ਫਗਵਾੜਾ ’ਚ ਸ਼ੱਕੀ ਡੇਂਗੂ ਬੁਖ਼ਾਰ ਦਾ ਕਹਿਰ, 40 ਤੋਂ ਵੱਧ ਲੋਕ ਪਾਜ਼ੇਟਿਵ

Wednesday, Aug 02, 2023 - 04:02 PM (IST)

ਫਗਵਾੜਾ ’ਚ ਸ਼ੱਕੀ ਡੇਂਗੂ ਬੁਖ਼ਾਰ ਦਾ ਕਹਿਰ, 40 ਤੋਂ ਵੱਧ ਲੋਕ ਪਾਜ਼ੇਟਿਵ

ਫਗਵਾੜਾ (ਜਲੋਟਾ)-ਫਗਵਾੜਾ ’ਚ ਸ਼ੱਕੀ ਡੇਂਗੂ ਬੁਖਾਰ ਦਾ ਕਹਿਰ ਪੂਰੇ ਜ਼ੋਰਾਂ ’ਤੇ ਨਜ਼ਰ ਆ ਰਿਹਾ ਹੈ। ਜਾਣਕਾਰੀ ਅਨੁਸਾਰ ਬੀਤੇ 15 ਦਿਨਾਂ ’ਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ, ਜਿਨ੍ਹਾਂ ’ਚ ਬਾਬਾ ਗੱਧੀਆ, ਖਾਲਸਾ ਇਨਕਲੇਵ, ਮਾਡਲ ਟਾਊਨ, ਪਲਾਹੀ ਗੇਟ, ਸ਼ਹੀਦ ਭਗਤ ਸਿੰਘ ਨਗਰ, ਗਰੀਨ ਪਾਰਕ, ਪਿੰਡ ਮਾਧੋਪੁਰ, ਪਿੰਡ ਮੇਹਟਾਂ, ਪਲਾਹੀ ਰੋਡ, ਨਵੀਂ ਆਬਾਦੀ ਖਲਵਾੜਾ ਗੇਟ, ਹਰਗੋਬਿੰਦ ਨਗਰ, ਰਾਮਪੁਰਾ, ਪ੍ਰੇਮ ਨਗਰ, ਬਸੰਤ ਨਗਰ, ਆਦਰਸ਼ ਨਗਰ, ਸਬਜ਼ੀ ਮੰਡੀ ਬੰਗਾ ਰੋਡ, ਪਿੰਡ ਭੁੱਲਾਰਾਈ, ਨਿਊ ਪਟੇਲ ਨਗਰ, ਪਿੰਡ ਰਾਮਪੁਰ ਸੁੰਨੜਾ, ਮੁਹੱਲਾ ਲਮਾਇਆਂ, ਰਤਨਪੁਰਾ, ਪਿੰਡ ਮੌਲੀ, ਮੁਹੱਲਾ ਗੋਬਿੰਦਪੁਰਾ, ਮੁਹੱਲਾ ਕਰਵਾਲਾ, ਮੋਤੀ ਬਾਜ਼ਾਰ, ਪ੍ਰੀਤ ਨਗਰ, ਖੋਥੜਾ ਰੋਡ, ਊਧਮ ਸਿੰਘ ਨਗਰ ਆਦਿ ਤੋਂ ਇਕ ਤੋਂ ਬਾਅਦ ਇਕ ਸ਼ੱਕੀ ਡੇਂਗੂ ਬੁਖਾਰ ਦੇ ਲੱਛਣਾਂ ਨਾਲ 3 ਦਰਜਨ ਤੋਂ ਵੱਧ ਲੋਕ ਪਾਜ਼ੇਟਿਵ ਪਾਏ ਗਏ ਹਨ। ਇਸ ਦੀ ਵਿਸਥਾਰਤ ਸੂਚੀ ਸਿਵਲ ਹਸਪਤਾਲ ਫਗਵਾੜਾ ਕੋਲ ਮੌਜੂਦ ਹੈ।

ਇਸ ਸਬੰਧੀ ਐੱਸ. ਐੱਮ. ਓ. ਡਾ. ਲਹਿਬਰ ਰਾਮ ਨੇ ਕਿਹਾ ਕਿ ਫਗਵਾੜਾ ’ਚ ਡੇਂਗੂ ਬੁਖਾਰ ਦੀ ਰੋਕਥਾਮ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਆਪਣੇ ਪੱਧਰ ’ਤੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ’ਚ ਡੇਂਗੂ ਬੁਖਾਰ ਫੈਲਾਉਣ ਵਾਲੇ ਜ਼ਹਿਰੀਲੇ ਮੱਛਰਾਂ ਦੀ ਗਿਣਤੀ ’ਚ ਭਾਰੀ ਵਾਧਾ ਹੋਇਆ ਹੈ ਪਰ ਅਧਿਕਾਰਤ ਤੌਰ ’ਤੇ ਸਮੂਹ ਸਿਹਤ ਟੀਮਾਂ ਦੀ ਮਦਦ ਨਾਲ ਲੋਕਾਂ ਨੂੰ ਡੇਂਗੂ ਬੁਖਾਰ ਦੇ ਲੱਛਣਾਂ ਬਾਰੇ ਅਤੇ ਡੇਂਗੂ ਬੁਖਾਰ ਫੈਲਾਉਣ ਵਾਲੇ ਮੱਛਰਾਂ ਨੂੰ ਖ਼ਤਮ ਕਰਨ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਰੈਲੀ ਵੀ ਕੱਡੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਨਸ਼ੇ ਦਾ ਕਹਿਰ, ਫਲਾਈਓਵਰ ’ਤੇ ਮਿਲੀਆਂ 2 ਨੌਜਵਾਨਾਂ ਦੀਆਂ ਲਾਸ਼ਾਂ, ਫੈਲੀ ਸਨਸਨੀ

ਸਿਵਲ ਹਸਪਤਾਲ ’ਚ ਡੇਂਗੂ ਬੁਖਾਰ ਦਾ ਕੋਈ ਮਰੀਜ਼ ਦਾਖ਼ਲ ਨਹੀਂ
ਐੱਸ. ਐੱਮ. ਓ. ਡਾ. ਲਹਿਬਰ ਰਾਮ ਨੇ ਦੱਸਿਆ ਕਿ ਸਰਕਾਰੀ ਪੱਧਰ ’ਤੇ ਡੇਂਗੂ ਬੁਖਾਰ ਦੇ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ’ਚ ਕਿਸੇ ਵੀ ਮਰੀਜ਼ ਨੂੰ ਦਾਖਲ ਨਹੀਂ ਕੀਤਾ ਗਿਆ। ਹੋ ਸਕਦਾ ਹੈ ਕਿ ਬਹੁਤ ਸਾਰੇ ਲੋਕ ਪੂਰੀ ਤਰ੍ਹਾਂ ਠੀਕ ਹੋ ਗਏ ਹੋਣ ਜਾਂ ਕੁੱਝ ਲੋਕ, ਜੋ ਪਾਜ਼ੇਟਿਵ ਪਾਏ ਗਏ ਸਨ, ਉਨ੍ਹਾਂ ਨੂੰ ਬੁਖ਼ਾਰ ਨਾ ਆਇਆ ਹੋਵੇ ਅਤੇ ਉਹ ਠੀਕ ਹੋਣ? ਉਨ੍ਹਾਂ ਕਿਹਾ ਕਿ ਸ਼ੱਕੀ ਡੇਂਗੂ ਬੁਖਾਰ ਦੇ ਲੱਛਣਾਂ ਵਾਲੇ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਸੂਚੀ ਅਧਿਕਾਰਤ ਤੌਰ ’ਤੇ ਉਨ੍ਹਾਂ ਕੋਲ ਮੌਜੂਦ ਹੈ ਅਤੇ ਜਿਨ੍ਹਾਂ ਇਲਾਕਿਆਂ ’ਚ ਡੇਂਗੂ ਬੁਖਾਰ ਦੇ ਸ਼ੱਕੀ ਕੇਸ ਪਾਏ ਗਏ ਹਨ, ਉਥੇ ਸਾਰੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਡੇਂਗੂ ਬੁਖਾਰ ਨਾ ਫੈਲੇ।

ਆਮ ਜਨਤਾ ਆਪਣੇ ਘਰਾਂ ਜਾਂ ਵੱਡੇ ਸ਼ਹਿਰਾਂ ਜਿਵੇਂ ਜਲੰਧਰ, ਲੁਧਿਆਣਾ ਆਦਿ ਦੇ ਹਸਪਤਾਲਾਂ ’ਚ ਇਲਾਜ ਕਰਵਾ ਰਹੀ
ਲੋਕਾਂ ਨੇ ਕਿਹਾ ਕਿ ਫਗਵਾੜਾ ਸਿਵਲ ਹਸਪਤਾਲ ’ਚ ਜਨਤਾ ਡੇਂਗੂ ਬੁਖਾਰ ਜਾਂ ਇਸ ਦੇ ਲੱਛਣ ਹੋਣ ’ਤੇ ਇਲਾਜ ਲਈ ਭਰਤੀ ਨਹੀਂ ਹੋ ਰਹੀ ਹੈ। ਹਰ ਕੋਈ ਜਾਣਦਾ ਹੈ ਕਿ ਇਸ ਦੇ ਕੀ ਕਾਰਨ ਹਨ? ਡੇਂਗੂ ਬੁਖਾਰ ਤੋਂ ਪੀੜਤ ਲੋਕ ਜਲੰਧਰ, ਲੁਧਿਆਣਾ ਦੇ ਵੱਡੇ ਹਸਪਤਾਲਾਂ ’ਚ ਜਾਂ ਆਪਣੇ ਘਰਾਂ ’ਚ ਨਿੱਜੀ ਪੱਧਰ ’ਤੇ ਇਲਾਜ ਕਰਵਾ ਰਹੇ ਹਨ। ਇਹੀ ਕਾਰਨ ਹੈ ਕਿ ਡੇਂਗੂ ਬੁਖਾਰ ਦੇ ਮਰੀਜ਼ ਸਿਵਲ ਹਸਪਤਾਲ ’ਚ ਇਲਾਜ ਲਈ ਨਹੀਂ ਆ ਰਹੇ ਹਨ।

ਕੁਝ ਸਾਲ ਪਹਿਲਾਂ ਵੱਡੇ ਪੱਧਰ ’ਤੇ ਫੈਲਿਆ ਸੀ ਫਗਵਾੜਾ ’ਚ ਡੇਂਗੂ ਬੁਖ਼ਾਰ
ਸਭ ਤੋਂ ਗੰਭੀਰ ਅਤੇ ਚਿੰਤਾਜਨਕ ਪਹਿਲੂ ਇਹ ਹੈ ਕਿ ਕੁਝ ਸਾਲ ਪਹਿਲਾਂ ਇਸੇ ਤਰਜ਼ ’ਤੇ ਹੀ ਫਗਵਾੜਾ ਵਾਸੀਆਂ ਨੂੰ ਡੇਂਗੂ ਬੁਖਾਰ ਦੇ ਕਹਿਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਸਮੇਂ ਵੱਡੀ ਗਿਣਤੀ ’ਚ ਲੋਕ ਡੇਂਗੂ ਬੁਖਾਰ ਤੋਂ ਪੀੜਤ ਹੋਏ ਸਨ ਅਤੇ ਕੁਝ ਲੋਕਾਂ ਦੀ ਮੌਤ ਵੀ ਡੇਂਗੂ ਬੁਖ਼ਾਰ ਨਾਲ ਹੋਈ ਸੀ।

ਇਹ ਵੀ ਪੜ੍ਹੋ- ਫਗਵਾੜਾ 'ਚ ਰੂਹ ਕੰਬਾਊ ਘਟਨਾ, ਪਿਤਾ ਨੇ ਪਰਿਵਾਰ ਦੇ 5 ਮੈਂਬਰਾਂ ਨੂੰ ਦਿੱਤਾ ਜ਼ਹਿਰ, ਪਈਆਂ ਭਾਜੜਾਂ

ਸਰਕਾਰੀ ਅਮਲੇ ਨੇ ਅਤੀਤ ’ਚ ਕੀਤੀਆਂ ਗਲਤੀਆਂ ਤੋਂ ਕੋਈ ਸਬਕ ਨਹੀਂ ਸਿੱਖਿਆ
ਹੈਰਾਨੀ ਦੀ ਗੱਲ ਇਹ ਹੈ ਕਿ ਫਗਵਾੜਾ ’ਚ ਪਿਛਲੇ ਸਮੇਂ ਤੋਂ ਪ੍ਰਸ਼ਾਸਨਿਕ ਅਤੇ ਸਰਕਾਰੀ ਅਫਸਰਾਂ ਨੇ ਡੇਂਗੂ ਬੁਖਾਰ ਸਬੰਧੀ ਕੋਈ ਸਬਕ ਨਹੀਂ ਸਿੱਖਿਆ ਹੈ? ਤ੍ਰਾਸਦੀ ਇਹ ਹੈ ਕਿ ਜ਼ਿਲ੍ਹਾ ਕਪੂਰਥਲਾ ਦੀ ਸਭ ਤੋਂ ਅਹਿਮ ਤਹਿਸੀਲ ਮੰਨੇ ਜਾਂਦੇ ਫਗਵਾੜਾ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਦਾ ਰਵੱਈਆ ਵੀ ਕਾਫ਼ੀ ਸੁਸਤ ਹੈ। ਜਦੋਂ ਸਿਵਲ ਹਸਪਤਾਲ ’ਚ ਪਿਛਲੇ 15 ਦਿਨਾਂ ’ਚ ਹੀ ਸ਼ਹਿਰੀ ਅਤੇ ਪੇਂਡੂ ਖੇਤਰਾਂ ਤੋਂ ਇਕ ਤੋਂ ਬਾਅਦ ਇਕ ਡੇਂਗੂ ਬੁਖਾਰ ਦੇ ਸ਼ੱਕੀ ਲੱਛਣਾਂ ਵਾਲੇ ਪਾਜ਼ੇਟਿਵ ਮਰੀਜ਼ਾਂ ਦੀ ਸੂਚੀ ਹੈ ਤਾਂ ਫਿਰ ਇੰਤਜ਼ਾਰ ਕਿਸ ਗੱਲ ਦਾ ਹੋ ਰਿਹਾ ਹੈ? ਇਹ ਸਵਾਲ ਲੋਕ ਕਰ ਰਹੇ ਹਨ।

ਬਹੁਤ ਸਾਰੇ ਖੇਤਰਾਂ ’ਚ ਪਾਣੀ ਇਕੱਠਾ ਹੋਇਆ ਅਤੇ ਰੁਟੀਨ ’ਚ ਫੌਗਿੰਗ ਵੀ ਨਹੀਂ ਹੋ ਰਹੀ
ਲੋਕਾਂ ਨੇ ਭਾਰੀ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ਼ਹਿਰ ਦੇ ਕਈ ਇਲਾਕਿਆਂ ’ਚ ਪਾਣੀ ਇਕੱਠਾ ਹੋਇਆ ਹੈ। ਲੋਕਾਂ ਨੇ ਕਿਹਾ ਕਿ ਜਦੋਂ ਪ੍ਰਸ਼ਾਸਨ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਫਗਵਾੜਾ ’ਚ ਡੇਂਗੂ ਬੁਖਾਰ ਦੇ ਸ਼ੱਕੀ ਪੀੜਤਾਂ ਦੀ ਗਿਣਤੀ ਪਿਛਲੇ 15 ਦਿਨਾਂ ਤੋਂ ਆ ਰਹੀ ਹੈ ਤਾਂ ਫਿਰ ਸ਼ਹਿਰ ਦੀਆਂ ਵੱਖ-ਵੱਖ ਗਲੀਆਂ, ਕਾਲੋਨੀਆਂ ਅਤੇ ਇਲਾਕਿਆਂ ’ਚ ਸਵੇਰੇ-ਸ਼ਾਮ ਫੌਗਿੰਗ ਜੰਗੀ ਪੱਧਰ ’ਤੇ ਕਿਉਂ ਨਹੀਂ ਕੀਤੀ ਜਾ ਰਹੀ। ਕੀ ਪ੍ਰਸ਼ਾਸਨ ਦੀ ਲੋਕਾਂ ਦੀ ਸਿਹਤ ਪ੍ਰਤੀ ਕੋਈ ਜਵਾਬਦੇਹੀ ਨਹੀਂ ਹੈ? ਫਿਰ ਉਹ ਸਭ ਕਿਉਂ ਨਹੀਂ ਕੀਤਾ ਜਾ ਰਿਹਾ, ਜੋ ਸਮੇਂ ਦੀ ਮੰਗ ਬਣਿਆ ਹੋਇਆ ਹੈ?

ਇਹ ਵੀ ਪੜ੍ਹੋ- ਸ੍ਰੀ ਮੁਕਤਸਰ ਸਾਹਿਬ ਤੋਂ ਵੱਡੀ ਖ਼ਬਰ: ਬਜ਼ੁਰਗ ਵਿਅਕਤੀ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ

ਫਗਵਾੜਾ ਦੇ ਸਾਰੇ ਵਾਰਡਾਂ ’ਚ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਬੁਖ਼ਾਰ ਨਾਲ ਤੱਪ ਰਹੇ ਲੋਕਾਂ ਦੇ ਟੈਸਟ ਕਿਉਂ ਨਹੀਂ ਕਰਵਾ ਰਿਹਾ
ਲੋਕਾਂ ਨੇ ਕਿਹਾ ਕਿ ਸਮੇਂ ਦੀ ਪੁਰਜ਼ੋਰ ਮੰਗ ਹੈ ਕਿ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਲੋਕ ਹਿੱਤ ’ਚ ਬੁਖਾਰ ਤੋਂ ਤੱਪ ਰਹੇ ਪੀੜਤ ਲੋਕਾਂ ਬਾਰੇ ਜਾਣਕਾਰੀ ਆਪਣੇ ਪੱਧਰ ’ਤੇ ਲਵੇ ਅਤੇ ਇਨ੍ਹਾਂ ਮਰੀਜ਼ਾਂ ਦੀ ਪਛਾਣ ਖੁਦ ਕਰੇ। ਇਹ ਯਕੀਨੀ ਬਣਾਇਆ ਜਾਵੇ ਕਿ ਇਨ੍ਹਾਂ ਨੂੰ ਡੇਂਗੂ ਬੁਖ਼ਾਰ ਨਾ ਹੋਵੇ। ਲੋਕਾਂ ਨੇ ਕਿਹਾ ਕਿ ਫਗਵਾੜਾ ’ਚ ਵੱਡੀ ਗਿਣਤੀ ’ਚ ਲੋਕ ਬੁਖਾਰ ਨਾਲ ਪੀੜਤ ਹਨ। ਹੁਣ ਪ੍ਰਸ਼ਾਸਨ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹ ਪਤਾ ਕਰੇ ਕਿ ਕਿਸ ਨੂੰ ਵਾਇਰਲ ਬੁਖ਼ਾਰ ਹੈ ਅਤੇ ਕਿਸ ਨੂੰ ਸ਼ੱਕੀ ਡੇਂਗੂ ਬੁਖਾਰ ਦੇ ਲੱਛਣ ਹਨ ਕਿਉਂਕਿ ਕਈ ਗਰੀਬ ਲੋਕ ਬੁਖ਼ਾਰ ਹੋਣ ’ਤੇ ਗਰੀਬੀ ਕਾਰਨ ਪੈਸੇ ਨਾ ਹੋਣ ਕਰ ਕੇ ਆਪਣੇ ਟੈਸਟ ਹੀ ਨਹੀਂ ਕਰਵਾਉਂਦੇ ਹਨ। ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੇ ਲੋਕਾਂ ਦੀ ਸਰਕਾਰੀ ਪੱਧਰ ’ਤੇ ਪੂਰੀ ਤਰ੍ਹਾਂ ਮਦਦ ਕਰੇ।

ਇਹ ਵੀ ਪੜ੍ਹੋ- ਹਾਈਟੈੱਕ ਹੋਈ ਟ੍ਰੈਫਿਕ ਪੁਲਸ, ਨਾਕੇ ’ਤੇ ਹੀ ਪਤਾ ਲੱਗੇਗੀ ਵਾਹਨਾਂ ਦੀ ਹਿਸਟਰੀ, ਕੱਟੇ ਜਾਣਗੇ ਸਪਾਟ ਚਲਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News