਵਰਣ ਤੇ ਸਿਹਤ ਸਮੱਸਿਆਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਪਰ ਪੋਲੈਂਡ ’ਚ ਨੈਸ਼ਨਲ ਇੰਸਟੀਚਿਊਟ ਆਫ਼ ਕਾਰਡੀਓਲੋਜੀ ਦੇ ਵਿਗਿਆਨੀਆਂ ਨੇ ਖੋਜ ਕਰ ਕੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਕਿ ਕੀ ਮੋਟਾਪੇ ਲਈ ਹੋਰ ਕਾਰਨ ਵੀ ਜ਼ਿੰਮੇਵਾਰ ਹੁੰਦੇ ਹਨ ਜਾਂ ਨਹੀਂ। ਖੋਜਕਾਰਾਂ ਨੇ 50 ਸਾਲ ਦੀ ਉਮਰ ਤੱਕ ਦੇ 2,405 ਪੁਰਸ਼ਾਂ ਦਾ ਅਧਿਐਨ ਕੀਤਾ। ਇਸ ਵਿਚ ਵਧੇ ਹੋਏ ਭਾਰ ਤੇ ਉਮਰ, ਵਿਆਹੁਤਾ ਸਥਿਤੀ, ਮਾਨਸਿਕ ਸਿਹਤ ਤੇ ਹੋਰ ਕਾਰਕਾਂ ਵਿਚਾਲੇ ਸਬੰਧ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਖੋਜ ਦੇ ਨਤੀਜਿਆਂ ਵਿਚ ਕਿਹਾ ਗਿਆ ਹੈ ਕਿ ਵਿਆਹੇ ਮਰਦਾਂ ਵਿਚ ਮੋਟਾਪੇ ਦਾ ਖ਼ਤਰਾ 3.2 ਫੀਸਦੀ ਵੱਧ ਹੁੰਦਾ ਹੈ ਪਰ ਵਿਆਹ ਔਰਤਾਂ ਵਿਚ ਮੋਟਾਪੇ ਦਾ ਖ਼ਤਰਾ ਨਹੀਂ ਵਧਾਉਂਦਾ।

ਵਧਦੀ ਉਮਰ ਵੀ ਭਾਰ ਵਧਣ ਦਾ ਕਾਰਨ

2024 ਵਿਚ ਚੀਨ ’ਚ ਕੀਤੇ ਗਏ ਇਕ ਅਧਿਐਨ ਵਿਚ ਪਾਇਆ ਗਿਆ ਕਿ ਵਿਆਹ ਤੋਂ ਪਹਿਲਾਂ 5 ਸਾਲਾਂ ਦੌਰਾਨ ਮਰਦਾਂ ਦਾ ਬਾਡੀ ਮਾਸ ਇੰਡੈਕਸ ਵਧ ਗਿਆ, ਜਿਸ ਦਾ ਕਾਰਨ ਜ਼ਿਆਦਾ ਕੈਲੋਰੀ ਦੀ ਮਾਤਰਾ ਤੇ ਘੱਟ ਕਸਰਤ ਕਰਨਾ ਸੀ। ਇਸ ’ਚ ਦੱਸਿਆ ਗਿਆ ਕਿ ਵਿਆਹ ਤੋਂ ਬਾਅਦ ਮਰਦਾਂ ਦਾ ਵੱਧ ਭਾਰ ਯਾਨੀ ਭਾਰ ਵਧਣ ਵਿਚ 5.2 ਫੀਸਦੀ ਦਾ ਵਾਧਾ ਹੋਇਆ ਤੇ ਮੋਟਾਪਾ 2.5 ਫੀਸਦੀ ਵਧਿਆ।

ਇਸ ਤੋਂ ਪਹਿਲਾਂ ਯੂਨੀਵਰਸਿਟੀ ਆਫ ਬਾਥ ਵੱਲੋਂ ਕੀਤੀ ਗਈ ਇਕ ਖੋਜ ’ਚ ਪਾਇਆ ਗਿਆ ਸੀ ਕਿ ਇਕ ਔਸਤ ਵਿਆਹੇ ਮਰਦ ਅਣਵਿਆਹੇ ਮਰਦ ਨਾਲੋਂ 1.4 ਕਿਲੋਗ੍ਰਾਮ ਜ਼ਿਆਦਾ ਭਾਰੇ ਹੁੰਦੇ ਹਨ। ਇਕ ਹਾਲੀਆ ਖੋਜ ’ਚ ਕਿਹਾ ਗਿਆ ਹੈ ਕਿ ਵਧਦੀ ਉਮਰ ਵੀ ਭਾਰ ਵਧਣ ਦਾ ਇਕ ਕਾਰਨ ਹੈ। ਹਰ ਵਧਦੇ ਸਾਲ ਨਾਲ ਮਰਦਾਂ ਵਿਚ ਮੋਟਾਪੇ ਦਾ ਖ਼ਤਰਾ 3 ਫੀਸਦੀ ਤੇ ਔਰਤਾਂ ਵਿਚ 4 ਫੀਸਦੀ ਵਧ ਜਾਂਦਾ ਹੈ। ਇਸ ਦੇ ਨਾਲ ਹੀ ਹਰ ਸਾਲ ਮਰਦਾਂ ਵਿਚ ਮੋਟਾਪੇ ਦਾ ਖ਼ਤਰਾ 4 ਫੀਸਦੀ ਤੇ ਔਰਤਾਂ ਵਿਚ 6 ਫੀਸਦੀ ਵਧਦਾ ਹੈ। ਇਕ ਹੋਰ ਖੋਜ ਦੇ ਅਨੁਸਾਰ ਦੁਨੀਆ ਭਰ ਵਿਚ ਮੋਟਾਪਾ ਵਧ ਰਿਹਾ ਹੈ ਅਤੇ 2.5 ਅਰਬ ਬਾਲਗ ਤੇ ਬੱਚੇ ਜਾਂ ਤਾਂ ਮੋਟੇ ਹਨ ਜਾਂ ਜ਼ਿਆਦਾ ਭਾਰ ਵਾਲੇ ਹਨ। ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਸਾਲ 2050 ਤੱਕ ਦੁਨੀਆ ਭਰ ਵਿਚ ਅੱਧੇ ਤੋਂ ਵੱਧ ਬਾਲਗ ਅਤੇ ਇਕ ਤਿਹਾਈ ਬੱਚੇ ਮੋਟਾਪੇ ਦਾ ਸ਼ਿਕਾਰ ਹੋ ਜਾਣਗੇ।


author

cherry

Content Editor

Related News