ਦਰਿਆ ’ਚ ਛਾਲ ਮਾਰਨ ਵਾਲੇ ਭਰਾਵਾਂ ਦੇ ਪਰਿਵਾਰਕ ਮੈਂਬਰਾਂ ਨੇ ਕੀਤਾ ਥਾਣੇ ਦਾ ਘਿਰਾਓ, SHO ’ਤੇ ਕਾਰਵਾਈ ਦੀ ਕੀਤੀ ਮੰਗ
Sunday, Aug 20, 2023 - 11:31 AM (IST)

ਜਲੰਧਰ (ਵਰੁਣ)–ਗੋਇੰਦਵਾਲ ਸਾਹਿਬ ਦੇ ਨੇੜੇ ਬਿਆਸ ਦਰਿਆ ’ਚ ਛਾਲ ਮਾਰਨ ਵਾਲੇ 2 ਭਰਾਵਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਨੇ ਥਾਣਾ ਨੰਬਰ 1 ਦੇ ਬਾਹਰ ਧਰਨਾ ਲਾ ਦਿੱਤਾ। ਪੀੜਤ ਪਰਿਵਾਰ ਨੇ ਐੱਸ. ਐੱਚ. ਓ. ਨਵਦੀਪ ਸਿੰਘ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਰੱਖੀ ਸੀ। ਲਗਭਗ 3 ਘੰਟੇ ਉਹ ਥਾਣਾ ਨੰਬਰ 1 ਦੇ ਬਾਹਰ ਦਰੀਆਂ ਵਿਛਾ ਕੇ ਨਾਅਰੇਬਾਜ਼ੀ ਕਰਦੇ ਰਹੇ।
ਧਰਨੇ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 1 ਦੇ ਇੰਚਾਰਜ ਪ੍ਰਦੀਪ ਸਿੰਘ ਆਪਣੀ ਟੀਮ ਦੇ ਨਾਲ ਮੌਕੇ ’ਤੇ ਪਹੁੰਚ ਗਏ। ਹੋਰ ਅਧਿਕਾਰੀ ਵੀ ਮੌਕੇ ’ਤੇ ਪੀੜਤ ਪਰਿਵਾਰ ਦੀ ਗੱਲ ਸੁਣਨ ਲਈ ਪਹੁੰਚੇ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਮਾਨਵਜੀਤ ਸਿੰਘ ਢਿੱਲੋਂ ਦੀ ਥਾਣੇ ਦੇ ਅੰਦਰ ਬੇਇੱਜ਼ਤੀ ਕੀਤੀ ਗਈ ਅਤੇ ਉਸ ਨਾਲ ਕੁੱਟਮਾਰ ਕਰਕੇ ਪੱਗ ਲਾਹੀ ਗਈ। ਇਸੇ ਗੱਲ ਨੂੰ ਲੈ ਕੇ ਮਾਨਵਜੀਤ ਦੇ ਛੋਟੇ ਭਰਾ ਨੂੰ ਵੱਡਾ ਝਟਕਾ ਲੱਗਾ, ਜਿਸ ਕਾਰਨ ਪਹਿਲਾਂ ਛੋਟੇ ਭਰਾ ਜਸ਼ਨਬੀਰ ਸਿੰਘ ਨੇ ਦਰਿਆ ਵਿਚ ਛਾਲ ਮਾਰੀ ਅਤੇ ਬਾਅਦ ਵਿਚ ਮਾਨਵਜੀਤ ਸਿੰਘ ਢਿੱਲੋਂ ਨੇ ਛਾਲ ਮਾਰ ਦਿੱਤੀ। ਉਨ੍ਹਾਂ ਕਿਹਾ ਕਿ ਅਜੇ ਤਕ ਦੋਵਾਂ ਭਰਾਵਾਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ। ਉਨ੍ਹਾਂ ਕਿਹਾ ਕਿ ਐੱਸ. ਐੱਚ. ਓ. ਨਵਦੀਪ ਸਿੰਘ ਕਾਰਨ ਇਹ ਸਭ ਕੁਝ ਹੋਇਆ ਹੈ, ਜਿਸ ਦੇ ਲਈ ਉਨ੍ਹਾਂ ਨੂੰ ਭਰੋਸਾ ਦਿਵਾਉਣ ਵਾਸਤੇ ਐੱਸ. ਐੱਚ. ਓ. ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ- ਪੱਤਰਕਾਰ ਰਵੀ ਗਿੱਲ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਪਰਿਵਾਰ ਵੱਲੋਂ ਸਸਕਾਰ ਕਰਨ ਤੋਂ ਇਨਕਾਰ, ਕੀਤੀ ਇਹ ਮੰਗ
ਦੱਸਣਯੋਗ ਹੈ ਕਿ ਪਤੀ-ਪਤਨੀ ਵਿਚਕਾਰ ਝਗੜੇ ਸਬੰਧੀ ਲੜਕੀ ਧਿਰ ਵੱਲੋਂ ਮਾਨਵਜੀਤ ਸਿੰਘ ਢਿੱਲੋਂ ਲੜਕੀ ਦੇ ਹੋਰ ਪਰਿਵਾਰਕ ਮੈਂਬਰਾਂ ਨਾਲ 14 ਅਗਸਤ ਨੂੰ ਥਾਣਾ ਨੰਬਰ 1 ਵਿਚ ਗਿਆ ਸੀ। ਉਥੇ ਉਸ ਦੀ ਐੱਸ. ਐੱਚ. ਓ. ਨਾਲ ਬਹਿਸ ਹੋ ਗਈ। 16 ਅਗਸਤ ਨੂੰ ਦੋਬਾਰਾ ਥਾਣੇ ਜਾਣ ’ਤੇ ਫਿਰ ਵਿਵਾਦ ਹੋਇਆ, ਜਿਸ ਕਾਰਨ ਪੁਲਸ ਵੱਲੋਂ 7/51 ਕਰਕੇ ਮਾਨਵਦੀਪ ਸਿੰਘ ਢਿੱਲੋਂ ਦਾ ਮੈਡੀਕਲ ਕਰਵਾ ਕੇ ਗ੍ਰਿਫ਼ਤਾਰੀ ਵਿਖਾ ਦਿੱਤੀ ਸੀ ਅਤੇ ਅਗਲੇ ਦਿਨ ਮੈਡੀਕਲ ਕਰਵਾ ਕੇ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਸੀ। ਜਿਉਂ ਹੀ ਜਸ਼ਨਬੀਰ ਸਿੰਘ ਨੂੰ ਆਪਣੇ ਭਰਾ ਮਾਨਵਜੀਤ ਢਿੱਲੋਂ ਬਾਰੇ ਪਤਾ ਲੱਗਾ ਤਾਂ ਉਸ ਨੇ ਫੋਨ ਕਰਕੇ ਮਾਨਵਜੀਤ ਨੂੰ ਕਿਹਾ ਕਿ ਹੁਣ ਉਨ੍ਹਾਂ ਕੋਲ ਕੁਝ ਨਹੀਂ ਰਿਹਾ ਹੈ, ਜਿਸ ਕਰਕੇ ਉਹ ਬਿਆਸ ਦਰਿਆ ’ਚ ਛਾਲ ਮਾਰ ਰਿਹਾ ਹੈ। ਮਾਨਵਦੀਪ ਆਪਣੇ ਛੋਟੇ ਭਰਾ ਨੂੰ ਗੱਲਾਂ ਵਿਚ ਲਾ ਕੇ ਦੱਸੀ ਹੋਈ ਥਾਂ ’ਤੇ ਪਹੁੰਚ ਗਿਆ ਪਰ ਇਸੇ ਦੌਰਾਨ ਜਸ਼ਨਬੀਰ ਨੇ ਦਰਿਆ ਵਿਚ ਛਾਲ ਮਾਰ ਦਿੱਤੀ ਅਤੇ ਫਿਰ ਉਸ ਦੇ ਪਿੱਛੇ ਮਾਨਵਜੀਤ ਨੇ ਵੀ ਛਾਲ ਮਾਰ ਦਿੱਤੀ ਸੀ।
ਇਹ ਵੀ ਪੜ੍ਹੋ- ਚਿਪਸ ਦੇਣ ਦੇ ਬਹਾਨੇ 6 ਸਾਲਾ ਬੱਚੀ ਨਾਲ ਕੀਤਾ ਸੀ ਜਬਰ-ਜ਼ਿਨਾਹ, ਜਲੰਧਰ ਦੀ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
ਮੈਂ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਕੀਤੀ : ਐੱਸ. ਐੱਚ. ਓ. ਨਵਦੀਪ ਸਿੰਘ
ਇਸ ਬਾਰੇ ਜਦੋਂ ਐੱਸ. ਐੱਚ. ਓ. ਨਵਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 14 ਅਗਸਤ ਨੂੰ ਜਦੋਂ ਮਾਨਵਜੀਤ ਸਿੰਘ ਢਿੱਲੋਂ ਥਾਣੇ ਆਇਆ ਤਾਂ ਉਸ ਨੇ ਪਹਿਲਾਂ ਮਹਿਲਾ ਪੁਲਸ ਕਰਮਚਾਰੀ ਨਾਲ ਵਿਵਾਦ ਕੀਤਾ। ਉਨ੍ਹਾਂ ਮਾਮਲਾ ਸ਼ਾਂਤ ਕਰਕੇ ਦੋਵਾਂ ਪਾਰਟੀਆਂ ਨੂੰ 16 ਅਗਸਤ ਨੂੰ ਸੱਦਿਆ ਸੀ। ਉਸ ਸਮੇਂ ਵੀ ਮਾਨਵਦੀਪ ਢਿੱਲੋਂ ਥਾਣੇ ਆਇਆ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੂਜੀ ਧਿਰ ਨਾਲ ਬਹਿਸ ਕਰਨ ਲੱਗਾ। ਉਨ੍ਹਾਂ ਕਿਹਾ ਕਿ ਮਾਨਵਜੀਤ ਨੂੰ ਉਨ੍ਹਾਂ ਥਾਣੇ ਵਿਚੋਂ ਬਾਹਰ ਭੇਜਿਆ ਅਤੇ ਜਦੋਂ ਹੋਰਨਾਂ ਮੁਲਾਜ਼ਮਾਂ ਨੇ ਉਸ ਨੂੰ ਰੋਕਿਆ ਤਾਂ ਮਾਨਵਜੀਤ ਨੇ ਉਨ੍ਹਾਂ ਨਾਲ ਵੀ ਝਗੜਾ ਕੀਤਾ। ਉਹ ਪੁਲਸ ਅਧਿਕਾਰੀਆਂ ਨੂੰ ਧਮਕੀਆਂ ਦੇਣ ਲੱਗਾ।
ਐੱਸ. ਐੱਚ. ਓ. ਨੇ ਕਿਹਾ ਕਿ ਮਹਿਲਾ ਪੁਲਸ ਕਰਮਚਾਰੀ ਨੇ ਪਹਿਲਾਂ ਤੋਂ ਹੀ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਹੋਈ ਸੀ, ਜਿਸ ਤਹਿਤ ਮਾਨਵਜੀਤ ਖ਼ਿਲਾਫ਼ 7/51 ਅਧੀਨ ਕਾਰਵਾਈ ਕੀਤੀ ਗਈ ਸੀ। ਪੁਲਸ ਨੇ ਉਸ ਨੂੰ ਇਸੇ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਅਤੇ ਹਵਾਲਾਤ ਵਿਚ ਬੰਦ ਕਰਨ ਤੋਂ ਪਹਿਲਾਂ ਖ਼ੁਦ ਮਾਨਵਜੀਤ ਸਿੰਘ ਢਿੱਲੋਂ ਨੇ ਆਪਣੀ ਪੱਗ ਲਾਹ ਕੇ ਮੁਲਾਜ਼ਮਾਂ ਨੂੰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਥਾਣੇ ਵਿਚ ਏਦਾ ਕਿਵੇਂ ਕਿਸੇ ਦੀ ਪੱਗ ਨੂੰ ਹੱਥ ਪਾਇਆ ਜਾ ਸਕਦਾ ਹੈ। ਉਨ੍ਹਾਂ ਖ਼ੁਦ ’ਤੇ ਲਾਏ ਸਾਰੇ ਦੋਸ਼ਾਂ ਨੂੰ ਨਕਾਰਿਆ।
ਐੱਸ. ਐੱਚ. ਓ. ਨਵਦੀਪ ਸਿੰਘ ਨੇ ਕਿਹਾ ਕਿ ਜਿਸ ਧਿਰ ਵੱਲੋਂ ਮਾਨਵਜੀਤ ਸਿੰਘ ਆਇਆ ਸੀ, ਉਹ ਖ਼ੁਦ ਲਿਖ ਕੇ ਉਨ੍ਹਾਂ ਨੂੰ ਦੇ ਕੇ ਗਏ ਹਨ ਕਿ ਉਨ੍ਹਾਂ ਦੇ ਸਾਹਮਣੇ ਮਾਨਵਜੀਤ ਸਿੰਘ ਨੇ ਮਹਿਲਾ ਪੁਲਸ ਕਰਮਚਾਰੀ ਨਾਲ ਵਿਵਾਦ ਕੀਤਾ ਅਤੇ ਉਸ ਦੀ ਬੇਇੱਜ਼ਤੀ ਕੀਤੀ। ਉਨ੍ਹਾਂ ਵੱਲੋਂ ਕਾਨੂੰਨ ਦੇ ਘੇਰੇ ਵਿਚ ਰਹਿ ਕੇ ਸਾਰੀ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ- ਛੁੱਟੀ 'ਤੇ ਆਏ ਫ਼ੌਜ ਦੇ ਸੂਬੇਦਾਰ ਨਾਲ ਵਾਪਰੀ ਅਣਹੋਣੀ, ਕਾਰ ਦੇ ਉੱਡੇ ਪਰਖੱਚੇ, ਮਿਲੀ ਦਰਦਨਾਕ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ