ਸਮਾਰਟ ਸਿਟੀ ਦੇ ਕੰਮਾਂ ’ਚ ਹੋਈਆਂ ਗੜਬੜੀਆਂ ਦੁਬਾਰਾ ਲੱਭਣ ’ਚ ਲੱਗੀ ਥਰਡ ਪਾਰਟੀ ਏਜੰਸੀ
Tuesday, Aug 09, 2022 - 04:18 PM (IST)

ਜਲੰਧਰ (ਖੁਰਾਣਾ)–ਸਮਾਰਟ ਸਿਟੀ ਕੰਪਨੀ ਜਲੰਧਰ ਨੇ ਪਿਛਲੇ 2-3 ਸਾਲਾਂ ਦੌਰਾਨ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਨਾਂ ’ਤੇ ਕਰੋੜਾਂ ਰੁਪਏ ਖਰਚ ਕਰ ਦਿੱਤੇ ਪਰ ਅੱਜ ਸਮਾਰਟ ਸਿਟੀ ਦੇ ਵਧੇਰੇ ਕੰਮਾਂ ਵਿਚ ਭਾਰੀ ਗੜਬੜੀਆਂ ਅਤੇ ਸਕੈਂਡਲ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨੂੰ ਲੈ ਕੇ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਜਪਾ ਦੇ ਆਗੂ ਖੂਬ ਰੌਲਾ ਪਾ ਰਹੇ ਹਨ। ਕਈ ਸਾਲ ਤੋਂ ਪੰਜਾਬ ਦੀ ਕਾਂਗਰਸ ਸਰਕਾਰ ਨੇ ਸਮਾਰਟ ਸਿਟੀ ਦੇ ਕੰਮਾਂ ਵਿਚ ਆ ਰਹੀਆਂ ਸ਼ਿਕਾਇਤਾਂ ਪ੍ਰਤੀ ਕੋਈ ਧਿਆਨ ਨਹੀਂ ਦਿੱਤਾ ਪਰ ਕੁਝ ਮਹੀਨੇ ਪਹਿਲਾਂ ਪੀ. ਐੱਮ. ਆਈ. ਡੀ. ਸੀ. ਨਾਲ ਜੁੜੇ ਅਧਿਕਾਰੀਆਂ ਨੇ ਜਲੰਧਰ ਸਮਾਰਟ ਸਿਟੀ ਦੇ ਕੰਮਾਂ ਦੀ ਜਾਂਚ ਲਈ ਥਰਡ ਪਾਰਟੀ ਏਜੰਸੀ ਸ਼੍ਰੀਖੰਡੇ ਕੰਸਲਟੈਂਟਸ ਨੂੰ ਨਿਯੁਕਤ ਕੀਤਾ ਸੀ, ਜਿਨ੍ਹਾਂ ਪਹਿਲੇ ਪੜਾਅ ਵਿਚ ਸਮਾਰਟ ਰੋਡ, ਚੌਕਾਂ ਦੇ ਸੁੰਦਰੀਕਰਨ, ਸਟਾਰਮ ਵਾਟਰ ਸੀਵਰ ਪ੍ਰਾਜੈਕਟ ਅਤੇ ਸਪੋਰਟਸ ਹੱਬ ਆਦਿ ਦੀ ਜਾਂਚ ਕੀਤੀ ਸੀ ਅਤੇ ਐੱਲ. ਈ. ਡੀ. ਪ੍ਰਾਜੈਕਟ ਦੀ ਜਾਂਚ ਵਿਚ ਕਈ ਗੜਬੜੀਆਂ ਨੂੰ ਫੜਿਆ ਸੀ। ਹੁਣ ਪੀ. ਐੱਮ. ਆਈ. ਡੀ. ਸੀ. ਨੇ ਦੁਬਾਰਾ ਥਰਡ ਪਾਰਟੀ ਏਜੰਸੀ ਨੂੰ ਜਲੰਧਰ ਸਮਾਰਟ ਸਿਟੀ ਭੇਜ ਕੇ ਬਾਕੀ ਪ੍ਰਾਜੈਕਟਾਂ ਦੀ ਵੀ ਜਾਂਚ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ, ਜਿਸ ਤਹਿਤ ਕੰਪਨੀ ਨੇ ਐੱਲ. ਈ. ਡੀ. ਪ੍ਰਾਜੈਕਟ ਤੋਂ ਇਲਾਵਾ ਫਾਇਰ ਬ੍ਰਿਗੇਡ ਨਾਲ ਸਬੰਧਤ ਕੰਮ ਦੀ ਵੀ ਜਾਂਚ ਪੂਰੀ ਕਰ ਲਈ। ਕੰਪਨੀ ਨੇ ਕੀ ਰਿਪੋਰਟ ਦਿੱਤੀ ਹੈ, ਇਹ ਤਾਂ ਜਨਤਕ ਨਹੀਂ ਕੀਤਾ ਜਾ ਿਰਹਾ ਪਰ ਪਤਾ ਲੱਗਾ ਹੈ ਕਿ 12-13 ਕਰੋੜ ਰੁਪਏ ਦੀ ਮਸ਼ੀਨਰੀ ਅਤੇ ਹੋਰ ਉਪਕਰਨ ਖਰੀਦਣ ਵਿਚ ਵੀ ਕਈ ਕਮੀਆਂ ਕੱਢੀਆਂ ਗਈਆਂ ਹਨ।
ਪਾਰਕਾਂ ਦੀ ਜਾਂਚ ਸਾਈਟ ’ਤੇ ਜਾ ਕੇ ਹੋਵੇ ਤਾਂ ਨਿਕਲੇਗਾ ਵੱਡਾ ਘਪਲਾ
ਸਮਾਰਟ ਸਿਟੀ ਦੇ ਕਰੋੜਾਂ ਰੁਪਏ ਖਰਚ ਕਰ ਕੇ ਪਿਛਲੇ ਸਮੇਂ ਦੌਰਾਨ ਸ਼ਹਿਰ ਦੇ ਕੁਝ ਪਾਰਕਾਂ ਅਤੇ ਗ੍ਰੀਨ ਬੈਲਟਾਂ ਨੂੰ ਸੁੰਦਰ ਬਣਾਇਆ ਿਗਆ ਪਰ ਇਸ ਵਿਚ ਭਾਰੀ ਗੜਬੜੀਆਂ ਦੇਖਣ ਨੂੰ ਮਿਲੀਆਂ। ਕਾਂਗਰਸੀ ਕੌਂਸਲਰ ਪਵਨ ਕੁਮਾਰ ਅਤੇ ਦਰਜਨ ਦੇ ਲਗਭਗ ਹੋਰ ਕੌਂਸਲਰਾਂ ਨੇ ਬੂਟਾ ਮੰਡੀ ਦੇ ਪਾਰਕ ਵਿਚ ਗੜਬੜੀ ਦਾ ਦੋਸ਼ ਲਾਇਆ ਪਰ ਉਸ ਸ਼ਿਕਾਇਤ ਨੂੰ ਦਬਾ ਦਿੱਤਾ ਗਿਆ।ਇਸ ਤੋਂ ਬਾਅਦ ਇੰਡਸਟਰੀਅਲ ਏਰੀਆ ਦੇ ਨੀਵੀਆ ਪਾਰਕ ਅਤੇ ਬੇਅੰਤ ਸਿੰਘ ਪਾਰਕ ਦੇ ਕੰਮ ਵਿਚ ਵੀ ਕਈ ਘਪਲਾ ਸਾਹਮਣੇ ਆਏ ਪਰ ਉਨ੍ਹਾਂ ਦੀ ਜਾਂਚ ਨਹੀਂ ਕਰਵਾਈ ਗਈ। ਹੁਣ ਕਿਹਾ ਜਾ ਰਿਹਾ ਹੈ ਕਿ ਜੇਕਰ ਥਰਡ ਪਾਰਟੀ ਏਜੰਸੀ ਦੇ ਪ੍ਰਤੀਨਿਧੀ ਨੀਵੀਆ, ਅਰਬਨ ਅਸਟੇਟ, ਬੂਟਾ ਮੰਡੀ, ਬੇਅੰਤ ਸਿੰਘ ਪਾਰਕ ਆਦਿ ਵਿਚ ਜਾ ਕੇ ਸਾਈਟ ਵਿਜ਼ਿਟ ਕਰਨ ਅਤੇ ਠੇਕੇਦਾਰਾਂ ਵੱਲੋਂ ਕੀਤੇ ਘਟੀਆ ਕੰਮਾਂ ਦੀ ਰਿਪੋਰਟ ਤਿਆਰ ਕਰਨ ਤਾਂ ਇਸ ਕੰਮ ਵਿਚ ਹੀ ਭਾਰੀ ਗੜਬੜੀ ਸਾਹਮਣੇ ਆ ਸਕਦੀ ਹੈ।