ਕਾਰ ਨਾਲ ਟੱਕਰ ਹੋਣ ਮਗਰੋਂ ਪਲਟੀ ਟਰੈਕਟਰ-ਟਰਾਲੀ, ਚਾਲਕ ਦੀ ਮੌਤ, 5 ਮਜ਼ਦੂਰ ਜ਼ਖ਼ਮੀ
Monday, Jan 06, 2025 - 04:31 PM (IST)
ਨਵਾਂਸ਼ਹਿਰ (ਤ੍ਰਿਪਾਠੀ)- ਟਰੈਕਟਰ-ਟਰਾਲੀ ਦੀ ਫੇਟ ਵੱਜਣ ਕਾਰਨ ਟਰੈਕਟਰ ਚਾਲਕ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਟਰਾਲੀ ਵਿੱਚ ਸਵਾਰ 5 ਵਿਅਕਤੀਆਂ ਦੇ ਜ਼ਖ਼ਮੀ ਹੋਣ ਸਬੰਧੀ ਪੁਲਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤੀ ਵਿਚ ਨਿਰਮਲਜੀਤ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਪਿੰਡ ਲਧਾਣਾ ਝਿੱਕਾ ਨੇ ਦੱਸਿਆ ਕਿ ਉਸ ਨੇ ਆਪਣਾ ਟਰੈਕਟਰ ਚਲਾਉਣ ਲਈ ਪਿੰਡ ਦੇ ਹੀ ਜਸਵਿੰਦਰ ਸਿੰਘ ਪੁੱਤਰ ਫੁੰਮਣ ਸਿੰਘ ਨੂੰ ਡਰਾਈਵਰ ਰੱਖਿਆ ਹੋਇਆ ਹੈ। ਉਕਤ ਟਰੈਕਟਰ ਚਾਲਕ ਟ੍ਰੈਕਟਰ ਦੇ ਪਿੱਛੇ ਟਰਾਲੀ ਪਾ ਕੇ ਟਰਾਲੀ ਵਿਚ ਸਵਾਰ ਮਜ਼ਦੂਰਾਂ ਨਾਲ ਖੇਤੀਬਾੜੀ ਦੇ ਕਾਰੋਬਾਰ ਨੂੰ ਲੈ ਕੇ ਨਵਾਂਸ਼ਹਿਰ ਤੋਂ ਪਿੰਡ ਵੱਲ੍ਹ ਆ ਰਿਹਾ ਸੀ।
ਇਹ ਵੀ ਪੜ੍ਹੋ- ਪ੍ਰਿੰਸੀਪਲ ਵੱਲੋਂ ਬੱਚੇ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਨਵਾਂ ਮੋੜ
ਉਸ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਤੀਜਾ ਟਰੈਕਟਰ-ਟਰਾਲੀ ਦੇ ਪਿੱਛੇ-ਪਿੱਛੇ ਚਲ ਰਹੇ ਸਨ। ਪਿੰਡ ਮਹਿਲੋਂ ਤੋਂ ਕੁਝ ਅੱਗੇ ਇਕ ਚਿੱਟੇ ਰੰਗ ਦੀ ਕਾਰ ਦੇ ਚਾਲਕ ਨੇ ਲਾਪਰਵਾਹੀ ਨਾਲ ਬਿਨ੍ਹਾਂ ਹਾਰਨ ਦਿੱਤੇ ਕਾਰ ਦੀ ਟੱਕਰ ਟਰੈਕਟਰ-ਟਰਾਲੀ ਨਾਲ ਮਾਰੀ, ਜਿਸ ਨਾਲ ਟਰੈਕਟਰ-ਟਰਾਲੀ ਪਲਟ ਗਈ ਅਤੇ ਟਰਾਲੀ ਵਿਚ ਬੈਠੇ 5 ਮਜ਼ਦੂਰਾ ਅਤੇ ਟਰੈਕਟਰ ਚਾਲਕ ਦੇ ਗੰਭੀਰ ਸੱਟਾਂ ਲੱਗੀਆਂ। ਸਵਾਰੀ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਟਰੈਕਟਰ ਚਾਲਕ ਜਸਵਿੰਦਰ ਸਿੰਘ ਦੀ ਮੌਤ ਹੋ ਗਈ ਜਦਕਿ ਮਜ਼ਦੂਰ ਜ਼ੇਰੇ ਇਲਾਜ ਹਨ। ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਸੁਖਬੀਰ ਬਾਦਲ ਦਾ ਸਭ ਤੋਂ ਵੱਡਾ ਬਿਆਨ, ਵਿਵਾਦਾਂ ਨੂੰ ਖ਼ਤਮ ਕਰਨ ਲਈ ਇਲਜ਼ਾਮ ਪੁਆਏ ਝੋਲੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e