ਮੌਸਮ ਨੇ ਬਦਲਿਆ ਮਿਜ਼ਾਜ, ਰੁਕ-ਰੁਕ ਕੇ ਪੈ ਰਹੇ ਮੀਂਹ ਨਾਲ ਸੀਤ ਲਹਿਰ ਤੇਜ਼
Tuesday, Jan 22, 2019 - 05:22 AM (IST)
ਹੁਸ਼ਿਆਰਪੁਰ, (ਅਮਰਿੰਦਰ)- ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਦੀਆਂ ਪਹਾਡ਼ੀਆਂ ਵਿਚ ਹੋਈ ਤਾਜ਼ਾ ਬਰਫ਼ਬਾਰੀ ਕਾਰਨ ਹੁਸ਼ਿਆਰਪੁਰ ’ਚ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਅੱਜ ਦੁਪਹਿਰ ਬਾਅਦ ਤੋਂ ਪੈ ਰਹੇ ਮੀਂਹ ਅਤੇ ਬਰਫੀਲੀਆਂ ਹਵਾਵਾਂ ਚੱਲਣ ਨਾਲ ਹੁਸ਼ਿਆਰਪੁਰ ’ਚ ਠੰਡ ਹੋਰ ਵਧ ਗਈ ਹੈ ਅਤੇ ਸੀਤ ਲਹਿਰ ਦੇ ਵਧੇ ਜ਼ੋਰ ਨੇ ਲੋਕਾਂ ਦੇ ਦੰਦ ਵੱਜਣ ਲਾ ਦਿੱਤੇ ਹਨ। ਸੋਮਵਾਰ ਸਵੇਰ ਤੋਂ ਹੀ ਆਸਮਾਨ ’ਚ ਬੱਦਲ ਛਾਏ ਹੋਏ ਸਨ। ਇਸ ਤੋਂ ਬਾਅਦ ਕਈ ਜਗ੍ਹਾ ਤੇਜ਼ ਮੀਂਹ ਤੇ ਬੂੰਦਾਬਾਂਦੀ ਸ਼ੁਰੂ ਹੋ ਗਈ। ਮੌਸਮ ਵਿਭਾਗ ਅਨੁਸਾਰ ਹੁਸ਼ਿਆਰਪੁਰ ’ਚ ਬੁੱਧਵਾਰ ਤੱਕ ਕਿਤੇ ਤੇਜ਼ ਮੀਂਹ ਅਤੇ ਕਿਤੇ ਬੂੰਦਾਬਾਂਦੀ ਦੀ ਸੰਭਾਵਨਾ ਹੈ।
ਪੱਛਮੀ ਦਬਾਅ ਤੇਜ਼ ਹੋਣ ਨਾਲ ਬਦਲਿਆ ਮੌਸਮ ਦਾ ਮਿਜ਼ਾਜ
ਸੰਪਰਕ ਕਰਨ ’ਤੇ ਮੌਸਮ ਵਿਭਾਗ ਚੰਡੀਗਡ਼੍ਹ ਅਤੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਮਿਲੀ ਜਾਣਕਾਰੀ ਅਨੁਸਾਰ ਪੱਛਮੀ ਦਬਾਅ ਹੁਣ ਹੋਰ ਤੇਜ਼ ਹੋ ਗਿਆ ਹੈ, ਜਿਸ ਕਾਰਨ ਅੱਜ ਮੀਂਹ ਪਿਆ ਹੈ। ਅੰਦਾਜ਼ਾ ਹੈ ਕਿ 23 ਜਨਵਰੀ ਤੱਕ ਮੌਸਮ ਇਸੇ ਤਰ੍ਹਾਂ ਰਹਿਣ ਤੋਂ ਬਾਅਦ 24 ਜਨਵਰੀ ਨੂੰ ਧੁੱਪ ਨਿਕਲੇਗੀ। ਬੁੱਧਵਾਰ ਤੱਕ ਮੀਂਹ ਪੈਣ ਕਾਰਨ ਤਾਪਮਾਨ ’ਚ ਹੋਰ ਗਿਰਾਵਟ ਆਵੇਗੀ ਅਤੇ ਕਡ਼ਾਕੇ ਦੀ ਠੰਡ ਪਵੇਗੀ। 24 ਜਨਵਰੀ ਨੂੰ ਮੌਸਮ ਠੀਕ ਹੋਣ ਦਾ ਅਨੁਮਾਨ ਹੈ, ਇਸ ਤੋਂ ਬਾਅਦ ਕੋਹਰਾ ਪੈਣ ਦੀ ਸੰਭਾਵਨਾ ਹੈ।
ਕਣਕ ਲਈ ਵਰਦਾਨ ਹੈ ਮੀਂਹ
ਸੰਪਰਕ ਕਰਨ ’ਤੇ ਖੇਤੀਬਾਡ਼ੀ ਅਧਿਕਾਰੀ ਡਾ. ਵਿਨੈ ਕੁਮਾਰ ਨੇ ਦੱਸਿਆ ਕਿ ਕਿਸਾਨਾਂ ਲਈ ਇਹ ਮੀਂਹ ਵਰਦਾਨ ਤੋਂ ਘੱਟ ਨਹੀਂ ਹੈ। ਮੀਂਹ ਤੋਂ ਬਾਅਦ ਠੰਡ ਵਧਣ ਨਾਲ ਕਣਕ ਦੇ ਪੌਦੇ ਦੀ ਟਿਲਰਿੰਗ ਜ਼ਿਆਦਾ ਹੋਵੇਗੀ। ਟਿਲਰਿੰਗ ਜ਼ਿਆਦਾ ਹੋਣ ਨਾਲ ਪੌਦੇ ’ਚ ਦਾਣੇ ਵੀ ਜ਼ਿਆਦਾ ਲੱਗਣਗੇ। ਇਸ ਨਾਲ ਪੈਦਾਵਾਰ ’ਚ ਵਾਧਾ ਹੋਵੇਗਾ।
