ਕੋਰੀਅਰ ਬੁਆਏ ਕੋਲੋਂ ਬੈਗ ਖੋਹਣ ਦੀ ਘਟਨਾ ’ਚ ਸ਼ਾਮਲ 2 ਲੁਟੇਰੇ ਗ੍ਰਿਫ਼ਤਾਰ

12/12/2018 5:41:23 AM

ਹੁਸ਼ਿਆਰਪੁਰ,(ਅਸ਼ਵਨੀ)- ਥਾਣਾ ਗਡ਼੍ਹਸ਼ੰਕਰ ਦੀ ਪੁਲਸ ਨੇ ਬੀਤੇ ਦਿਨ ਸਲੇਮਪੁਰ ਤੋਂ ਰਾਮਪੁਰ ਬਿਲਡ਼ੋਂ ਦੇ ਵਿਚਕਾਰ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ 3 ਲੁਟੇਰਿਆਂ ਵੱਲੋਂ ਇਕ ਕੋਰੀਅਰ ਬੁਆਏ ਮਲਕੀਤ ਸਿੰਘ ਪੁੱਤਰ ਜਸਮੇਰ ਸਿੰਘ ਵਾਸੀ ਪਿੰਡ ਧਿਆਣੀ ਕੋਲੋਂ ਮੋਬਾਇਲਾਂ ਨਾਲ ਭਰਿਆ ਬੈਗ ਖੋਹਣ ਦੀ ਵਾਰਦਾਤ ’ਚ ਸ਼ਾਮਲ 2 ਲੁਟੇਰਿਆਂ ਨੂੰ ਘਟਨਾ ਤੋਂ ਤੁਰੰਤ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਜਾਣਕਾਰੀ ਦਿੰਦਿਆਂ ਥਾਣਾ ਗਡ਼੍ਹਸ਼ੰਕਰ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਵਿਚ ਮਨਜਿੰਦਰ ਸਿੰਘ ਉਰਫ ਮਿੱਥੀ ਪੁੱਤਰ ਗੁਰਪਾਲ ਸਿੰਘ ਵਾਸੀ ਪਿੰਡ ਮੋਇਲਾ ਵਾਹਿਦਪੁਰ ਤੇ ਵਿਨੈ ਪੁੱਤਰ ਬਲਵਿੰਦਰ ਸਿੰਘ ਵਾਸੀ ਪਾਹਲੇਵਾਲ ਨੂੰ ਧਾਰਾ 379-ਬੀ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਸ਼ਾਮਲ ਤੀਸਰਾ ਦੋਸ਼ੀ ਰੋਹਿਤ ਵਾਸੀ ਪਿੰਡ ਪੱਲੀਆਂ ਥਾਣਾ ਬੰਗਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ, ਜੋ ਫਰਾਰ ਹੋ ਗਿਆ ਸੀ, ਦੀ ਗ੍ਰਿਫ਼ਤਾਰ ਲਈ ਵੀ ਪੁਲਸ ਛਾਪੇਮਾਰੀ ਕਰ ਰਹੀ ਹੈ। 
ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਹੁਣ ਤੱਕ ਦੀ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਲੁਟੇਰਿਆਂ ਨੇ ਮੰਨਿਆ ਕਿ ਉਨ੍ਹਾਂ ਨੇ 5 ਨਵੰਬਰ ਨੂੰ ਪਿੰਡ ਮਹਿੰਦਵਾਣੀ ਦੇ ਵਾਸੀ ਕੇਸ਼ਵ, ਜੋ ਮੋਟਰਸਾਈਕਲ ’ਤੇ ਜਾ ਰਿਹਾ ਸੀ, ਨੂੰ ਘੇਰ ਕੇ ਉਸ ਕੋਲੋਂ 35 ਹਜ਼ਾਰ ਰੁਪਏ ਦੀ ਨਕਦੀ ਤੇ ਮੋਬਾਇਲ ਲੁੱਟਿਆ ਸੀ। ਕੱਕਡ਼ ਮਜਾਰਾ ਪਿੰਡ ਦੇ ਕੋਲ ਇਕ ਹੋਰ ਵਿਅਕਤੀ ਕੋਲੋਂ 30 ਹਜ਼ਾਰ ਰੁਪਏ ਦੀ ਨਕਦੀ ਲੁੱਟੀ ਸੀ। ਪਿੰਡ ਬੀਰਮਪੁਰ ਰੋਡ ’ਤੇ ਇਕ ਵਿਅਕਤੀ ਨੂੰ ਘੇਰ ਕੇ ਉਸ ਕੋਲੋਂ ਵੀ 30 ਹਜ਼ਾਰ ਰੁਪਏ ਦੀ ਨਕਦੀ ਲੁੱਟੀ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਉਨ੍ਹਾਂ ਦਾ ਪੁਲਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।


Related News