ਹੋਲੇ ਮੁਹੱਲੇ ਦਾ ਤਿੰਨ ਰੋਜ਼ਾ ਪਹਿਲਾ ਪੜਾਅ ਸ੍ਰੀ ਕੀਰਤਪੁਰ ਸਾਹਿਬ ਵਿਖੇ ਅੱਜ ਤੋਂ ਹੋਵੇਗਾ ਸ਼ੁਰੂ

Thursday, Mar 21, 2024 - 04:00 AM (IST)

ਹੋਲੇ ਮੁਹੱਲੇ ਦਾ ਤਿੰਨ ਰੋਜ਼ਾ ਪਹਿਲਾ ਪੜਾਅ ਸ੍ਰੀ ਕੀਰਤਪੁਰ ਸਾਹਿਬ ਵਿਖੇ ਅੱਜ ਤੋਂ ਹੋਵੇਗਾ ਸ਼ੁਰੂ

ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਸਾਲਾਨਾ ਛੇ ਰੋਜ਼ਾ ਕੌਮੀ ਤਿਉਹਾਰ ਹੋਲੇ ਮੁਹੱਲੇ ਦਾ ਪਹਿਲਾ ਤਿੰਨ ਰੋਜ਼ਾ ਪੜਾਅ ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਤੋਂ 21 ਮਾਰਚ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਸ਼ੁਰੂ ਹੋਵੇਗਾ, ਜਿਸ ਦੀ ਸਮਾਪਤੀ 23 ਮਾਰਚ ਨੂੰ ਅਰਦਾਸ ਉਪਰੰਤ ਹੋਵੇਗੀ।

ਮੇਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿਵਲ ਤੇ ਪੁਲਸ ਪ੍ਰਸ਼ਾਸਨ ਵਲੋਂ ਸੰਗਤ ਦੀ ਸਹੂਲਤ ਲਈ ਲੋੜੀਂਦੇ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਗਿਆ ਹੈ। ਮੇਲੇ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ ਰੋਡੇ, ਤਖਤ ਸ੍ਰੀ ਕੇਸਗੜ੍ਹ ਦੇ ਮੀਤ ਮੈਨੇਜਰ ਹਰਦੇਵ ਸਿੰਘ ਹੈਪੀ ਦੁਆਰਾ ਪਤਾਲਪੁਰੀ ਦੇ ਮੈਨੇਜਰ ਸੰਦੀਪ ਸਿੰਘ ਕਲੋਤਾ, ਗੁਰਦੁਆਰਾ ਬਾਬਾ ਗੁਰਦਿੱਤਾ ਦੇ ਮੈਨੇਜਰ ਭਾਈ ਅਮਰਜੀਤ ਸਿੰਘ ਬਾੜੀਆਂ ਨੇ ਸਾਂਝੇ ਤੌਰ ’ਤੇ ਦੱਸਿਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਸਕੱਤਰ ਪ੍ਰਤਾਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਭਾਈ ਅਮਰਜੀਤ ਸਿੰਘ ਚਾਵਲਾ ਤੇ ਡਾ. ਦਲਜੀਤ ਸਿੰਘ ਭਿੰਡਰ ਦੋਨੇਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਯੋਗ ਰਹਿਨੁਮਾਈ ਹੇਠ ਕੌਮੀ ਤਿਉਹਾਰ ਹੋਲਾ ਮੁਹੱਲਾ ’ਤੇ ਆਉਣ ਵਾਲੀ ਸੰਗਤ ਦੀ ਆਮਦ ਨੂੰ ਲੈ ਕੇ ਰਿਹਾਇਸ਼, ਲੰਗਰ, ਜੋੜਾ ਘਰ, ਗਠੜੀ ਘਰ, ਵਾਹਨਾਂ ਦੀ ਪਾਰਕਿੰਗ ਆਦਿ ਦੇ ਖਾਸ ਪ੍ਰਬੰਧ ਕੀਤੇ ਗਏ ਹਨ। ਇਕੱਲੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਸੰਗਤਾਂ ਦੀ ਰਿਹਾਇਸ਼ ਲਈ 5 ਹਜ਼ਾਰ ਸੰਗਤ ਦੀ ਸਮਰੱਥਾ ਵਾਲੇ ਦੋ ਵੱਡੇ ਵਾਟਰ ਪਰੂਫ਼ ਟੈਂਟ ਲਗਾਏ ਗਏ ਹਨ।

ਇਹ ਵੀ ਪੜ੍ਹੋ- ਸਿਆਸਤ 'ਚ ਆਉਣ ਬਾਰੇ ਦੇਖੋ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕੀ ਦਿੱਤਾ ਜਵਾਬ (ਵੀਡੀਓ)

ਸ੍ਰੀ ਕੀਰਤਪੁਰ ਸਾਹਿਬ ਦੇ ਇਤਿਹਾਸਕ ਗੁਰਦੁਆਰਿਆਂ ਗੁਰਦੁਆਰਾ ਪਤਾਲਪੁਰੀ ਸਾਹਿਬ, ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਗੁਰਦੁਆਰਾ ਸ਼ੀਸ ਮਹਿਲ ਸਾਹਿਬ, ਗੁਰਦੁਆਰਾ ਚਰਨ ਕੰਵਲ ਸਾਹਿਬ, ਗੁ. ਬਿਬਾਣਗੜ੍ਹ ਸਾਹਿਬ, ਗੁਰਦੁਆਰਾ ਮੰਜੀ ਸਾਹਿਬ, ਗੁਰਦੁਆਰਾ ਤੀਰ ਸਾਹਿਬ ਸਾਰੇ ਗੁਰਧਾਮਾਂ ਨੂੰ ਸਾਫ ਸਫਾਈ ਤੇ ਰੰਗ-ਰੋਗਨ ਕਰ ਕੇ ਸਜਾਇਆ ਤੇ ਸਵਾਰਿਆ ਗਿਆ ਹੈ।

ਦਿੱਖ ਨੂੰ ਹੋਰ ਸੁੰਦਰ ਬਣਾੳਣੁ ਲਈ ਰੰਗ-ਬਿਰੰਗੀਆਂ ਲੜੀਆਂ ਤੇ ਸੁੰਦਰ ਗੇਟ ਲਗਾਏ ਗਏ ਹਨ। ਮੇਲੇ ਦੌਰਾਨ 100 ਸੇਵਾਦਾਰ, 100 ਗ੍ਰੰਥੀ ਸਿੰਘ ਤੇ ਪਾਠੀ ਸਿੰਘ ਵਾਧੂ ਲਗਾਏ ਗਏ ਹਨ। ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਸਰਾਂ ਦੇ 65 ਕਮਰੇ ਰੰਗ-ਰੋਗਨ ਕਰ ਕੇ ਸੰਗਤਾਂ ਦੀ ਸਹੂਲਤ ਲਈ ਤਿਆਰ ਕੀਤੇ ਗਏ ਹਨ, ਜਿਸ ਨਾਲ ਸੰਗਤਾਂ ਨੂੰ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਇਨ੍ਹਾਂ ਵਲੋਂ ਦੇਸ਼ ਵਿਦੇਸ਼ ਦੀ ਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਹੁੰਮ-ਹੁਮਾ ਕਿ ਇਸ ਕੌਮੀ ਤਿਉਹਾਰ ਵਿਚ ਸ਼ਾਮਿਲ ਹੋ ਕਿ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ’ਤੇ ਮੇਲੇ ਦੀਆਂ ਰੌਣਕਾਂ ਵਧਾਉਣ।

ਸਿਵਲ ਤੇ ਪੁਲਸ ਪ੍ਰਸ਼ਾਸਨ ਵੀ ਪੱਬਾਂ ਭਾਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਮੇਲੇ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਬਿਹਤਰ ਸਹੂਲਤ ਦੇਣ ਦੇ ਨਿਰਦੇਸ਼ਾਂ ਮਗਰੋਂ ਜ਼ਿਲਾ ਰੂਪਨਗਰ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਦੀ ਅਗਵਾਈ ਹੇਠ ਪੱਬਾਂ ਭਾਰ ਹੋਇਆ ਪਿਆ ਹੈ। ਦੇਸ਼ ਵਿਦੇਸ਼ ਤੋਂ ਸ੍ਰੀ ਕੀਰਤਪੁਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਨਤਮਸਤਕ ਹੋਣ ਲਈ ਆਉਣ ਵਾਲੀ ਸੰਗਤ ਲਈ ਪੁਖਤਾ ਇੰਤਜ਼ਾਮ ਕਰਨ ਲਈ ਵਿਭਾਗਾਂ ਨੂੰ ਆਪਣੀ ਡਿਊਟੀ ਈਮਾਨਦਾਰੀ ਨਾਲ ਕਰਨ ਦੇ ਹੁਕਮ ਦਿੱਤੇ ਗਏ ਹਨ।

ਸੁਰੱਖਿਆ ਪ੍ਰਬੰਧ ਸਖ਼ਤ 
ਜ਼ਿਲ੍ਹਾ ਰੂਪਨਗਰ ਦੇ ਐੱਸ.ਐੱਸ.ਪੀ. ਗੁਰਨੀਤ ਸਿੰਘ ਖੁਰਾਣਾ ਦੇ ਵਿਸ਼ੇਸ਼ ਹੁਕਮਾਂ ਅਨੁਸਾਰ ਅਮਨ ਅਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਨੂੰ ਇੰਨ-ਬਿੰਨ ਲਾਗੂ ਕਰਨ ਸਬੰਧੀ ਡੀ.ਐੱਸ.ਪੀ. ਅਜੈ ਸਿੰਘ, ਪੁਲਸ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ.ਐੱਚ.ਓ. ਜਤਿਨ ਕਪੂਰ ਨੇ ਦੱਸਿਆ ਕਿ ਸੰਗਤ ਦੀ ਸੁਰੱਖਿਆ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਹਨ।

ਇਹ ਵੀ ਪੜ੍ਹੋ- 40 ਲੱਖ ਲਾ ਕੇ ਸਹੁਰਿਆਂ ਨੇ ਲਗਵਾਇਆ ਨੂੰਹ ਦਾ ਵੀਜ਼ਾ, ਪਿੱਛੋਂ ਨੂੰਹ ਨੇ ਕਰ'ਤੀ ਜੱਗੋਂ ਤੇਰ੍ਹਵੀਂ, ਜਾਣੋ ਕੀ ਹੈ ਪੂਰਾ ਮਾਮਲਾ

ਟ੍ਰੈਫ਼ਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਵਿਸ਼ੇਸ਼ ਤੌਰ ’ਤੇ ਗੁਰਦੁਆਰਾ ਸਾਹਿਬਾਨਾ ਨਜ਼ਦੀਕ ਵਾਹਨਾਂ ਦੀ ਪਾਰਕਿੰਗਾਂ ਦਾ ਯੋਗ ਪ੍ਰਬੰਧ ਕੀਤਾ ਗਿਆ ਹੈ। ਮੇਲੇ ਨੂੰ ਵੇਖਦੇ ਹੋਏ ਬਾਹਰੋਂ ਵਾਧੂ ਪੁਲਸ ਮੁਲਾਜ਼ਮ ਬੁਲਾ ਕੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਤਾਇਨਾਤ ਕੀਤੇ ਗਏ ਹਨ। ਵਾਹਨਾਂ ਨੂੰ ਸਚਾਰੂ ਰੂਪ ’ਚ ਚੱਲਦਾ ਰੱਖਣ ਲਈ ਰੂਟ ਪਲਾਨ ਬਣਾਇਆ ਗਿਆ ਹੈ।

ਸਿਹਤ ਸਹੂਲਤਾਂ ਦਾ ਪ੍ਰਬੰਧ ਮੁਕੰਮਲ-ਮੁੱਢਲਾ ਸਿਹਤ ਕੇਂਦਰ ਸ੍ਰੀ ਕੀਰਤਪੁਰ ਸਾਹਿਬ ਦੀ ਸੀਨੀਅਰ ਮੈਡੀਕਲ ਅਫਸਰ ਡਾ. ਦਲਜੀਤ ਕੌਰ ਤੇ ਮੈਡੀਕਲ ਅਫਸਰ ਜੰਗਜੀਤ ਸਿੰਘ ਨੇ ਦੱਸਿਆ ਕਿ ਜ਼ਿਲਾ ਸਿਹਤ ਵਿਭਾਗ ਵਲੋਂ ਸੰਗਤਾਂ ਦੀ ਸਹੂਲਤ ਲਈ ਆਰਜ਼ੀ ਡਿਸਪੈਂਸਰੀਆਂ ਅਤੇ ਪੀ.ਐੱਚ.ਸੀ. ਸ੍ਰੀ ਕੀਰਤਪੁਰ ਸਾਹਿਬ ਵਿਖੇ 24 ਘੰਟੇ ਐਮਰਜੈਂਸੀ ਲਈ 10 ਡਾਕਟਰ ਦੇ ਨਾਲ ਫਾਰਮਾਸਿਸਟ ਤਾਇਨਾਤ ਰਹਿਣਗੇ। ਸੰਗਤਾਂ ਦੀ ਸਹੂਲਤ ਲਈ ਮੈਡੀਸਨ ਤੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।

PunjabKesari

ਨਹਿਰ ਵਿਚ ਨਹਾਉਣ ’ਤੇ ਲਗਾਈ ਪਾਬੰਦੀ
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਵਾਰ ਮੇਲੇ ਵਿਚ ਆਉਣ ਵਾਲੇ ਸ਼ਰਧਾਲੂਆਂ ਦੇ ਨਹਿਰਾਂ ਤੇ ਦਰਿਆਵਾਂ ਵਿਚ ਨਹਾਉਣ ’ਤੇ ਸਖ਼ਤ ਪਾਬੰਦੀ ਲਗਾਈ ਗਈ ਹੈ। ਇਸ ਬਾਰੇ ਕੀਰਤਪੁਰ ਸਾਹਿਬ ਦੀਆਂ ਨਹਿਰੀ ਪਟੜੀਆਂ ’ਤੇ ਜਾਲ ਲੱਗਾ ਦਿੱਤਾ ਗਿਆ ਹੈ ਅਤੇ ਪਾਬੰਦੀ ਸਬੰਧੀ ਬੋਰਡ ਵੀ ਲਗਾਏ ਗਏ ਹਨ ਤਾਂ ਜੋ ਕਿਸੇ ਕਿਸਮ ਦੀ ਮੇਲੇ ਵਿਚ ਕੋਈ ਦੁਰਘਟਨਾ ਨਾ ਹੋ ਸਕੇ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਕਾਰਵਾਈ, 24 ਘੰਟਿਆਂ 'ਚ ਹੀ ਮਾਰ ਸੁੱਟਿਆ ਸ਼ਹੀਦ ਮੁਲਾਜ਼ਮ ਅੰਮ੍ਰਿਤਪਾਲ ਦਾ ਕਾਤਲ (ਵੀਡੀਓ)

ਬੀ.ਬੀ.ਐੱਮ.ਬੀ. ਦੇ ਐੱਸ.ਡੀ.ਓ. ਸਤਵਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਪਤਾਲਪੁਰੀ ਦੇ ਇਸ਼ਨਾਨ ਤੇ ਅਸਤਘਾਟ ਨੂੰ ਲੋੜੀਂਦਾ ਪਾਣੀ 100 ਕਿਊਸਕ ਦਰਿਆ ਵਿਚ ਛੱਡਿਆ ਗਿਆ ਹੈ ਜਿਸ ਨਾਲ ਕਿ ਸੰਗਤਾਂ ਨੂੰ ਇਸ਼ਨਾਨ ਕਰਨ ਵਿਚ ਕੋਈ ਦਿੱਕਤ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਜੇ ਕੋਈ ਹੋਰ ਪਾਣੀ ਛੱਡਣ ਦੀ ਮਹਿਕਮੇ ਪਾਸ ਮੰਗ ਕਰਦਾ ਹੈ ਤਾਂ 50 ਕਿਊਸਕ ਹੋਰ ਪਾਣੀ ਛੱਡਿਆ ਜਾ ਸਕਦਾ ਹੈ।

ਬਿਜਲੀ ਵਿਭਾਗ ਵਲੋਂ ਪੁਖਤਾ ਪ੍ਰਬੰਧ
ਐੱਸ.ਡੀ.ਓ. ਰਜੇਸ਼ ਸਰਮਾ ਤੇ ਜੇ.ਈ. ਸੁੱਚਾ ਸਿੰਘ ਨੇ ਦੱਸਿਆ ਕਿ ਪਾਵਰਕਾਮ ਵਿਭਾਗ ਵਲੋਂ ਕੀਰਤਪੁਰ ਸਾਹਿਬ ਵਿਖੇ ਬਿਜਲੀ ਸਪਲਾਈ ਨਿਰਵਿਘਨ ਚਾਲੂ ਰੱਖਣ ਲਈ 4 ਟਰਾਂਸਫ਼ਾਰਮਰ ਦਾ ਐਮਰਜੈਂਸੀ ਵਾਸਤੇ ਪ੍ਰਬੰਧ ਕੀਤਾ ਗਿਆ ਅਤੇ ਲੋੜੀਂਦੀਆਂ ਥਾਂਵਾਂ ’ਤੇ ਬਿਜਲੀ ਦੇ ਮੁਲਾਜ਼ਮ ਤਾਇਨਾਤ ਕੀਤੇ ਗਏ ਲਾਈਨਾਂ ਦੀ ਮੁਰੰਮਤ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ। ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆ ਸਕੇ ਇਸ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਬਿਜਲੀ ਦੀ ਸਪਲਾਈ 24 ਘੰਟੇ ਨਿਰਵਿਘਨ ਚੱਲਦੀ ਰੱਖੀ ਜਾਵੇਗੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News