ਪਿੰਡ ਦਾ ਗੰਦਾ ਪਾਣੀ ਲੱਖਾਂ ਦੀ ਸੜਕ ਨੂੰ ਕਰ ਰਿਹੈ ਬਰਬਾਦ, ਲੋਕ ਪ੍ਰੇਸ਼ਾਨ

11/13/2018 4:06:07 AM

 ਕਪੂਰਥਲਾ,   (ਸੇਖੜੀ)-  ਵੈਸੇ ਤਾਂ ਕਪੂਰਥਲਾ ਤੋਂ ਕਰਤਾਰਪੁਰ ਜਾਣ ਵਾਲੀ ਸਾਰੀ ਲਗਭਗ 13  ਕਿਲੋਮੀਟਰ ਸੜਕ ਦਾ ਹੀ ਬੇਹੱਦ ਮਾੜਾ ਹਾਲ ਹੈ, ਜਿਸ ਕਾਰਨ ਪਿਛਲੇ ਲਗਭਗ ਦੋ ਸਾਲਾਂ ਤੋਂ ਆਮ  ਲੋਕਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ  ਇਕ ਥਾਂ ’ਤੇ ਪਿੰਡ ਦਾ ਸਾਰਾ ਗੰਦਾ ਪਾਣੀ ਲਗਾਤਾਰ ਸੜਕ ’ਤੇ ਆ ਕੇ ਦੂਸਰੇ ਪਾਸੇ ਜਾ ਰਿਹਾ  ਹੈ। ਜਿਸ ਕਾਰਨ ਸੜਕ ਦਾ ਲਗਭਗ 100 ਮੀਟਰ ਦਾ ਟੋਟਾ ਪੂਰੀ ਤਰ੍ਹਾਂ ਚਕਨਾਚੂਰ ਹੋ ਚੁੱਕਾ  ਹੈ। ਸੜਕ ਦੇ ਇਸ 100 ਮੀਟਰ ਦੇ ਟੁਕੜੇ ’ਤੇ ਗੰਦਾ ਪਾਣੀ ਖੜ੍ਹਾ ਹੈ ਅਤੇ ਚਿੱਕੜ ਹੀ  ਚਿੱਕੜ ਦਿਖਾਈ ਦੇ ਰਿਹਾ ਹੈ। ਚਾਰ ਪਹੀਆਂ ਵਾਹਨ ਤਾਂ ਹੌਲੀ-ਹੌਲੀ ਔਖੇ ਹੋ ਕੇ ਲੰਘ ਹੀ  ਜਾਂਦੇ ਹਨ ਪਰ ਦੋ ਪਹੀਆ ਵਾਲੇ ਚਾਲਕ ਅਕਸਰ ਚਿੱਕੜ ’ਚ ਸਲਿਪ ਕਰ ਕੇ ਉਲਟ ਜਾਂਦੇ ਹਨ।  ਪਿੰਡ ਦਾ ਸਾਰਾ ਪਾਣੀ ਪਾਈਪ ਰਾਹੀਂ ਸੜਕ ਦੇ ਦੂਸਰੇ ਪਾਸੇ ਭੇਜ ਕੇ ਲੱਖਾਂ ਦੀ ਕੀਮਤੀ ਸੜਕ  ਨੂੰ ਬਚਾਇਆ ਜਾ ਸਕਦਾ ਹੈ। ਕਪੂਰਥਲਾ ਤੋਂ ਕਰਤਾਰਪੁਰ ਜਾਣ ਵਾਲੀ ਅੱਧੀ ਸੜਕ ਕਪੂਰਥਲਾ  ਅਤੇ ਅੱਧੀ ਸੜਕ ਜਲੰਧਰ ਦੇ ਪੀ. ਡਬਲਯੂ. ਡੀ. ਵਿਭਾਗ ਦੀ ਦੇਖ-ਰੇਖ ਹੇਠ   ਆਉਂਦੀ ਹੈ  ਤੇ   ਲੋਕਾਂ ਨੇ ਪੀ. ਡਬਲਯੂ. ਡੀ. ਵਿਭਾਗ ਤੋਂ ਕਾਰਵਾਈ  ਦੀ ਮੰਗ  ਕੀਤੀ  ਹੈ। ਜਿਵੇਂ ਦੋ ਘਰਾਂ ਦਾ ਮਹਿਮਾਨ ਭੁੱਖਾ ਹੀ ਰਹਿ ਜਾਂਦਾ ਹੈ। ਠੀਕ ਉਸੇ ਤਰ੍ਹਾਂ ਇਹ ਸੜਕ ਦੋ  ਸਾਲਾਂ ਤੋਂ ਜ਼ਰੂਰੀ ਕਾਰਵਾਈ ਅਤੇ ਯੋਗ ਮੁਰੰਮਤ ਲਈ ਤਰਸ ਰਹੀ ਹੈ। 
ਲੋਕਾਂ ਨੇ ਮੰਗ ਕੀਤੀ  ਹੈ ਕਿ ਵਿਭਾਗ ਨੂੰ ਆਪਣੇ ਬੇਹੱਦ ਬਿਜ਼ੀ ਸ਼ਡਿਊਲ ’ਚੋਂ ਸਮਾਂ ਕੱਢ ਕੇ ਘੱਟੋ-ਘੱਟ ਮੌਕਾ  ਤਾਂ ਜ਼ਰੂਰ ਦੇਖ ਲੈਣਾ ਚਾਹੀਦਾ ਹੈ ਤਾਂ ਕਿ ਅਗਲੀ ਕਾਰਵਾਈ ਦਾ ਰਸਤਾ ਖੁਲ੍ਹ ਸਕੇ। ਸੜਕ  ਤੋਂ ਲੰਘਣ ਵਾਲੇ ਹਜ਼ਾਰਾਂ ਲੋਕ ਰੋਜ਼ਾਨਾ ਇਸ ਸੜਕ ਦੀ ਤਰਸਯੋਗ ਹਾਲਤ ਨੂੰ ਦੇਖ ਕੇ ਕੈਪਟਨ  ਸਰਕਾਰ ਦੀ ਕਾਰਜ ਸ਼ੈਲੀ ’ਤੇ ਸਵਾਲ ਉਠਾ ਰਹੇ ਹਨ।
 


Related News