ਚੋਰਾਂ ਨੇ ਦੁਕਾਨ ਨੂੰ ਬਣਾਇਆ ਨਿਸ਼ਾਨਾ, ਨਕਦੀ ਸਣੇ ਲੱਖਾਂ ਦਾ ਸਾਮਾਨ ਲੈ ਕੇ ਹੋਏ ਫਰਾਰ
Wednesday, Jul 30, 2025 - 06:15 PM (IST)

ਗੜ੍ਹਦੀਵਾਲਾ (ਮੁਨਿੰਦਰ)- ਹੁਸ਼ਿਆਰਪੁਰ-ਦਸੂਹਾ ਰੋਡ ’ਤੇ ਸਥਿਤ ਇਕ ਤਮੰਨਾ ਮਿਊਜ਼ਿਕ ਪੁਆਇੰਟ ਦੀ ਦੁਕਾਨ ਨੂੰ ਚੋਰ ਆਪਣਾ ਨਿਸ਼ਾਨਾ ਬਣਾ ਕੇ ਉਸ ਵਿਚੋਂ ਨਕਦੀ ਅਤੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। ਇਸ ਤੋਂ 10 ਦਿਨ ਪਹਿਲਾਂ ਵੀ ਚੋਰਾਂ ਵੱਲੋਂ ਇਸੇ ਰੋਡ ’ਤੇ 2 ਦੁਕਾਨਾਂ ’ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਹਾਲੇ ਤੱਕ ਉਸ ਚੋਰੀ ਦਾ ਪੁਲਸ ਕੋਈ ਸੁਰਾਗ ਨਹੀਂ ਲਾ ਸਕੀ ਅਤੇ ਬੀਤੀ ਰਾਤ ਚੋਰੀ ਦੀ ਹੋਈ ਇਸ ਵਾਰਦਾਤ ਨੇ ਸੜਕ ’ਤੇ ਸਥਿਤ ਹੋਰ ਦੁਕਾਨਦਾਰਾਂ ਦੇ ਹੋਸ਼ ਉੱਡ ਕੇ ਰੱਖ ਦਿੱਤੇ ਹਨ।
ਇਸ ਸਬੰਧੀ ਦੁਕਾਨ ਦੇ ਮਾਲਕ ਅਨਿਲ ਗੁਪਤਾ ਨੇ ਦੱਸਿਆ ਕਿ ਮਹੰਤ ਮਾਰਕਿਟ ਵਿਚ ਉਨ੍ਹਾਂ ਦੀ ਤਮੰਨਾ ਮਿਊਜ਼ਿਕ ਪੁਆਇੰਟ ਦੀ ਦੁਕਾਨ ਹੈ। ਅੱਜ ਸਵੇਰੇ ਜਦੋਂ ਉਹ ਦੁਕਾਨ ਖੋਲ੍ਹਣ ਲਈ ਆਏ ਤਾਂ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ। ਜਦੋਂ ਦੁਕਾਨ ਦੇ ਅੰਦਰ ਜਾ ਕੇ ਵੇਖਿਆ ਤਾਂ ਗੱਲ੍ਹੇ ’ਚ ਪਈ 5 ਹਜ਼ਾਰ ਰੁਪਏ ਦੀ ਨਕਦੀ ਸਮੇਤ ਦੁਕਾਨ ਅੰਦਰੋਂ ਚੋਰ ਹੋਮ ਥੇਟਰ ਸਿਸਟਮ, ਸਾਊਂਡ ਬਾਰ, ਮਾਈਕ, ਟਾਵਰ ਸਪੀਕਰ, ਕਾਰ ਪਰਫਿਊਮ, ਐਕਸਟੈਂਸ਼ਨ ਬੋਰਡ, ਉਬਲ ਸਪੀਕਰ ਆਦਿ ਮਹਿੰਗਾ ਤੇ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ।
ਇਹ ਵੀ ਪੜ੍ਹੋ: ਪੰਜਾਬ 'ਚ ਵਿਗੜੇਗਾ ਮੌਸਮ! 3 ਤਾਰੀਖ਼ ਤੱਕ ਜਾਰੀ ਹੋਈ ਚਿਤਾਵਨੀ, Alert ਰਹਿਣ ਇਨ੍ਹਾਂ ਜ਼ਿਲ੍ਹਿਆਂ ਦੇ ਲੋਕ
ਉਨ੍ਹਾਂ ਦੱਸਿਆ ਚੋਰੀ ਹੋਏ ਸਾਮਾਨ ਦੀ ਕੁੱਲ੍ਹ ਕੀਮਤ ਡੇਢ ਤੋਂ 2 ਲੱਖ ਰੁਪਏ ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਚੋਰ ਗੱਲ੍ਹੇ ’ਚ ਪਏ ਜ਼ਰੂਰੀ ਕਾਗਜ਼ਾਤ ਵੀ ਚੋਰੀ ਕਰ ਕੇ ਲੈ ਗਏ। ਉਨ੍ਹਾਂ ਦੱਸਿਆ ਇਸ ਚੋਰੀ ਦੀ ਵਾਰਦਾਤ ਸਬੰਧੀ ਥਾਣੇ ਚ ਦਰਖ਼ਾਸਤ ਦਿੱਤੀ ਗਈ ਹੈ। ਫਿਲਹਾਲ ਇਸ ਚੋਰੀ ਦਾ ਹਾਲੇ ਤੱਕ ਕੋਈ ਵੀ ਸੁਰਾਗ ਪੁਲਸ ਦੇ ਹੱਥ ਨਹੀਂ ਲੱਗਾ ਹੈ।
ਮੇਨ ਸੜਕ ’ਤੇ ਪੁਲਸ ਵੱਲੋਂ ਗਸ਼ਤ ਕਰਨ ਦੇ ਦਾਅਵੇ ਹੋਏ ਖੋਖਲੇ
ਇਥੇ ਇਹ ਵੀ ਦੱਸਣਯੋਗ ਹੈ ਕਿ ਇਹ ਦੁਕਾਨ ਹੁਸ਼ਿਆਰਪੁਰ ਦਸੂਹਾ ਮੇਨ ਰੋਡ ਤੇ ਸਥਿਤ ਹੈ ਤੇ ਇਸ ਤੋਂ 10 ਦਿਨ ਪਹਿਲਾਂ ਜਿਨਾਂ 2 ਦੁਕਾਨਾਂ 'ਤੇ ਚੋਰੀ ਦੀਆਂ ਵਾਰਦਾਤ ਹੋਈਆਂ ਸਨ ਉਹ ਵੀ ਦਸੂਹਾ ਹੁਸ਼ਿਆਰਪੁਰ ਮੇਨ ਰੋਡ 'ਤੇ ਹੀ ਸਥਿਤ ਹਨ। ਜਿੱਥੇ ਕਿ ਰਾਤ ਵੇਲੇ ਅਕਸਰ ਪੁਲਸ ਗਸ਼ਤ ਕਰਨ ਦੇ ਦਾਅਵੇ ਕਰਦੀ ਹੈ ਪਰ ਬਾਵਜੂਦ ਇਸ ਦੇ ਚੋਰਾਂ ਵੱਲੋਂ ਬੇਖ਼ੌਫ਼ ਹੋ ਕੇ ਕੀਤੀ ਗਈ ਚੋਰੀ ਨੇ ਪੁਲਿਸ ਪ੍ਰਸ਼ਾਸਨ ਦੇ ਰਾਤ ਵੇਲੇ ਗਸ਼ਤ ਕਰਨ ਦੇ ਦਾਅਵਿਆਂ ਨੂੰ ਵੀ ਖੋਖਲਾ ਸਾਬਿਤ ਕਰ ਦਿੱਤਾ ਹੈ। ਜਿਸ ਨੇ ਪੁਲਸ ਪ੍ਰਸ਼ਾਸਨ ਦੀ ਕਾਰਜਗੁਜਾਰੀ ਤੇ ਵੀ ਸਵਾਲੀਆ ਨਿਸ਼ਾਨ ਖੜੇ ਕੀਤੇ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ 3 ਡਾਕਟਰਾਂ 'ਤੇ ਡਿੱਗੀ ਗਾਜ, ਹੋਏ ਸਸਪੈਂਡ
ਗੜ੍ਹਦੀਵਾਲਾ ਵਿਚ ਚੋਰੀ ਦੀਆਂ ਵਾਰਦਾਤਾਂ ਹੁਣ ਆਮ ਗੱਲ
ਗੜ੍ਹਦੀਵਾਲਾ ਇਲਾਕੇ ਅੰਦਰ ਚੋਰੀ ਦੀਆਂ ਵੱਧ ਰਹੀਆਂ ਵਾਰਦਾਤਾਂ ਹੁਣ ਇਕ ਆਮ ਗੱਲ ਹੋ ਗਈ ਹੈ। ਜਿਸ ਕਾਰਨ ਆਮ ਲੋਕਾਂ ਅਤੇ ਦੁਕਾਨਦਾਰਾਂ ਵਿੱਚ ਸਹਿਮ ਦਾ ਮਾਹੌਲ ਵੀ ਪਾਇਆ ਜਾ ਰਿਹਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਭਾਵੇਂ ਰਾਤ ਵੇਲੇ ਪੁਲਸ ਮੇਨ ਰੋਡ 'ਤੇ ਗਸ਼ਤ ਕਰਨ ਦੇ ਦਾਅਵੇ ਕਰ ਰਹੀ ਹੈ, ਪਰ ਬਾਵਜੂਦ ਇਸ ਦੇ ਜਿਸ ਤਰ੍ਹਾਂ ਨਾਲ ਚੋਰਾਂ ਵੱਲੋਂ ਬੇਖ਼ੌਫ਼ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਹੈ, ਉਸ ਨਾਲ ਉਨ੍ਹਾਂ ਦੀਆਂ ਦੁਕਾਨਾਂ ਅਸੁਰੱਖਿਅਤ ਹਨ। ਲੋਕਾਂ ਨੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਰਾਤ ਵੇਲੇ ਗਸ਼ਤ ਨੂੰ ਵਧਾਇਆ ਜਾਵੇ ਤਾਂਜੋ ਚੋਰਾਂ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਹੋ ਸਕੇ ਅਤੇ ਦੁਕਾਨਦਾਰਾਂ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਨ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਚੋਅ 'ਚ ਵੱਡਾ ਹਾਦਸਾ! ਵੀਡੀਓ ਵੇਖ ਖੜ੍ਹੇ ਜਾਣਗੇ ਰੌਂਗਟੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e