ਯੂਕੋ ਬੈਂਕ ਲੁੱਟ ਕਾਂਡ : ਮੁੱਖ ਮੁਲਜ਼ਮ ਗੋਪੀ ਦੇ ਜਲੰਧਰ ’ਚ ਹੋਣ ਦੇ ਮਿਲੇ ਇਨਪੁੱਟ, ਕੈਂਟ ਤੋਂ ਲੈ ਕੇ ਹੋਰ ਥਾਵਾਂ ’ਤੇ

08/14/2022 4:14:21 PM

ਜਲੰਧਰ (ਵਰੁਣ)–ਯੂਕੋ ਬੈਂਕ ਲੁੱਟ ਕਾਂਡ ਦੇ ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਜਲੰਧਰ ’ਚ ਹੋਣ ਦੇ ਇਨਪੁੱਟ ਮਿਲਣ ਤੋਂ ਬਾਅਦ ਪੁਲਸ ਨੇ ਦੁਬਾਰਾ ਸ਼ਹਿਰ ’ਚ ਕਈ ਥਾਵਾਂ ’ਤੇ ਰੇਡ ਕੀਤੀ। ਦੇਰ ਰਾਤ ਤੱਕ ਗੋਪੀ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਸੀ ਪਰ ਜਲਦ ਗੋਪੀ ਪੁਲਸ ਦੇ ਸ਼ਿਕੰਜੇ ’ਚ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਹਾਲ ਹੀ ’ਚ ਗੋਪੀ ਨੂੰ ਗ੍ਰੇਅ ਰੰਗ ਦੀ ਐਕਟਿਵਾ ’ਤੇ ਦੇਖਿਆ ਗਿਆ ਸੀ। ਇਨਪੁੱਟ ਮਿਲਣ ਤੋਂ ਬਾਅਦ ਕਮਿਸ਼ਨਰੇਟ ਪੁਲਸ ਨੇ ਕੈਂਟ ਸਮੇਤ ਗੋਪੀ ਦੇ ਹੋਰ ਟਿਕਾਣਿਆਂ ’ਤੇ ਰੇਡ ਕੀਤੀ ਪਰ ਫਿਲਹਾਲ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਗੋਪੀ ਦੇ ਭਰਾ ਨਿਹੰਗ ਕੋਲੋਂ ਵੀ ਉਸ ਦੇ ਟਿਕਾਣਿਆਂ ਬਾਰੇ ਪੁੱਛਿਆ ਜਾ ਰਿਹਾ ਹੈ ਪਰ ਉਸ ਦਾ ਕਹਿਣਾ ਹੈ ਕਿ ਗੋਪੀ ਨੇ 7 ਅਗਸਤ ਨੂੰ ਆਪਣਾ ਮੋਬਾਇਲ ਬੰਦ ਕਰ ਲਿਆ ਸੀ, ਜਿਸ ਕਾਰਨ ਦੁਬਾਰਾ ਉਸ ਨਾਲ ਕੋਈ ਸੰਪਰਕ ਨਹੀਂ ਹੋਇਆ।

ਪੁਲਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ 2 ਲੁਟੇਰਿਆਂ ਤਰੁਣ ਅਤੇ ਵਿਨੇ ਸਮੇਤ ਸਾਜ਼ਿਸ਼ਕਰਤਾ ਅਜੈਪਾਲ ਸਿੰਘ ਨਿਹੰਗ ਕੋਲੋਂ ਹੋਰ ਵਾਰਦਾਤਾਂ ਨੂੰ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲ਼ਜ਼ਮ ਅਜੇ ਰਿਮਾਂਡ ’ਤੇ ਹੀ ਹੈ, ਜਿਸ ਕੋਲੋਂ ਐੱਸ. ਓ. ਯੂ. ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 4 ਅਗਸਤ ਨੂੰ ਉਕਤ ਮੁਲਜ਼ਮਾਂ ਨੇ ਇੰਡਸਟਰੀਅਲ ਏਰੀਆ ਵਿਚ ਸਥਿਤ ਯੂਕੋ ਬੈਂਕ ਵਿਚ ਦਾਖਲ ਹੋ ਕੇ ਸਟਾਫ ਅਤੇ ਗਾਹਕਾਂ ਨੂੰ ਗੰਨ ਪੁਆਇੰਟ ’ਤੇ ਲੈ ਕੇ ਕੈਸ਼ ਰੂਮ ’ਚੋਂ 13 ਲੱਖ 84 ਹਜ਼ਾਰ ਰੁਪਏ ਅਤੇ ਇਕ ਮਹਿਲਾ ਕਰਮਚਾਰੀ ਕੋਲੋਂ 5 ਤੋਲੇ ਸੋਨੇ ਦੇ ਗਹਿਣੇ ਲੁੱਟ ਲਏ ਸਨ। ਕਮਿਸ਼ਨਰੇਟ ਪੁਲਸ ਨੇ ਮੁਲਜ਼ਮਾਂ ਦਾ ਰੂਟ ਬ੍ਰੇਕ ਕਰ ਕੇ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਸਨ, ਜਿਨ੍ਹਾਂ ਕੋਲੋਂ ਲੁੱਟੇ ਹੋਏ ਪੈਸਿਆਂ ’ਚੋਂ ਸਾਢੇ 7 ਲੱਖ ਰੁਪਏ, ਲੁੱਟ ਵਿਚ ਵਰਤੀ ਐਕਟਿਵਾ ਅਤੇ ਇਕ ਹਥਿਆਰ ਬਰਾਮਦ ਕਰ ਲਿਆ ਸੀ। ਬਾਕੀ ਪੈਸੇ ਅਤੇ ਲੁੱਟੇ ਹੋਏ ਗਹਿਣੇ ਗੋਪੀ ਦੇ ਕੋਲ ਹੀ ਹਨ। ਥਾਣਾ ਨੰਬਰ 8 ਵਿਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਲੁੱਟ ਕਾਂਡ ਵਿਚ ਸ਼ਾਮਲ ਲੁਟੇਰੇ ਵਿਨੇ ਤਿਵਾੜੀ ਨਿਵਾਸੀ ਉੱਤਮ ਨਗਰ, ਤਰੁਣ ਨਾਹਰ ਨਿਵਾਸੀ ਕੋਟ ਮੁਹੱਲਾ ਅਤੇ ਸਾਜ਼ਿਸ਼ਕਰਤਾ ਅਜੈਪਾਲ ਨਿਹੰਗ ਨਿਵਾਸੀ ਉੱਤਮ ਨਗਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਦਕਿ ਮੁੱਖ ਮੁਲਜ਼ਮ ਗੋਪੀ ਫ਼ਰਾਰ ਹੋ ਚੁੱਕਾ ਸੀ।


Manoj

Content Editor

Related News