ਪਟਾਕਾ ਵਪਾਰੀ ’ਤੇ ਅਣਪਛਾਤੇ ਵਿਅਕਤੀਆਂ ਨੇ ਕੀਤਾ ਹਮਲਾ

Sunday, Nov 03, 2024 - 04:24 PM (IST)

ਪਟਾਕਾ ਵਪਾਰੀ ’ਤੇ ਅਣਪਛਾਤੇ ਵਿਅਕਤੀਆਂ ਨੇ ਕੀਤਾ ਹਮਲਾ

ਕਪੂਰਥਲਾ (ਮਹਾਜਨ)-ਰੇਲਵੇ ਰੋਡ ’ਤੇ ਪਟਾਕਾ ਮਾਰਕੀਟ ’ਚ ਸ਼ੁੱਕਰਵਾਰ ਦੀ ਰਾਤ ਕੁਝ ਅਣਪਛਾਤੇ ਲੋਕਾਂ ਨੇ ਪਟਾਕਾ ਵਪਾਰੀ ’ਤੇ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਘਟਨਾ ਸਬੰਧੀ ਥਾਣਾ ਸਿਟੀ-2 ਕਪੂਰਥਲਾ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਟਾਕਾ ਮਾਰਕੀਟ ਦੇ ਵਪਾਰੀ ਬਲਰਾਮ ਢੀਂਗਰਾ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਕੁਝ ਵਿਅਕਤੀ ਪਟਾਕੇ ਖ਼ਰੀਦਣ ਲਈ ਉਸ ਦੇ ਸਟਾਲ ’ਤੇ ਆਏ ਸਨ, ਜਿਨ੍ਹਾਂ ਨੇ ਪਟਾਕਿਆਂ ਦੇ ਪੈਸੇ ਦਿੱਤੇ ਤਾਂ ਉਸ ’ਚ ਕੁਝ ਦੋ ਨੋਟ ਸ਼ੱਕੀ ਹੋਣ ’ਤੇ ਬਦਲਣ ਲਈ ਕਿਹਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਮੌਕੇ ’ਤੇ ਮੌਜੂਦ ਕੁਝ ਲੋਕਾਂ ਨੇ ਮਾਮਲਾ ਸ਼ਾਂਤ ਕਰਵਾਇਆ ਅਤੇ ਉਹ ਸਟਾਲ ਤੋਂ ਚਲੇ ਗਏ ਪਰ ਰਾਤ ਕਰੀਬ 11:10 ਵਜੇ ਉਹ ਆਪਣੇ 15-20 ਸਾਥੀਆਂ ਨਾਲ ਮਾਰਕੀਟ ’ਚ ਆਏ ਅਤੇ ਦੁਕਾਨਦਾਰ ਬਲਰਾਮ ਢੀਂਗਰਾ ਅਤੇ ਉਸ ਦੇ ਭਤੀਜੇ ਜਸਕਰਨ ’ਤੇ ਦਾਤਰ, ਡੰਡਿਆਂ ਅਤੇ ਇੱਟਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਜਿਸ ਕਾਰਨ ਉਹ ਜ਼ਖ਼ਮੀ ਹੋ ਗਏ ਅਤੇ ਆਸ-ਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ।

ਇਹ ਵੀ ਪੜ੍ਹੋ- ਜਲੰਧਰ 'ਚ ਗੋਲ਼ੀਆਂ ਮਾਰ ਕੇ ਕਤਲ ਕੀਤੇ ਨੌਜਵਾਨ ਬਾਦਸ਼ਾਹ ਦੇ ਮਾਮਲੇ 'ਚ ਪੁਲਸ ਹੱਥ ਲੱਗੀ CCTV ਨੇ ਖੋਲ੍ਹੇ ਰਾਜ਼

ਪੀੜਤ ਪਟਾਕਾ ਵਪਾਰੀ ਬਲਰਾਮ ਢੀਂਗਰਾ ਨੇ ਇਲਜਾਮ ਲਾਇਆ ਕਿ ਹਮਲਾਵਰਾਂ ਨੇ ਘਟਨਾ ਵਾਲੀ ਥਾਂ ’ਤੇ ਮੌਜੂਦ ਉਸ ਦੀ ਗਰਭਵਤੀ ਪਤਨੀ ’ਤੇ ਵੀ ਹਮਲਾ ਕੀਤਾ। ਮੁਲਜ਼ਮ ਉਸ ਦਾ ਪੈਸਿਆਂ ਵਾਲਾ ਬੈਗ ਵੀ ਖੋਹ ਕੇ ਫਰਾਰ ਹੋ ਗਏ, ਜਿਸ ’ਚ ਪਟਾਕਿਆਂ ਦੀ ਸੇਲ ਦੇ ਪੈਸੇ ਸਨ।
ਇਸ ਕੁੱਟਮਾਰ ਦੀ ਘਟਨਾ ਦਾ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਘਟਨਾ ਦੀ ਸੂਚਨਾ ਡੀ. ਐੱਸ. ਪੀ. ਸਬ ਡਿਵੀਜ਼ਨ ਦੀਪਕਰਨ ਸਿੰਘ ਨੂੰ ਦੇਣ ਤੋਂ ਬਾਅਦ ਥਾਣਾ ਸਿਟੀ-2 ਦੇ ਐੱਸ. ਐੱਚ. ਓ. ਮਨਜੀਤ ਸਿੰਘ ਨੇ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਲਜ਼ਮਾਂ ਦੀ ਪਛਾਣ ਕਰਨ ’ਚ ਲੱਗੀ ਹੋਈ ਹੈ। ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ- ਅਹਿਮ ਖ਼ਬਰ: ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ, ਸੋਮਵਾਰ ਤੋਂ ਇੰਨੇ ਵਜੇ ਲੱਗਣਗੇ ਸਕੂਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News