ਫਗਵਾੜਾ ਵਿਖੇ ਤਨਖ਼ਾਹ ਮੰਗਣ ’ਤੇ ਮਾਲਕ ਨੇ ਲੋਹੇ ਦੀ ਰਾਡ ਨਾਲ ਕੁੱਟਿਆ ਮਜ਼ਦੂਰ

Friday, May 06, 2022 - 02:36 PM (IST)

ਫਗਵਾੜਾ ਵਿਖੇ ਤਨਖ਼ਾਹ ਮੰਗਣ ’ਤੇ ਮਾਲਕ ਨੇ ਲੋਹੇ ਦੀ ਰਾਡ ਨਾਲ ਕੁੱਟਿਆ ਮਜ਼ਦੂਰ

ਫਗਵਾੜਾ (ਅਭਿਸ਼ੇਕ)- ਇਕ ਮਜ਼ਦੂਰ ਵੱਲੋਂ ਆਪਣੀ ਤਨਖ਼ਾਹ ਮੰਗਣ ’ਤੇ ਮਾਲਕ ਵੱਲੋਂ ਲੋਹੇ ਦੀ ਰਾਡ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਪੀੜਤ ਦੇਵ ਚੰਦ ਪੁੱਤਰ ਸੁਭਾਸ਼ ਵਾਸੀ ਬੱਬਰ ਅਕਾਲੀ ਮਾਰਕੀਟ ਫਗਵਾੜਾ ਨੇ ਦੱਸਿਆ ਕਿ ਉਹ ਇਕ ਟਰਾਂਸਪੋਰਟ ਕੰਪਨੀ ’ਚ ਕੰਮ ਕਰਦਾ ਹੈ। ਜਦੋਂ ਬੀਤੀ ਰਾਤ ਉਸ ਨੇ ਆਪਣੇ ਮਾਲਕ ਅਸ਼ੋਕ ਵਾਸੀ ਨਜ਼ਦੀਕ ਚਾਹਲ ਨਗਰ ਫਗਵਾੜਾ ਕੋਲੋਂ 2 ਮਹੀਨਿਆਂ ਦੀ ਬਕਾਇਆ ਪਈ ਤਨਖ਼ਾਹ ਮੰਗੀ ਤਾਂ ਉਸ ਨੇ ਉਸ ਨੂੰ ਲੋਹੇ ਦੀ ਰਾਡ ਨਾਲ ਬੇਰਹਿਮੀ ਨਾਲ ਕੁੱਟਿਆ ਅਤੇ ਫੇਰ ਕੰਪਨੀ ਦੇ ਗੇਟ ’ਚੋਂ ਬਾਹਰ ਕੱਢ ਕੇ ਸੜਕ ’ਤੇ ਸੁੱਟ ਦਿੱਤਾ, ਜਿਸ ਨਾਲ ਉਸ ਦੇ ਸੱਟਾਂ ਵੀ ਲੱਗੀਆਂ ਹਨ।

ਪੀੜਤ ਨੇ ਦੱਸਿਆ ਕਿ ਉਸ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਸ ਨੂੰ ਪੈਸਿਆਂ ਦੀ ਸਖ਼ਤ ਜ਼ਰੂਰਤ ਸੀ ਅਤੇ ਦੋ ਮਹੀਨਿਆਂ ਤੋਂ ਉਸ ਦਾ ਮਾਲਕ ਤਨਖ਼ਾਹ ਨਹੀਂ ਦੇ ਰਿਹਾ ਸੀ ਅਤੇ ਜਦੋਂ ਵੀ ਉਹ ਤਨਖ਼ਾਹ ਮੰਗਣ ਜਾਂਦਾ ਹੈ ਤਾਂ ਉਹ ਉਸ ਨੂੰ ਟਾਲ ਮਟੋਲ ਕਰ ਦਿੰਦਾ ਹੈ। ਜਦੋਂ ਉਸ ਨੇ ਬੇਨਤੀ ਕੀਤੀ ਕਿ ਘਰ ਪੈਸਿਆਂ ਦੀ ਲੋੜ ਹੈ ਤਾਂ ਤਨਖ਼ਾਹ ਦੇ ਦਿਓ ਤਾਂ ਉਸ ਦੇ ਮਾਲਕ ਨੇ ਗੁੱਸੇ ਵਿਚ ਆ ਕੇ ਉਸ ਨਾਲ ਕੁੱਟ-ਮਾਰ ਕੀਤੀ।

ਇਹ ਵੀ ਪੜ੍ਹੋ: ਵੱਡਾ ਖ਼ੁਲਾਸਾ: ਪੰਜਾਬ ’ਚ ਅੱਤਵਾਦ ਫ਼ੈਲਾਉਣ ਲਈ ਇਸਤੇਮਾਲ ਕੀਤੇ ਜਾ ਰਹੇ ਹਨ ਗ਼ਰੀਬ ਗ਼ੈਰ-ਸਿੱਖ ਨੌਜਵਾਨ

18 ਘੰਟੇ ਕੰਮ ਕਰਵਾਉਣਾ ਲੇਬਰ ਕਾਨੂੰਨ ਦੀ ਉਲੰਘਣਾ
ਉਕਤ ਵਿਸ਼ੇ ’ਤੇ ਗੱਲਬਾਤ ਕਰਦਿਆਂ ਪੀੜਤ ਦੇਵ ਚੰਦ ਨੇ ਦੱਸਿਆ ਕਿ ਉਸ ਦੇ ਮਾਲਕ ਵੱਲੋਂ ਉਸ ਕੋਲੋਂ 18 ਘੰਟੇ ਲਗਾਤਾਰ ਕੰਮ ਕਰਵਾਇਆ ਜਾਂਦਾ ਹੈ ਅਤੇ ਬੱਸ ਰੋਟੀ ਖਾਣ ਲਈ ਹੀ ਵਿਚਦੀ ਥੋੜ੍ਹਾ ਜਿਹਾ ਟਾਈਮ ਦਿੱਤਾ ਜਾਂਦਾ ਹੈ। ਉਸ ਨੇ ਕਿਹਾ ਕਿ ਪਰ ਦਿਨ-ਰਾਤ ਲਗਾਤਾਰ ਕੰਮ ਕਰ ਕੇ ਵੀ ਜਦੋਂ ਤਨਖਾਹ ਮੰਗੀ ਜਾਂਦੀ ਹੈ ਤਾਂ ਮਾਲਕ ਕਈ ਕਈ ਮਹੀਨੇ ਤਨਖ਼ਾਹ ਨਹੀਂ ਦਿੰਦਾ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਨਾਲ ਜਿੱਥੇ ਸ਼ਰ੍ਹੇਆਮ ਲੇਬਰ ਲਾਅ ਦੀਆਂ ਧੱਜੀਆਂ ਉੱਡਾਈਆਂ ਜਾ ਰਹੀਆਂ ਹਨ, ਉੱਥੇ ਹੀ ਇਨਸਾਨੀਅਤ ਦੇ ਨਾਤੇ ਮਜ਼ਦੂਰਾਂ ਦੇ ਮਨੁੱਖੀ ਅਧਿਕਾਰਾਂ ਦਾ ਵੀ ਘਾਣ ਹੋ ਰਿਹਾ ਹੈ। 18 ਘੰਟੇ ਕੰਮ ਕਰਵਾਉਣਾ ਲੇਬਰ ਕਾਨੂੰਨ ਦੀ ਉਲੰਘਣਾ ਹੈ। ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਅਤੇ ਅਜਿਹੇ ਜ਼ਾਲਮ ਕੰਪਨੀ ਮਾਲਕਾਂ ਦਾ ਲਾਇਸੰਸ ਜਲਦ ਤੋਂ ਜਲਦ ਰੱਦ ਕਰਦੇ ਹੋਏ ਇਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਸਮਾਚਾਰ ਲਿਖੇ ਜਾਣ ਤੱਕ ਆਰੋਪੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਅਹਿਮ ਐਲਾਨ, ਹੁਣ ਮੂੰਗੀ ਤੇ ਬਾਸਮਤੀ ਦੀ ਫ਼ਸਲ ’ਤੇ ਮਿਲੇਗੀ ਐੱਮ. ਐੱਸ. ਪੀ.

ਪੀੜਤ ਦੇ ਪਿਤਾ ਨੇ ਇਨਸਾਫ਼ ਦੀ ਕੀਤੀ ਮੰਗ
ਉਕਤ ਬੱਚੇ ਦੇ ਪਿਤਾ ਸੁਭਾਸ਼ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੇ ਪੁੱਤ ਨਾਲ ਬਹੁਤ ਨਾਜਾਇਜ਼ ਹੋਈ ਹੈ ਅਤੇ ਆਪਣੀ ਤਨਖ਼ਾਹ ਮੰਗਣਾ ਕੋਈ ਗੁਨਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਨਾਲ ਗਰੀਬਾਂ ਨਾਲ ਧੱਕਾ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ।

ਕੀ ਕਹਿਣੈ ਐੱਸ. ਐੱਚ. ਓ. ਦਾ
ਇਸ ਸਬੰਧੀ ਗੱਲਬਾਤ ਕਰਦਿਆਂ ਐੱਸ. ਐੱਚ. ਓ. ਸਿਟੀ ਅਮਨਦੀਪ ਨਾਹਰ ਨੇ ਕਿਹਾ ਕਿ ਪੁਲਸ ਅਧਿਕਾਰੀਆਂ ਵੱਲੋਂ ਪੀਡ਼ਤ ਦੇ ਬਿਆਨ ਦਰਜ ਕਰ ਦਿੱਤੇ ਗਏ ਹਨ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:  ਬਿਜਲੀ ਦੇ ਸੰਕਟ ਦਰਮਿਆਨ ਰੂਪਨਗਰ ਥਰਮਲ ਪਲਾਂਟ ਦਾ ਇਕ ਹੋਰ ਯੂਨਿਟ ਹੋਇਆ ਬੰਦ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

shivani attri

Content Editor

Related News