ਫਗਵਾੜਾ: ਪਿਤਾ ਦੀ ਰਸਮ ਪੱਗੜੀ ''ਚ ਗਿਆ ਸੀ ਪਰਿਵਾਰ, ਚੋਰ 6 ਲੱਖ ਦੇ ਗਹਿਣੇ ਤੇ 3 ਲੱਖ ਦੀ ਨਕਦੀ ਲੈ ਕੇ ਫਰਾਰ

Saturday, May 02, 2026 - 12:01 AM (IST)

ਫਗਵਾੜਾ: ਪਿਤਾ ਦੀ ਰਸਮ ਪੱਗੜੀ ''ਚ ਗਿਆ ਸੀ ਪਰਿਵਾਰ, ਚੋਰ 6 ਲੱਖ ਦੇ ਗਹਿਣੇ ਤੇ 3 ਲੱਖ ਦੀ ਨਕਦੀ ਲੈ ਕੇ ਫਰਾਰ

ਫਗਵਾੜਾ- ਸ਼ਹਿਰ ਦੇ ਨਿਗਾਹਾਂ ਮੁਹੱਲਾ ਵਿੱਚ ਦਿਨ-ਦਿਹਾੜੇ ਚੋਰੀ ਦੀ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇੱਕ ਚੋਰ ਨੇ ਉਸ ਸਮੇਂ ਘਰ ਨੂੰ ਨਿਸ਼ਾਨਾ ਬਣਾਇਆ ਜਦੋਂ ਪੂਰਾ ਪਰਿਵਾਰ ਇੱਕ ਸਮਾਗਮ ਵਿੱਚ ਗਿਆ ਹੋਇਆ ਸੀ। ਜਾਣਕਾਰੀ ਅਨੁਸਾਰ, ਪਰਿਵਾਰ ਆਪਣੇ ਸਵਰਗੀ ਪਿਤਾ ਦੀ ਰਸਮ ਪੱਗੜੀ ਵਿੱਚ ਸ਼ਾਮਲ ਹੋਣ ਲਈ ਸਵੇਰੇ 11:30 ਵਜੇ ਮੰਦਰ ਗਿਆ ਹੋਇਆ ਸੀ।

ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਪਰਿਵਾਰ ਦਾ ਇੱਕ ਮੈਂਬਰ ਅਤੇ ਗੁਆਂਢੀ ਮੋਟਰਸਾਈਕਲ ਦੀ ਚਾਬੀ ਲੈਣ ਲਈ ਘਰ ਵਾਪਸ ਆਏ। ਜਦੋਂ ਉਹ ਅੰਦਰ ਗਏ ਤਾਂ ਦੇਖਿਆ ਕਿ ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਅਲਮਾਰੀ ਖੁੱਲ੍ਹੀ ਹੋਈ ਸੀ। ਪੀੜਤ ਪਰਿਵਾਰ ਅਨੁਸਾਰ ਚੋਰ ਘਰ ਵਿੱਚੋਂ 3.25 ਲੱਖ ਰੁਪਏ ਦੀ ਨਕਦੀ ਅਤੇ ਲਗਭਗ 6 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਿਆ ਹੈ।

ਇਹ ਸਾਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਫੁਟੇਜ ਵਿੱਚ ਇੱਕ ਲਾਲ ਰੰਗ ਦੀ ਸ਼ਰਟ ਪਹਿਨਿਆ ਵਿਅਕਤੀ ਪੈਦਲ ਘਰ ਵੱਲ ਆਉਂਦਾ ਦਿਖਾਈ ਦੇ ਰਿਹਾ ਹੈ, ਜਿਸ ਦਾ ਚਿਹਰਾ ਵੀ ਸਾਫ਼ ਨਜ਼ਰ ਆ ਰਿਹਾ ਹੈ। ਪੀੜਤਾਂ ਨੂੰ ਸ਼ੱਕ ਹੈ ਕਿ ਇਹ ਵਾਰਦਾਤ ਕਿਸੇ ਭੇਤੀ ਵਿਅਕਤੀ ਵੱਲੋਂ ਅੰਜਾਮ ਦਿੱਤੀ ਗਈ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਜਾਂਚ ਅਧਿਕਾਰੀ ਏ.ਐੱਸ.ਆਈ. ਪਰਮਜੀਤ ਸਿੰਘ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈ ਲਿਆ ਹੈ ਅਤੇ ਪਰਿਵਾਰ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

Rakesh

Content Editor

Related News