ਕੇਂਦਰੀ ਮੰਤਰੀ ਸਾਂਪਲਾ ਦੇ ਖ਼ਿਲਾਫ ਕਿਸਾਨਾਂ ਦਾ ਫੁੱਟਿਆ ਗੁੱਸਾ, ਕੀਤੀ ਨਾਅਰੇਬਾਜ਼ੀ

Tuesday, Oct 20, 2020 - 04:21 PM (IST)

ਕੇਂਦਰੀ ਮੰਤਰੀ ਸਾਂਪਲਾ ਦੇ ਖ਼ਿਲਾਫ ਕਿਸਾਨਾਂ ਦਾ ਫੁੱਟਿਆ ਗੁੱਸਾ, ਕੀਤੀ ਨਾਅਰੇਬਾਜ਼ੀ

ਜਲੰਧਰ (ਸੋਨੂੰ, ਰਾਹੁਲ): ਪੰਜਾਬ ਵਿਚ ਦਲਿਤਾਂ ਨਾਲ ਹੋ ਰਹੇ ਅਨਿਆਂ ਅਤੇ ਘਪਲਿਆਂ ਦਾ ਭਾਜਪਾ ਐੱਸ. ਸੀ. ਮੋਰਚਾ ਨੇ ਸਖ਼ਤ ਨੋਟਿਸ ਲਿਆ ਹੈ ਅਤੇ ਇਸ ਖਿਲਾਫ 22 ਅਕਤੂਬਰ ਨੂੰ ਮੋਰਚਾ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਅਟਵਾਲ ਦੀ ਅਗਵਾਈ ਵਿਚ ‘ਦਲਿਤ ਇਨਸਾਫ ਯਾਤਰਾ’ ਕੱਢਣ ਜਾ ਰਿਹਾ ਹੈ, ਜੋ ਕਿ ਚੰਡੀਗੜ੍ਹ ਵਿਚ ਜਾ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਕੋਠੀ ਦਾ ਘਿਰਾਓ ਕਰ ਕੇ ਉਨ੍ਹਾਂ ਨੂੰ ਚਿਤਾਵਨੀ ਦੇਵੇਗੀ ਕਿ ਦਲਿਤਾਂ ’ਤੇ ਹੋ ਰਹੇ ਅੱਤਿਆਚਾਰ ਬੰਦ ਕਰਵਾਏ ਜਾਣ।

ਇਸ ਸਬੰਧੀ ਅੱਜ ਜਲੰਧਰ ਵਿਚ ਭਾਜਪਾ ਐੱਸ. ਸੀ. ਮੋਰਚਾ ਵੱਲੋਂ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਦਲਿਤਾਂ ਨਾਲ ਅਨਿਆਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਹਰ ਮੁਸ਼ਕਲ ਦਾ ਡਟ ਕੇ ਮੁਕਾਬਲਾ ਕੀਤਾ ਜਾਵੇਗਾ ਤੇ ਕੈਪਟਨ ਸਰਕਾਰ ਨੇ ਦੋਸ਼ੀਆਂ ਵਿਰੁੱਧ ਜਾਂ ਤਾਂ ਚੁੱਪ ਧਾਰੀ ਹੋਈ ਹੈ ਜਾਂ ਆਪਣੇ ਸਾਥੀ ਮੰਤਰੀਆਂ ਨੂੰ ਕਲੀਨ ਚਿੱਟਾਂ ਦੇ ਕੇ ਦਲਿਤਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦਾ ਕੰਮ ਕਰ ਰਹੀ ਹੈ।

ਭਾਜਪਾ ਦੇ ਸੂਬਾ ਉਪ ਪ੍ਰਧਾਨ ਰਾਜੇਸ਼ ਬਾਘਾ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਦਲਿਤਾਂ ’ਤੇ ਅੱਤਿਆਚਾਰ ਵਧੇ ਹਨ ਅਤੇ ਉਨ੍ਹਾਂ ਨੂੰ ਸਰਕਾਰ ਦੀਆਂ ਧੱਕੇਸ਼ਾਹੀਆਂ ਤਹਿਤ ਤੰਗ-ਪ੍ਰੇਸ਼ਾਨ ਕੀਤਾ ਜਾ ਿਰਹਾ ਹੈ। ਭਾਜਪਾ ਐੱਸ. ਸੀ. ਮੋਰਚਾ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਅਟਵਾਲ ਨੇ ਕਿਹਾ ਕਿ ਪੰਜਾਬ ਵਿਚ ਦਲਿਤ ਭਰਾਵਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਇਕ ਸੋਚੀ-ਸਮਝੀ ਰਣਨੀਤੀ ਤਹਿਤ ਦਲਿਤ ਵਿਦਿਆਰਥੀਆਂ ਲਈ ਕੇਂਦਰ ਵੱਲੋਂ ਜਾਰੀ ਕੀਤੇ ਕਰੋੜਾਂ ਰੁਪਏ ਪੰਜਾਬ ਸਰਕਾਰ ਡਕਾਰ ਗਈ ਅਤੇ ਲੱਖਾਂ ਦਲਿਤ ਵਿਦਿਆਰਥੀਆਂ ਦਾ ਭਵਿੱਖ ਹਨੇਰੇ ਵਿਚ ਧੱਕ ਦਿੱਤਾ। ਇਸ ਤੋਂ ਪਹਿਲਾਂ ਜ਼ਹਿਰੀਲੀ ਸ਼ਰਾਬ ਕਾਂਡ ਵਿਚ 130 ਤੋਂ ਵੱਧ ਦਲਿਤਾਂ ਦੀ ਮੌਤ ਹੋ ਗਈ ਅਤੇ ਸਰਕਾਰ ਨੇ ਜਾਂਚ ਦੇ ਨਾਂ ’ਤੇ ਕਾਂਗਰਸ ਦੀ ਸਰਪ੍ਰਸਤੀ ਵਿਚ ਚੱਲ ਰਹੇ ਸ਼ਰਾਬ ਮਾਫੀਆ ਨੂੰ ਵੀ ਕਲੀਨ ਚਿੱਟ ਦੇ ਦਿੱਤੀ। ਭਾਜਪਾ ਹੁਣ ਇਸ ਕੁੰਭਕਰਨੀ ਨੀਂਦ ਵਿਚ ਸੁੱਤੇ ਪਏ ਮੁੱਖ ਮੰਤਰੀ ਨੂੰ ਜਗਾਉਣ ਲਈ ਚੰਡੀਗੜ੍ਹ ਜਾ ਕੇ ਉਨ੍ਹਾਂ ਦੀ ਕੋਠੀ ਦਾ ਘਿਰਾਓ ਕਰੇਗੀ ਅਤੇ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ।

 ਇਸ ਮੌਕੇ ਭਾਜਪਾ ਪੰਜਾਬ ਦੇ ਬੁਲਾਰੇ ਮਹਿੰਦਰ ਭਗਤ, ਦੀਵਾਨ ਅਮਿਤ ਅਰੋੜਾ, ਜ਼ਿਲਾ ਮਹਾਮੰਤਰੀ ਰਾਜੀਵ ਢੀਂਗਰਾ, ਭਗਵੰਤ ਪ੍ਰਭਾਕਰ, ਮੋਰਚਾ ਦੇ ਜ਼ਿਲਾ ਪ੍ਰਧਾਨ ਭੁਪਿੰਦਰ ਕੁਮਾਰ, ਜੈ ਕਲਿਆਣ, ਕੀਮਤੀ ਭਗਤ, ਦੀਪਕ ਬਾਵਾ, ਮਨਜੀਤ ਬਾਲੀ, ਸੋਨੂੰ ਦਿਨਕਰ, ਸੋਨੂੰ ਹੰਸ, ਰੌਬਿਨ, ਜੋਗੀ ਤੱਲ੍ਹਣ, ਸੁਭਾਸ਼ ਭਗਤ, ਭਾਜਪਾ ਦੇ ਆਗੂ ਅਤੇ ਅਹੁਦੇਦਾਰ ਮੌਜੂਦ ਸਨ।

PunjabKesari

ਕਿਸਾਨਾਂ ਨੇ ਘੇਰਿਆ ਸਰਕਟ ਹਾਊਸ, ਲਾਇਆ ਜਾਮ
ਸਾਬਕਾ ਕੇਂਦਰੀ ਮੰਤਰੀ ਦੇ ਸਰਕਟ ਹਾਊਸ ਵਿਚ ਪਹੁੰਚਣ ਦੀ ਸੂਚਨਾ ਮਿਲਣ ’ਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਸਰਕਟ ਹਾਊਸ ਦੇ ਬਾਹਰ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਪਰ ਸਥਾਨਕ ਪੁਲਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸਰਕਟ ਹਾਊਸ ਤੋਂ ਕੁਝ ਦੂਰੀ ’ਤੇ ਹੀ ਰੋਕ ਦਿੱਤਾ ਅਤੇ ਦੋਵਾਂ ਸਾਈਡਾਂ ਤੋਂ ਰਸਤਾ ਰੋਕ ਕੇ ਸਾਰੀ ਟਰੈਫਿਕ ਨੂੰ ਦੂਜੇ ਪਾਸੇ ਡਾਈਵਰਟ ਕਰ ਿਦੱਤਾ।

ਲਾਲ ਝੰਡੇ ਵਾਲੇ ਕਿਸਾਨਾਂ ਨੂੰ ਦੱਸਿਆ ਨਕਸਲੀ
ਜ਼ਿਲਾ ਪ੍ਰਸ਼ਾਸਨ ਨੇ ਕਿਸਾਨਾਂ ਵੱਲੋਂ ਕੀਤੀ ਘੇਰਾਬੰਦੀ ਅਤੇ ਸਰਕਟ ਹਾਊਸ ਵਿਚ ਪਹੁੰਚੇ ਭਾਜਪਾ ਆਗੂਆਂ ਦੇ ਟਕਰਾਅ ਨੂੰ ਟਾਲਣ ਲਈ ਪੁਖਤਾ ਪ੍ਰਬੰਧ ਕੀਤਾ ਹੋਇਆ ਸੀ। ਭਾਜਪਾ ਆਗੂਆਂ ਨੇ ਸਰਕਟ ਹਾਊਸ ਕੰਪਲੈਕਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਹਰ ਘਿਰਾਓ ਕਰਨ ਵਾਲੇ ਲਾਲ ਝੰਡੇ ਵਾਲੇ ਕਿਸਾਨ ਨਹੀਂ, ਸਗੋਂ ਸੂਬੇ ਵਿਚ ਅਸ਼ਾਂਤੀ ਫੈਲਾਉਣ ਵਾਲੇ ਨਕਸਲੀ ਹਨ। ਹਾਲਾਂਕਿ ਬਾਅਦ ਵਿਚ ਅਾਪਣੇ ਬਿਆਨ ਤੋਂ ਯੂ-ਟਰਨ ਲੈਂਦਿਆਂ ਉਨ੍ਹਾਂ ਕਿਹਾ ਕਿ ਉਹ ਖੱਬੇ-ਪੱਖੀਆਂ ਅਤੇ ਕਾਂਗਰਸੀਆਂ ਵੱਲੋਂ ਪ੍ਰਾਯੋਜਿਤ ਵਰਕਰ ਹਨ, ਕਿਸਾਨ ਨਹੀਂ।

ਨਿਆਂ ਦੀ ਮੰਗ ਕਰਦਿਆਂ ਸਰਕਟ ਹਾਊਸ ਵੱਲ ਜਾਂਦੀ ਮਿੰਟੀ ਨੂੰ ਪੁਲਸ ਨੇ ਕੀਤਾ ਕਾਬੂ
ਭਾਜਪਾ ਐੱਸ. ਸੀ. ਮੋਰਚਾ ਵੱਲੋਂ ਸਰਕਟ ਹਾਊਸ ਵਿਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਲੜਕੀ ਮਿੰਟੀ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਉਸਦੇ ਪਰਿਵਾਰਕ ਮੈਂਬਰਾਂ ’ਤੇ ਦੋਸ਼ ਲਾਉਂਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਸਨੇ ਦੌੜ ਕੇ ਸਰਕਟ ਹਾਊਸ ਪੁੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਮੁਸਤੈਦ ਮਹਿਲਾ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਕੇ ਆਪਣੀ ਗੱਡੀ ਵਿਚ ਬੰਦ ਕਰ ਦਿੱਤਾ।ਇਸ ਦੌਰਾਨ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਮਹਿਲਾ ਮੋਰਚਾ ਦੀ ਪ੍ਰਧਾਨ ਮੀਨੂੰ ਸ਼ਰਮਾ ਅਤੇ ਹੋਰ ਮਹਿਲਾ ਵਰਕਰਾਂ ਨੇ ਭਾਜਪਾ ਦੇ ਪੱਖ ਵਿਚ ਜ਼ੋਰਦਾਰ ਨਾਅਰੇਬਾਜ਼ੀ ਕਰ ਕੇ ਆਪਣੀ ਹਾਜ਼ਰੀ ਦਰਜ ਕਰਵਾਈ। ਇਸ ਵਾਰ ਵੀ ਮਹਿਲਾਵਾਂ ਦੇ ਮੋਰਚਾ ਸੰਭਾਲਣ ਤੋਂ ਪਹਿਲਾਂ ਹੀ ਉਥੇ ਹਾਜ਼ਰ ਪੁਲਸ ਮੁਲਾਜ਼ਮਾਂ ਨੇ ਮਿੰਟੀ ਨੂੰ ਕਾਬੂ ਕਰ ਕੇ ਹਾਲਾਤ ਨੂੰ ਵਿਗੜਨ ਤੋਂ ਬਚਾਅ ਲਿਆ।ਇਸ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਵਲੋਂ ਲਾਏ ਗਏ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ। ਫ਼ਿਲਹਾਰ ਮੌਕੇ 'ਤੇ ਡੀ.ਐੱਸ.ਪੀ. ਗੁਰਮੀਤ ਸਿੰਘ ਪੁਲਸ ਪਾਰਟੀ ਸਮੇਤ ਪਹੁੰਚੇ ਅਤੇ ਕਿਸਾਨਾਂ ਨੂੰ ਸ਼ਾਂਤ ਕੀਤਾ ਗਿਆ।


author

Shyna

Content Editor

Related News