ਜਲੰਧਰ : ਜੁਰਮਾਂ ’ਤੇ ਰੋਕ ਲਾਉਣ ਲਈ ਕਮਿਸ਼ਨਰੇਟ ਪੁਲਸ ਨੇ ਕੱਸੀ ਕਮਰ, 42 ਥਾਵਾਂ ’ਤੇ ਹੋਵੇਗੀ ਨਾਕਾਬੰਦੀ

04/26/2022 3:46:44 PM

ਜਲੰਧਰ (ਸੁਧੀਰ) : ਸ਼ਹਿਰ ਵਿਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ, ਵਧ ਰਹੇ ਜੁਰਮਾਂ ’ਤੇ ਕਾਬੂ ਪਾਉਣ, ਚੋਰਾਂ-ਲੁਟੇਰਿਆਂ ਅਤੇ ਸ਼ੱਕੀ ਲੋਕਾਂ ਦੀ ਨਕੇਲ ਕੱਸਣ ਲਈ ਸ਼ਹਿਰ ਦੇ ਨਵ-ਨਿਯੁਕਤ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨੇ ਪੂਰੀ ਤਰ੍ਹਾਂ ਕਮਰ ਕੱਸ ਲਈ ਹੈ। ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸੀ. ਪੀ. ਤੂਰ ਨੇ ਦੱਸਿਆ ਕਿ ਇਹ ਸ਼ਹਿਰ ਉਨ੍ਹਾਂ ਲਈ ਨਵਾਂ ਨਹੀਂ ਹੈ, ਸਗੋਂ ਉਹ ਪਹਿਲਾਂ ਵੀ ਜਲੰਧਰ ਵਿਚ ਬਤੌਰ ਏ. ਡੀ. ਸੀ. ਪੀ. ਸਿਟੀ-1 ਸੇਵਾਵਾਂ ਦੇ ਚੁੱਕੇ ਹਨ। ਵਾਹਿਗੁਰੂ ਦੇ ਆਸ਼ੀਰਵਾਦ ਨਾਲ ਉਨ੍ਹਾਂ ਨੂੰ ਦੁਬਾਰਾ ਸ਼ਹਿਰ ਵਾਸੀਆਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਪੁਲਸ ਕਮਿਸ਼ਨਰ ਦਾ ਚਾਰਜ ਸੰਭਲਣ ਦੇ ਨਾਲ ਹੀ ਉਨ੍ਹਾਂ ਪੁਲਸ ਅਧਿਕਾਰੀਆਂ ਅਤੇ ਥਾਣਾ ਇੰਚਾਰਜਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਉਨ੍ਹਾਂ ਸਾਰੇ ਥਾਣਾ ਇੰਚਾਰਜਾਂ ਨੂੰ ਸਾਫ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਇਲਾਕੇ ਵਿਚ ਕੋਈ ਜੁਰਮ ਹੋਇਆ ਤਾਂ ਉਸਦੀ ਜਵਾਬਦੇਹੀ ਥਾਣਾ ਇੰਚਾਰਜ ਦੀ ਹੋਵੇਗੀ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਨਿਸ਼ਾਨੇ 'ਤੇ CM ਮਾਨ, ਕਿਹਾ-ਪੰਜਾਬੀ ਅਣਖ ਨੂੰ ਢਾਹ ਲਗਾ ਰਹੀ ਹੈ ਦਿੱਲੀ ਫੇਰੀ

ਸੀ. ਪੀ. ਨੇ ਦੱਸਿਆ ਕਿ ਸ਼ਹਿਰ ਨੂੰ ਜੁਰਮ ਅਤੇ ਨਸ਼ਾ-ਮੁਕਤ ਬਣਾਉਣਾ ਉਨ੍ਹਾਂ ਦਾ ਮੁੱਖ ਟੀਚਾ ਹੈ। ਉਨ੍ਹਾਂ ਜੁਰਮ ਦੇ ਖਾਤਮੇ ਲਈ ਸ਼ਹਿਰ ਵਾਸੀਆਂ ਦੇ ਸਹਿਯੋਗ ਦੀ ਵੀ ਮੰਗ ਕੀਤੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਉਹ ਨਿਡਰ ਹੋ ਕੇ ਸ਼ੱਕੀ ਲੋਕਾਂ, ਨਸ਼ਾ ਸਮੱਗਲਰਾਂ ਤੇ ਮੁਜਰਿਮਾਂ ਦੀ ਸੂਚਨਾ ਪੁਲਸ ਨੂੰ ਦੇਣ। ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਸਾਫ ਕਿਹਾ ਕਿ ਪੁਲਸ ਅਤੇ ਪਬਲਿਕ ਦੇ ਸਹਿਯੋਗ ਨਾਲ ਸ਼ਹਿਰ ਵਿਚੋਂ ਜੁਰਮ ਦਾ ਜੜ੍ਹ ਤੋਂ ਖਾਤਮਾ ਕੀਤਾ ਜਾ ਸਕਦਾ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰੋਜ਼ਾਨਾ ਸ਼ਾਮੀਂ 5 ਤੋਂ 10 ਵਜੇ ਤੱਕ 5 ਘੰਟੇ ਸ਼ਹਿਰ ਨੂੰ ਸੀਲ ਕਰ ਕੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇਗੀ। ਨਾਕਿਆਂ ’ਤੇ ਥਾਣਾ ਇੰਚਾਰਜ ਵੀ ਤਾਇਨਾਤ ਰਹਿਣਗੇ। ਇਸ ਦੇ ਨਾਲ ਹੀ ਨਾਕਿਆਂ ਦੀ ਸੁਪਰਵਿਜ਼ਨ ਕਰਨ ਲਈ ਸੀਨੀਅਰ ਅਧਿਕਾਰੀ ਵੀ ਫੀਲਡ ਵਿਚ ਖੁਦ ਤਾਇਨਾਤ ਹੋਣਗੇ।

ਇਹ ਵੀ ਪੜ੍ਹੋ : ਅਬੋਹਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਤੇਲ ਟੈਂਕਰ ਨੇ ਦਰੜੇ 3 ਮੋਟਰਸਾਈਕਲ ਸਵਾਰ

ਸੀ. ਪੀ. ਤੂਰ ਨੇ ਦੱਸਿਆ ਕਿ ਨਾਕਿਆਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੁਲਸ ਕਮਿਸ਼ਨਰ ਆਫਿਸ ਵਿਚ ਤਾਇਨਾਤ 25 ਫੀਸਦੀ ਮੁਲਾਜ਼ਮਾਂ ਨੂੰ ਵੀ ਸ਼ਾਮ ਸਮੇਂ ਦੇ ਨਾਕਿਆਂ ’ਤੇ ਤਾਇਨਾਤ ਕੀਤਾ ਗਿਆ ਹੈ ਤਾਂ ਕਿ ਨਾਕਿਆਂ ’ਤੇ ਮੁਲਾਜ਼ਮਾਂ ਦੀ ਘਾਟ ਨਾ ਹੋਵੇ। ਇਸਦੇ ਨਾਲ ਹੀ ਸਾਰੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਨਾਕਿਆਂ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਦੇ ਦਸਤਾਵੇਜ਼ ਅਤੇ ਉਨ੍ਹਾਂ ਦੀ ਚੈਕਿੰਗ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਰੋਜ਼ਾਨਾ 42 ਥਾਵਾਂ ’ਤੇ ਵਿਸ਼ੇਸ਼ ਨਾਕਾਬੰਦੀ ਕਰ ਕੇ ਸ਼ਹਿਰ ਨੂੰ ਸੀਲ ਕਰ ਕੇ ਕਮਿਸ਼ਨਰੇਟ ਪੁਲਸ ਵੱਲੋਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇਗੀ। ਇਸਦੇ ਨਾਲ ਹੀ ਜ਼ਮਾਨਤ ’ਤੇ ਬਾਹਰ ਆਏ ਮੁਜਰਿਮਾਂ ’ਤੇ ਵੀ ਵਿਸ਼ੇਸ਼ ਰੂਪ ਵਿਚ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਸਾਫ ਕਿਹਾ ਕਿ ਸ਼ਹਿਰ ਵਿਚ ਲਾਅ ਐਂਡ ਆਰਡਰ ਦਾ ਉਲੰਘਣ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।

PunjabKesari

ਮੈਂ ਖੁਦ ਰੋਜ਼ਾਨਾ ਫੀਲਡ ਵਿਚ ਨਿਕਲ ਕੇ ਲੈ ਰਿਹਾਂ ਨਾਕਿਆਂ ਦਾ ਜਾਇਜ਼ਾ : ਸੀ. ਪੀ.

ਸੀ. ਪੀ. ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਕਾਨੂੰਨ ਦਾ ਉਲੰਘਣ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਕਰਨ ਲਈ ਉਹ ਖੁਦ ਰੋਜ਼ਾਨਾ ਪੁਲਸ ਫੋਰਸ ਨਾਲ ਫੀਲਡ ਵਿਚ ਨਿਕਲ ਕੇ ਸ਼ਹਿਰ ਦਾ ਜਾਇਜ਼ਾ ਲੈ ਰਹੇ ਹਨ। ਬੀਤੇ ਦਿਨੀਂ ਵੀ ਉਹ ਸ਼ਹਿਰ ਦੇ ਬਸਤੀ ਅੱਡਾ ਇਲਾਕੇ ਤੋਂ ਜੋਤੀ ਚੌਕ ਤੱਕ ਪੁਲਸ ਫੋਰਸ ਨਾਲ ਪੈਦਲ ਹੀ ਸ਼ਹਿਰ ਦੀਆਂ ਸੜਕਾਂ ’ਤੇ ਨਿਕਲੇ ਸਨ। ਉਨ੍ਹਾਂ ਸ਼ਹਿਰ ਦੇ ਰੇਲਵੇ ਸਟੇਸ਼ਨ ਅਤੇ ਹੋਰ ਹਿੱਸਿਆਂ ਦਾ ਵੀ ਦੌਰਾ ਕਰ ਕੇ ਜਾਇਜ਼ਾ ਲਿਆ, ਜਿਸ ਤੋਂ ਬਾਅਦ ਉਨ੍ਹਾਂ ਸ਼ਹਿਰ ਦੀ ਸਭ ਤੋਂ ਵੱਡੀ ਫੂਡ ਸਟ੍ਰੀਟ ਮੰਨੀ ਜਾਣ ਵਾਲੀ ਪੀ. ਪੀ. ਆਰ. ਮਾਰਕੀਟ ਅਤੇ ਮਾਡਲ ਟਾਊਨ ਮਾਰਕੀਟ ਦਾ ਵੀ ਦੌਰਾ ਕੀਤਾ। ਸੀ. ਪੀ. ਨੇ ਦੱਸਿਆ ਕਿ ਨਾਕਿਆਂ ਦੌਰਾਨ ਉਨ੍ਹਾਂ ਖੁਦ ਕਈ ਵਾਹਨ ਚਾਲਕਾਂ ਅਤੇ ਕਈ ਸ਼ੱਕੀ ਲੋਕਾਂ ਕੋਲੋਂ ਪੁੱਛਗਿੱਛ ਕੀਤੀ। ਨਾਕਿਆਂ ’ਤੇ ਖੁਦ ਜਾ ਕੇ ਮੁਲਾਜ਼ਮਾਂ ਕੋਲੋਂ ਫੀਡਬੈਕ ਲੈਣ ਨਾਲ ਉਨ੍ਹਾਂ ਦਾ ਮਨੋਬਲ ਵਧਦਾ ਹੈ, ਜਿਸ ਸਦਕਾ ਉਹ ਪੂਰੀ ਮੁਸਤੈਦੀ ਨਾਲ ਡਿਊਟੀ ਨਿਭਾਉਂਦੇ ਹਨ। ਉਨ੍ਹਾਂ ਦੱਸਿਆ ਕਿ ਪੈਂਡਿੰਗ ਮਾਮਲਿਆਂ ਨੂੰ ਸੁਲਝਾਉਣ ਅਤੇ ਮੁਜਰਿਮਾਂ ਦੀ ਗ੍ਰਿਫ਼ਤਾਰੀ ਲਈ ਕਈ ਟੀਮਾਂ ਦਾ ਵੀ ਵਿਸ਼ੇਸ਼ ਰੂਪ ਵਿਚ ਗਠਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਐਕਸ਼ਨ 'ਚ ਸਿੱਖਿਆ ਮੰਤਰੀ ਮੀਤ ਹੇਅਰ, 720 ਨਿੱਜੀ ਸਕੂਲਾਂ ਖ਼ਿਲਾਫ਼ ਜਾਂਚ ਦੇ ਹੁਕਮ

ਏ. ਡੀ. ਸੀ. ਪੀ. ਸੁਹੇਲ ਮੀਰ ਦੀ ਅਗਵਾਈ ’ਚ 18 ਪੈਟਰੋਲਿੰਗ ਪਾਰਟੀਆਂ ਕੀਤੀਆਂ ਤਾਇਨਾਤ

ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਸ਼ਹਿਰ ਵਿਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਏ. ਡੀ. ਸੀ. ਪੀ. ਸਿਟੀ-1 ਸੁਹੇਲ ਮੀਰ ਦੀ ਅਗਵਾਈ ਵਿਚ 18 ਪੈਟਰੋਲਿੰਗ ਪਾਰਟੀਆਂ ਦਾ ਗਠਨ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਪੀ. ਸੀ. ਆਰ. ਦਸਤੇ ਨੂੰ ਵੀ ਇਨ੍ਹਾਂ ਪੈਟਰੋਲਿੰਗ ਪਾਰਟੀਆਂ ਨਾਲ ਅਟੈਚ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੀ. ਸੀ. ਆਰ. ਦਸਤਾ ਅਤੇ ਪੈਟਰੋਲਿੰਗ ਪਾਰਟੀਆਂ ਸ਼ਹਿਰ ਦੇ ਅੰਦਰੂਨੀ ਹਿੱਸਿਆਂ, ਬਾਜ਼ਾਰਾਂ, ਮੁਹੱਲਿਆਂ ਅਤੇ ਹੋਰ ਸੰਵੇਦਨਸ਼ੀਲ ਇਲਾਕਿਆਂ ਵਿਚ ਪੈਟਰੋਲਿੰਗ ਕਰ ਕੇ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣਗੀਆਂ, ਜਿਸ ਦੇ ਨਾਲ ਹੀ ਕੰਟਰੋਲ ਰੂਮ ਤੋਂ ਕਿਸੇ ਵੀ ਤਰ੍ਹਾਂ ਦਾ ਮੈਸੇਜ ਆਉਣ ’ਤੇ ਪੈਟਰੋਲਿੰਗ ਪਾਰਟੀਆਂ ਅਤੇ ਪੀ. ਸੀ. ਆਰ. ਦਸਤਾ ਤੁਰੰਤ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਵੇਗਾ।

PunjabKesari

ਨਸ਼ਾ ਸਮੱਗਲਿੰਗ ’ਚ ਭਗੌੜੇ ਮੁਜਰਿਮਾਂ ਦੀ ਪ੍ਰਾਪਰਟੀ ਹੋਵੇਗੀ ਜ਼ਬਤ

ਸੀ. ਪੀ. ਤੂਰ ਨੇ ਦੱਸਿਆ ਕਿ ਮਾਣਯੋਗ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਮੁਜਰਿਮਾਂ ਨੂੰ ਕਾਬੂ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਸਾਰੇ ਅਧਿਕਾਰੀਆਂ ਨੂੰ ਥਾਣਾ ਵਾਈਜ਼ ਭਗੌੜੇ ਮੁਜਰਿਮਾਂ ਦੀ ਸੂਚੀ ਤਿਆਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਪਿਛਲੇ ਕੁਝ ਦਿਨਾਂ ਵਿਚ ਪੁਲਸ ਨੇ 6 ਭਗੌੜਿਆਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਸਮੱਗਲਿੰਗ ਦੇ ਦੋਸ਼ ਵਿਚ ਭਗੌੜੇ ਮੁਜਰਿਮਾਂ ਦੀ ਪ੍ਰਾਪਰਟੀ ਜ਼ਬਤ ਕਰਨ ਦੀ ਪ੍ਰਕਿਰਿਆ ਨੂੰ ਵੀ ਹੋਰ ਤੇਜ਼ ਕਰ ਦਿੱਤਾ ਗਿਆ ਹੈ।

200 ਤੋਂ ਵੱਧ ਨਸ਼ਾ ਸਮੱਗਲਰ ਪੁਲਸ ਨੇ ਕੀਤੇ ਗ੍ਰਿਫ਼ਤਾਰ : ਡੀ. ਸੀ. ਪੀ. ਜਸਕਿਰਨਜੀਤ ਤੇਜਾ

ਕਮਿਸ਼ਨਰੇਟ ਪੁਲਸ ਵਿਚ ਤੇਜ਼ਤਰਾਰ ਮੰਨੇ ਜਾਂਦੇ ਅਤੇ ਕਈ ਮੁਜਰਿਮਾਂ ਤੇ ਨਸ਼ਾ ਸਮੱਗਲਰਾਂ ਨੂੰ ਜੇਲ ਦੀਆਂ ਸੀਖਾਂ ਪਿੱਛੇ ਪਹੁੰਚਾਉਣ ਵਾਲੇ ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਨੇ ਪਿਛਲੇ ਕੁਝ ਸਮੇਂ ਦੌਰਾਨ ਹੀ ਲਗਭਗ 200 ਨਸ਼ਾ ਸਮੱਗਲਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿਚ ਨਸ਼ੇ ਦੀ ਖੇਪ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਨੂੰ ਨਸ਼ਾ ਮੁਕਤ ਬਣਾਉਣ ਲਈ ਸ਼ਹਿਰ ਵਿਚ ਕਈ ਥਾਵਾਂ ’ਤੇ ਅਚਾਨਕ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਨਸ਼ਾ ਅਤੇ ਸ਼ਰਾਬ ਸਮੱਗਲਰਾਂ ਦੀ ਸੂਚਨਾ ਪੁਲਸ ਨੂੰ ਦੇਣ ਦੀ ਅਪੀਲ ਕੀਤੀ। ਸੂਚਨਾ ਮਿਲਦੇ ਹੀ ਪੁਲਸ ਨਸ਼ਾ ਸਮੱਗਲਰ ਨੂੰ ਕਾਬੂ ਕਰੇਗੀ। ਸ਼ਹਿਰ ਵਿਚ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਡੀ. ਸੀ. ਪੀ. ਤੇਜਾ ਨੇ ਨਸ਼ਾ ਸਮੱਗਲਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਵਿਚ ਨਸ਼ਾ ਸਮੱਗਲਰ ਜਾਂ ਤਾਂ ਸ਼ਹਿਰ ਛੱਡ ਦੇਣ ਜਾਂ ਫਿਰ ਨਸ਼ਿਆਂ ਦਾ ਨਾਜਾਇਜ਼ ਕਾਰੋਬਾਰ, ਨਹੀਂ ਤਾਂ ਕਿਸੇ ਵੀ ਨਸ਼ਾ ਸਮੱਗਲਰ ਨੂੰ ਬਖਸ਼ਿਆ ਨਹੀਂ ਜਾਵੇਗਾ।

ਅਸਲਾਧਾਰਕਾਂ ਦਾ ਲਾਇਸੈਂਸ ਹੋਵੇਗਾ ਰੀਵਿਊ, ਲੋੜ ਨਾ ਹੋਣ ਵਾਲਿਆਂ ਦੇ ਲਾਇਸੈਂਸ ਹੋਣਗੇ ਰੱਦ

ਡੀ. ਸੀ. ਪੀ. ਤੇਜਾ ਨੇ ਦੱਸਿਆ ਕਿ ਸ਼ਹਿਰ ਵਿਚ ਜੁਰਮ ਦੇ ਖਾਤਮੇ ਲਈ ਅਸਲਾਧਾਰਕਾਂ ਦੇ ਲਾਇਸੈਂਸ ਰੀਨਿਊ ਕਰਨ ਲਈ ਆ ਰਹੇ ਹਨ। ਉਕਤ ਅਸਲਾਧਾਰਕਾਂ ਨੂੰ ਬੁਲਾ ਕੇ ਉਨ੍ਹਾਂ ਦੀ ਬਾਕਾਇਦਾ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਅਸਲਾਧਾਰਕਾਂ ਨੂੰ ਅਸਲੇ ਦੀ ਲੋੜ ਨਹੀਂ ਹੈ, ਉਨ੍ਹਾਂ ਦੇ ਲਾਇਸੈਂਸ ਵੀ ਰੱਦ ਕੀਤੇ ਜਾਣਗੇ। ਇਸ ਤੋਂ ਇਲਾਵਾ ਅਸਲੇ ਦੇ ਨਾਲ ਸੋਸ਼ਲ ਮੀਡੀਆ ’ਤੇ ਫੋਟੋ ਅਪਲੋਡ ਕਰਨ ਜਾਂ ਉਸਦੀ ਗਲਤ ਵਰਤੋਂ ਕਰਨ ਵਾਲੇ ਅਸਲਾਧਾਰਕਾਂ ਦਾ ਵੀ ਲਾਇਸੈਂਸ ਰੱਦ ਕੀਤਾ ਜਾਵੇਗਾ, ਭਾਵੇਂ ਉਹ ਕੋਈ ਵੀ ਕਿਉਂ ਨਾ ਹੋਵੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News