ਜਲੰਧਰ-ਜੰਮੂ ਨੈਸ਼ਨਲ ਹਾਈਵੇ ’ਤੇ ਲੱਗਦੇ ਲੰਮੇ ਜਾਮ ਦੇ ਰਹੇ ਹਾਦਸਿਆਂ ਨੂੰ ਸੱਦਾ

Friday, Dec 17, 2021 - 05:28 PM (IST)

ਜਲੰਧਰ-ਜੰਮੂ ਨੈਸ਼ਨਲ ਹਾਈਵੇ ’ਤੇ ਲੱਗਦੇ ਲੰਮੇ ਜਾਮ ਦੇ ਰਹੇ ਹਾਦਸਿਆਂ ਨੂੰ ਸੱਦਾ

ਭੋਗਪੁਰ (ਸੂਰੀ) : ਜਲੰਧਰ ਜੰਮੂ ਨੈਸ਼ਨਲ ਹਾਈਵੇ ’ਤੇ ਟਰੈਫਿਕ ਵਿਵਸਥਾ ਬੇਹੱਦ ਵਿਗੜ ਚੁੱਕੀ ਹੈ। ਹਾਈਵੇ ’ਤੇ ਜਲੰਧਰ ਤੋਂ ਭੋਗਪੁਰ ਤੱਕ ਤਿੰਨਾਂ ਥਾਵਾਂ ’ਤੇ ਲੱਗਦੇ ਭਾਰੀ ਟਰੈਫਿਕ ਜਾਮ੍ਹ ਕਾਰਨ ਆਮ ਲੋਕ ਬੇਹੱਦ ਪ੍ਰੇਸ਼ਾਨੀ ਵਿਚੋਂ ਗੁਜ਼ਰ ਰਹੇ ਹਨ। ਇਨ੍ਹਾਂ ਹਾਲਾਤਾਂ ’ਚ ਸਿਵਲ ਅਤੇ ਪੁਲਸ ਪ੍ਰਸਾਸ਼ਨ ਮੂਕ ਦਰਸ਼ਕ ਬਣਿਆ ਨਜ਼ਰ ਆ ਰਿਹਾ ਹੈ। ਜਲੰਧਰ ਦੇ ਪਠਾਨਕੋਟ ਚੌਂਕ ਦੀਆਂ ਲਾਇਟਾਂ ’ਤੇ ਅਕਸਰ ਲੰਮੇ ਟਰੈਫਿਕ ਜਾਮ ਲਗਦੇ ਹਨ। ਦਿੱਲੀ ਲੁਧਿਆਣਾ ਤੋਂ ਜੰਮੂ ਵੱਲ ਜਾਣ ਵਾਲਾ ਅਤੇ ਜੰਮੂ ਵੱਲੋਂ ਦਿੱਲੀ, ਲੁਧਿਆਣਾ ਅਤੇ ਜਲੰਧਰ ਸ਼ਹਿਰ ’ਚ ਦਾਖ਼ਲ ਹੋਣ ਵਾਲੀ ਟਰੈਫਿਕ ਦੀਆਂ ਲੰਮੀਆਂ ਲਾਇਨਾਂ ਲੱਗੀਆਂ ਰਹਿੰਦੀਆਂ ਹਨ। ਇਸ ਚੌਂਕ ’ਚ ਪੁਲਸ ਦੀ ਮੌਜੂਦਗੀ ਸਿਰਫ਼ ਬਾਹਰਲੇ ਸ਼ਹਿਰਾਂ ਅਤੇ ਸੂਬਿਆਂ ਤੋਂ ਆਏ ਵਾਹਨਾਂ ਦੇ ਚਲਾਨ ਕੱਟਣ ਤੱਕ ਹੀ ਸੀਮਤ ਹੈ। ਇਸੇ ਹਾਈਵੇ ’ਤੇ ਜਲੰਧਰ ਤੋਂ 10 ਕਿਲੋਮੀਟਰ ਦੂਰ ਕਿਸ਼ਨਗ੍ਹੜ ਚੌਂਕ ’ਚ ਹਰ ਸਮੇਂ ਲੰਮੇ ਟਰੈਫਿਕ ਜਾਮ ਦੇਖਣ ਨੂੰ ਮਿਲਦੇ ਹਨ। 

ਇਸ ਚੌਂਕ ਵਿਚਲੇ ਟਰੈਫਿਕ ਜਾਮ ਕਾਰਨ ਜੰਮੂ ਤੋਂ ਜਲੰਧਰ ਅਤੇ ਜਲੰਧਰ ਤੋਂ ਜੰਮੂ ਵੱਲ ਜਾਣ ਵਾਲੇ ਵਾਹਨਾਂ ਦੀਆਂ ਲੰਮੀਆਂ ਲਾਇਨਾਂ ਲੱਗੀਆਂ ਰਹਿੰਦੀਆਂ ਹਨ। ਚੌਂਕ ਵਿਚ ਪੁਲਸ ਦੀ ਮੌਜੂਦਗੀ ਨਾ ਹੋਣ ਕਾਰਨ ਹਰ ਸਮੇਂ ਟਰੈਫਿਕ ਜਾਮ ਰਹਿੰਦਾ ਹੈ। ਇਸੇ ਹਾਈਵੇ ’ਤੇ ਸਥਿਤ ਭੋਗਪੁਰ ਸ਼ਹਿਰ ਦੀ ਹਾਲਤ ਤਾਂ ਸਭ ਤੋਂ ਜ਼ਿਆਦਾ ਖ਼ਰਾਬ ਹੈ। ਭੋਗਪੁਰ ਸ਼ਹਿਰ ’ਚ ਹਰ ਰੋਜ਼ ਇਕ ਹਜ਼ਾਰ ਤੋਂ ਵੱਧ ਵਾਹਨ ਹਾਈਵੇ ਦੇ ਦੋਨੋਂ ਪਾਸੇ ਨਜਾਇਜ਼ ਤੌਰ ’ਤੇ ਪਾਰਕ ਕੀਤੇ ਜਾਂਦੇ ਹਨ। ਸ਼ਹਿਰ ਦੇ ਮੁੱਖ ਚੌਂਕ ਆਦਮਪੁਰ ਟੀ ਪਵਾਇੰਟ ’ਤੇ ਹਰ ਸਮੇਂ ਜਾਮ ਲੱਗਾ ਰਹਿੰਦਾ ਹੈ। ਜਦੋਂ ਇਸ ਹਾਈਵੇ ਤੋਂ ਕਿਸੇ ਵੀ.ਆਈ.ਪੀ. ਨੇ ਲੰਘਣਾ ਹੁੰਦਾ ਹੈ ਤਾਂ ਪੁਲਸ ਤਾਇਨਾਤ ਕਰ ਦਿੱਤੀ ਜਾਂਦੀ ਅਤੇ ਉਸ ਤੋਂ ਬਾਅਦ ਹਾਲਾਤ ਫਿਰ ਤੋਂ ਪਹਿਲਾਂ ਵਾਲੇ ਬਣ ਜਾਂਦੇ ਹਨ। ਜਦੋਂ ਵੀ ਖ਼ਬਰ ਪ੍ਰਕਾਸ਼ਿਤ ਹੁੰਦੀ ਹੈ ਤਾਂ ਜਲੰਧਰ ਤੋਂ ਟਰੈਫਿਕ ਪੁਲਸ ਦੀ ਟੀਮ ਦੋ ਚਾਰ ਵਾਹਨਾ ਦੇ ਚਲਾਨ ਕਰਕੇ ਖਾਨਾਪੂਰਤੀ ਕਰਦੀ ਵਾਪਸ ਪਰਤ ਜਾਂਦੀ ਹੈ।   

ਹਾਈਵੇ ਅਤੇ ਸ਼ਹਿਰ ’ਚ ਤੇਜ਼ ਰਫਤਾਰੀ ਬਣ ਰਹੀ ਹੈ ਹਾਦਸਿਆਂ ਦਾ ਕਾਰਨ
ਨੈਸ਼ਨਲ ਹਾਈਵੇ ’ਤੇ ਬੇਹੱਦ ਤੇਜ਼ ਰਫ਼ਤਾਰ ਵਾਹਨਾਂ ਕਾਰਨ ਭਾਰੀ ਗਿਣਤੀ ’ਚ ਹਾਦਸੇ ਵਾਪਰ ਰਹੇ ਹਨ ਜਿਸ ਕਾਰਨ ਕਈ ਪਰਿਵਾਰ ਅਤੇ ਕਈ ਘਰਾਂ ਦੇ ਚਿਰਾਗ ਆਪਣੀ ਜਾਨਾਂ ਗਵਾ ਚੁੱਕੇ ਹਨ। ਭੋਗਪੁਰ ਸ਼ਹਿਰ ਵਿਚ ਸਪੀਡ ਦੀ ਕੋਈ ਚਿਤਾਵਨੀ ਨਹੀ ਹੈ। ਹਰ ਰੋਜ਼ ਸ਼ਹਿਰ ’ਚ ਹਾਦਸੇ ਵਾਪਰ ਰਹੇ ਹਨ ਪਰ ਪ੍ਰਸਾਸ਼ਨ ਮੂਕ ਦਰਸ਼ਕ ਬਣਿਆ ਹੋਇਆ ਹੈ। ਸ਼ਹਿਰ ਵਿਚ ਲੋਕਾਂ ਦੀਆਂ ਲੱਖਾਂ ਰੁਪਏ ਦੀਆਂ ਗੱਡੀਆਂ ਨੁਕਸਾਨੀਆਂ ਜਾ ਰਹੀਆਂ ਹਨ ਪਰ ਹਾਈਵੇ ਅਥਾਰਟੀ ਅਤੇ ਪ੍ਰਸਾਸ਼ਨ ਵਿਚ ਮਾਮਲੇ ਪ੍ਰਤੀ ਅੱਖਾਂ ਬੰਦ ਕਰੀ ਬੈਠੇ ਨਜ਼ਰ ਆ ਰਹੇ ਹਨ।


author

Anuradha

Content Editor

Related News