8 ਮਹੀਨਿਆਂ ਬਾਅਦ ਹੁਸ਼ਿਆਰਪੁਰ-ਦਿੱਲੀ ਰੂਟ ’ਤੇ ਅੱਜ ਤੋਂ ਚੱਲਣਗੀਆਂ ਪੰਜਾਬ ਰੋਡਵੇਜ਼ ਦੀਆਂ ਵਾਲਵੋ ਬੱਸਾਂ
Wednesday, Nov 18, 2020 - 10:46 AM (IST)

ਹੁਸ਼ਿਆਰਪੁਰ (ਅਮਰਿੰਦਰ)— ਕੋਰੋਨਾ ਮਹਾਮਾਰੀ ਕਾਰਣ 8 ਮਹੀਨੇ ਤੋਂ ਬਾਅਦ ਹੁਣ ਪੰਜਾਬ ਰੋਡਵੇਜ਼ ਨੂੰ ਵਾਲਵੋ ਬੱਸਾਂ ਚਲਾਉਣ ਦੀ ਆਗਿਆ ਮਿਲ ਗਈ ਹੈ। ਹੁਸ਼ਿਆਰਪੁਰ ਡਿਪੂ ਵੱਲੋਂ ਜਾਰੀ ਸੂਚਨਾ ਅਨੁਸਾਰ ਨਵੀਆਂ ਗਾਈਡਲਾਈਨਜ਼ ਦਾ ਪਾਲਣ ਕਰਦੇ ਹੋਏ ਹੁਸ਼ਿਆਰਪੁਰ ਬੱਸ ਸਟੈਂਡ ਤੋਂ ਬੁੱਧਵਾਰ 18 ਨਵੰਬਰ ਤੋਂ ਸਵੇਰੇ 6.20 ਅਤੇ ਰਾਤ 9.50 ਮਿੰਟ ’ਤੇ ਵਾਲਵੋ ਬੱਸਾਂ ਦਿੱਲੀ ਬੱਸ ਸਟੈਂਡ ਤੱਕ ਜਾਇਆ ਕਰਨਗੀਆਂ। ਵਰਨਣਯੋਗ ਹੈ ਕਿ ਰੋਡਵੇਜ਼ ਦੀ ਵਾਲਵੋ ਬੱਸ ਦੇ ਮੁਸਾਫ਼ਰਾਂ ਨੂੰ ਦਿੱਲੀ ਦਾ ਕਿਰਾਇਆ ਜਿੱਥੇ ਲਗਭਗ 1000 ਰੁਪਏ ਦੇਣਾ ਪੈਂਦਾ ਹੈ, ਉਥੇ ਹੀ ਨਿੱਜੀ ਕੰਪਨੀ ਦੀਆਂ ਵਾਲਵੋ ਬੱਸਾਂ ’ਚ ਦਿੱਲੀ ਜਾਣ ਲਈ 3000 ਰੁਪਏ ਦੇ ਕਰੀਬ ਖਰਚਾ ਕਰਨਾ ਪੈਂਦਾ ਹੈ।
ਵਾਲਵੋ ਬੱਸਾਂ ਨੂੰ ਸੈਨੀਟਾਈਜ਼ ਕਰਨਾ ਹੋਵੇਗਾ ਜ਼ਰੂਰੀ
ਪੰਜਾਬ ਰੋਡਵੇਜ਼ ਮੁੱਖ ਦਫਤਰ ਨੇ ਵਾਲਵੋ ਬੱਸਾਂ ਚਲਾਉਣ ਸਬੰਧੀ ਗਾਈਡਲਾਈਨਜ਼ ਰਾਜ ਦੇ ਸਾਰੇ 18 ਡਿਪੂਆਂ ਦੇ ਜਨਰਲ ਮੈਨੇਜਰਾਂ ਨੂੰ ਭੇਜ ਦਿੱਤੀਆਂ ਹਨ। ਜਿਸ ਵਿਚ ਕਿਹਾ ਗਿਆ ਹੈ ਕਿ ਵਾਲਵੋ ਬੱਸਾਂ ਨੂੰ ਰੂਟ ’ਤੇ ਰਵਾਨਾ ਕਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਸੈਨੀਟਾਈਜ਼ ਕੀਤਾ ਜਾਵੇ ਅਤੇ ਇਸ ਦੇ ਇਲਾਵਾ ਕੁਝ ਦੇਰ ਦੇ ਸਫਰ ਦੇ ਬਾਅਦ ਬੱਸਾਂ ਦੀ ਵੈਂਟੀਲੇਸ਼ਨ ਵੀ ਯਕੀਨੀ ਬਣਾਈ ਜਾਵੇ।
ਨਿਯਮਾਂ ਦਾ ਪਾਲਣ ਕਰਦੇ ਹੋਏ ਅੱਜ ਤੋਂ ਦਿੱਲੀ ਤੱਕ ਜਾਵੇਗੀ ਵਾਲਵੋ ਬੱਸ : ਜੀ. ਐੱਮ.
ਸੰਪਰਕ ਕਰਨ ’ਤੇ ਹੁਸ਼ਿਆਰਪੁਰ ਡਿਪੂ ਦੇ ਜਨਰਲ ਮੈਨੇਜਰ ਰਣਜੀਤ ਸਿੰਘ ਬੱਗਾ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਹੁਸ਼ਿਆਰਪੁਰ ਬੱਸ ਸਟੈਂਡ ਤੋਂ 18 ਨਵੰਬਰ ਤੋਂ ਸਵੇਰੇ ਅਤੇ ਰਾਤ ਨੂੰ ਵਾਲਵੋ ਬੱਸਾਂ ਚਲਾਉਣ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਕੋਰੋਨਾ ਕਾਲ ’ਚ ਹੁਣ ਵੀ ਰੋਡਵੇਜ਼ ਸਮਾਜਿਕ ਦੂਰੀ ਦਾ ਪਾਲਣ ਕਰਦੇ ਹੋਏ ਬੱਸਾਂ ਚਲਾ ਰਹੀ ਹੈ। ਹੁਣ ਵਾਲਵੋ ਬੱਸਾਂ ਚਲਾਉਣ ਲਈ ਜਾਰੀ ਹਦਾਇਤਾਂ ਦਾ ਪਾਲਣ ਕਰਦੇ ਹੋਏ ਬੁੱਧਵਾਰ ਤੋਂ ਵਾਲਵੋ ਬੱਸਾਂ ਦਿੱਲੀ ਬੱਸ ਸਟੈਂਡ ਤੱਕ ਜਾਇਆ ਕਰਨਗੀਆਂ। ਜੰਮੂ-ਕਸ਼ਮੀਰ ਰੂਟ ’ਤੇ ਬੱਸ ਚਲਾਉਣ ਦੀ ਆਗਿਆ ਅਜੇ ਨਹੀਂ ਮਿਲੀ ਹੈ।