ਪੰਜਾਬ ਤੇ ਬੱਚਿਆਂ ਦੇ ਭਵਿੱਖ ਲਈ 'ਆਪ' ਦੀ ਇਮਾਨਦਾਰ ਸਰਕਾਰ ਬਣਾਉਣ ਪੰਜਾਬ ਵਾਸੀ : ਕੇਜਰੀਵਾਲ
Monday, Feb 14, 2022 - 08:31 PM (IST)
ਸ਼ਾਮ ਚੁਰਾਸੀ/ਹੁਸ਼ਿਆਰਪੁਰ/ਫਗਵਾੜਾ (ਕਪੂਰਥਲਾ)/ਚੰਡੀਗੜ੍ਹ (ਬਿਊਰੋ)- ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਪਾਰਟੀ ਦੇ ਉਮੀਦਵਾਰ ਜੋਗਿੰਦਰ ਸਿੰਘ ਮਾਨ ਲਈ ਵਿਧਾਨ ਸਭਾ ਹਲਕਾ ਫਗਵਾੜਾ ਵਿਖੇ ਚੋਣ ਪ੍ਰਚਾਰ ਕੀਤਾ। ਇੱਥੇ ਚੋਣ ਮਾਰਚ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਲੋਕਾਂ ਨੂੰ ਪੰਜਾਬ ਦੇ ਭਵਿੱਖ ਲਈ, ਆਪਣੇ ਬੱਚਿਆਂ ਦੇ ਭਵਿੱਖ ਲਈ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਬਣਾਉਣ ਦੀ ਅਪੀਲ ਕੀਤੀ। ਅਰਵਿੰਦ ਕੇਜਰੀਵਾਲ ਨੇ ਜੋਗਿੰਦਰ ਸਿੰਘ ਮਾਨ ਲਈ ਸ਼ਹਿਰ ਫਗਵਾੜਾ ਵਿਚ ਚੋਣ ਮਾਰਚ ਕੀਤਾ। ਉਨ੍ਹਾਂ ਦੇ ਗਾਂਧੀ ਚੌਂਕ 'ਚ ਲੋਕਾਂ ਨੂੰ ਸੰਬੋਧਨ ਕਰਦਿਆਂ ਆਪਣੀ ਇੱ- ਇੱਕ ਵੋਟ 'ਝਾੜੂ' ਦੇ ਨਿਸ਼ਾਨ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਜੋਗਿੰਦਰ ਸਿੰਘ ਮਾਨ ਨੂੰ ਪਾਈ ਗਈ ਹਰ ਵੋਟ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਮਾਨ ਨੂੰ ਜਾਵੇਗੀ, ਜਿਸ ਨਾਲ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ।
ਇਹ ਖ਼ਬਰ ਪੜ੍ਹੋ- ਵਿਧਾਨ ਸਭਾ ਚੋਣਾਂ : ਉੱਤਰਾਖੰਡ 'ਚ 59.37 ਤੇ ਯੂ.ਪੀ. ਵਿਚ 60.31 ਫੀਸਦੀ ਹੋਈ ਵੋਟਿੰਗ
ਕੇਜਰੀਵਾਲ ਨੇ ਵਾਅਦਾ ਕੀਤਾ ਕਿ ਪੰਜਾਬ ਵਿੱਚ 'ਆਪ' ਦੀ ਸਰਕਾਰ ਬਣਨ 'ਤੇ ਹਰ ਘਰ ਵਿੱਚ 7 ਲੱਖ ਰੁਪਏ ਦੀ ਬੱਚਤ ਹੋਵੇਗੀ। ਆਪ' ਦੀ ਸਰਕਾਰ ਦਿੱਲੀ ਦੀ ਤਰ੍ਹਾਂ ਪੰਜਾਬ 'ਚ ਸਕੂਲ ਚੰਗੇ ਬਣਾਏਗੀ, ਬਿਜਲੀ ਸਸਤੀ ਕਰੇਗੀ, ਇਲਾਜ ਮੁਫ਼ਤ ਕਰੇਗੀ ਅਤੇ ਪਾਣੀ ਮੁਫਤ ਦੇਵੇਗੀ। ਭ੍ਰਿਸ਼ਟਾਚਾਰ ਖ਼ਤਮ ਕੀਤਾ ਜਾਵੇਗਾ ਅਤੇ ਮਾਫੀਆ ਦਾ ਸਫਾਇਆ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਿਆਣੇ ਹਨ, ਜਦੋਂ ਲੋਕ 7 ਲੱਖ ਰੁਪਏ ਦੀ ਬੱਚਤ ਹੋਣ ਦੀ ਗੱਲ ਸਮਝ ਜਾਂਦੇ ਹਨ ਤਾਂ ਉਹ ਹੋਰਨਾਂ ਪਾਰਟੀਆਂ ਕੋਲੋਂ 2000-2000 ਰੁਪਏ ਲੈਣ ਤੋਂ ਇਨਕਾਰ ਕਰ ਦਿੰਦੇ ਹਨ। ਕੇਜਰੀਵਾਲ ਨੇ ਦੱਸਿਆ ਕਿ ਉਨ੍ਹਾਂ ਇੱਕ ਲੜਕੇ ਨੂੰ ਪੁੱਛਿਆ ਸੀ ਕਿ ਜੇ ਦੂਜੀਆਂ ਪਾਰਟੀਆਂ ਵਾਲੇ ਉਸ ਨੂੰ ਪੈਸੇ ਦੇਣਗੇ ਤਾਂ ਵੋਟ ਕਿਸ ਨੂੰ ਪਾਵੇਗਾ ਤਾਂ ਲੜਕੇ ਨੇ ਜਵਾਬ ਦਿੱਤਾ ਸੀ ਕਿ ਉਹ ਪੈਸੇ ਹੋਰਨਾਂ ਤੋਂ ਲੈ ਲਵੇਗਾ ਪਰ ਵੋਟ 'ਝਾੜੂ' ਨੂੰ ਹੀ ਪਾਵੇਗਾ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਪੱਕੀ ਹੈ, ਕਿਉਂਕਿ ਟੀ.ਵੀ. ਚੈਨਲ ਵਾਲੇ ਵੀ ਆਪਣੇ ਸਰਵਿਆਂ ਵਿਚ ਆਮ ਆਦਮੀ ਪਾਰਟੀ ਵੱਲੋਂ 65 ਸੀਟਾਂ ਜਿੱਤਣ ਦੀ ਗੱਲ ਆਖਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਾਂ ਪੰਜਾਬ ਵਿਚ ਇੱਕ ਮਜ਼ਬੂਤ ਅਤੇ ਇਮਾਨਦਾਰ ਸਰਕਾਰ ਬਣਾਉਣੀ ਹੈ। ਇਸ ਲਈ ਕੇਵਲ 65 ਸੀਟਾਂ ਨਹੀਂ ਸਗੋਂ 80 ਸੀਟਾਂ ਜਿੱਤਣੀਆਂ ਹਨ। ਇਸ ਲਈ ਹਰੇਕ ਵੋਟਰ ਆਪਣੀ ਵੋਟ 'ਝਾੜੂ' ਨੂੰ ਪਾਵੇ ਅਤੇ ਆਪਣੇ ਰਿਸਤੇਦਾਰਾਂ, ਦੋਸਤਾਂ ਨੂੰ ਵੀ 'ਝਾੜੂ' ਨੂੰ ਵੋਟ ਪਾਉਣ ਦੀ ਅਪੀਲ ਕਰਨ। ਇਸ ਮੌਕੇ ਫਗਵਾੜਾ ਤੋਂ ਉਮੀਦਵਾਰ ਜੋਗਿੰਦਰ ਸਿੰਘ ਮਾਨ ਨੇ ਕੇਜਰੀਵਾਲ ਤੋਂ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪਹਿਲਾਂ ਕੰਮ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦਾ ਕੀਤਾ ਜਾਵੇ। ਉਨ੍ਹਾਂ ਕੇਜਰੀਵਾਲ ਦਾ ਫਗਵਾੜਾ ਵਿਖੇ ਚੋਣ ਪ੍ਰਚਾਰ ਲਈ ਆਉਣ 'ਤੇ ਧੰਨਵਾਦ ਕੀਤਾ।
ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਉਮੀਦਵਾਰਾਂ ਡਾ. ਰਵਜੋਤ ਸਿੰਘ ਅਤੇ ਬ੍ਰਹਮ ਸ਼ੰਕਰ ਜਿੰਪਾ ਲਈ ਵਿਧਾਨ ਸਭਾ ਹਲਕਾ ਸ਼ਾਮ ਚੁਰਾਸੀ ਅਤੇ ਹੁਸ਼ਿਆਰਪੁਰ 'ਚ ਚੋਣ ਪ੍ਰਚਾਰ ਕੀਤਾ। ਵੱਖ-ਵੱਖ ਥਾਂਵਾਂ 'ਤੇ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨਾਂ ਵੱਲੋਂ 'ਆਪ' ਉਮੀਦਵਾਰਾਂ ਡਾ. ਰਵਜੋਤ ਸਿੰਘ ਅਤੇ ਬ੍ਰਹਮ ਸ਼ੰਕਰ ਜਿੰਪਾ ਨੂੰ ਪਾਈ ਗਈ ਇੱਕ- ਇੱਕ ਵੋਟ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਮਾਨ ਨੂੰ ਪਵੇਗੀ ਅਤੇ ਪੰਜਾਬ 'ਚ ਇੱਕ ਇਮਾਨਦਾਰ ਸਰਕਾਰ ਬਣੇਗੀ।
ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਅਤੇ ਸ਼ਾਮ ਚੁਰਾਸੀ ਵਿੱਚ ਪ੍ਰਚਾਰ ਕਰਦਿਆਂ ਵਾਅਦਾ ਕੀਤਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪਰਚਾ ਰਾਜ ਖ਼ਤਮ ਕੀਤਾ ਜਾਵੇਗਾ ਅਤੇ ਨੌਜਵਾਨਾਂ 'ਤੇ ਕੀਤੇ ਗਏ ਝੂਠੇ ਪਰਚੇ ਰੱਦ ਕੀਤੇ ਜਾਣਗੇ। ਉਨਾਂ ਅੱਗੇ ਕਿਹਾ ਕਿ 'ਆਪ' ਦੀ ਸਰਕਾਰ ਬਣਨ 'ਤੇ ਹਰ ਘਰ ਵਿੱਚ 7 ਲੱਖ ਰੁਪਏ ਦੀ ਬੱਚਤ ਹੋਵੇਗੀ। ਪੰਜਾਬ ਦੇ ਲੋਕ ਸਿਆਣੇ ਹਨ, ਜਦੋਂ ਲੋਕ 7 ਲੱਖ ਰੁਪਏ ਦੀ ਬੱਚਤ ਹੋਣ ਦੀ ਗੱਲ ਸਮਝ ਜਾਂਦੇ ਹਨ ਤਾਂ ਉਹ ਹੋਰਨਾਂ ਪਾਰਟੀਆਂ ਕੋਲੋਂ 2000-2000 ਰੁਪਏ ਲੈਣ ਤੋਂ ਇਨਕਾਰ ਕਰ ਦਿੰਦੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।